22 C
Jalandhar
Thursday, November 21, 2024
spot_img

ਗਦਰ ਲਹਿਰ ਨੂੰ ਲੋਕਾਂ ਨਾਲ ਇਕਮਿਕ ਕਰਨ ਲਈ ਹੰਭਲਾ ਮਾਰਨ ਦਾ ਸੱਦਾ

ਜਲੰਧਰ : ਸਾਡੇ ਮੁਲਕ ਦੇ ਆਜ਼ਾਦੀ ਸੰਗਰਾਮ ’ਚ ਜੂਨ ਮਹੀਨੇ ਦੀਆਂ ਮਹੱਤਵਪੂਰਨ ਘਟਨਾਵਾਂ, ਸ਼ਹਾਦਤਾਂ ਅਤੇ ਘਾਲਣਾਵਾਂ ਨੂੰ ਖੰਘਾਲਦੇ ਅਤੇ ਖੜ੍ਹੇ ਹੋ ਕੇ ਇਹਨਾਂ ਦੀ ਅਦੁੱਤੀ ਦੇਣ ਨੂੰ ਸਿਜਦਾ ਕਰਦੇ ਹੋਏ ਸ਼ਨੀਵਾਰ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਹੋਈ ਵਿਚਾਰ-ਚਰਚਾ ’ਚ ਇਤਿਹਾਸਕ ਪ੍ਰਸੰਗਕਤਾ ਅਤੇ ਇਸ ਦੀ ਸਾਡੇ ਸਮਿਆਂ ਅੰਦਰ ਮਹੱਤਤਾ ਨੂੰ ਉਭਾਰਦੇ ਹੋਏ ਗ਼ਦਰ ਲਹਿਰ ਨੂੰ ਲੋਕਾਂ ਨਾਲ ਇੱਕਮਿੱਕ ਕਰਨ ਲਈ ਯਤਨ ਜੁਟਾਉਣ ਦਾ ਅਹਿਦ ਲਿਆ ਗਿਆ।
ਜੂਨ ਮਹੀਨੇ ਦੀਆਂ ਆਜ਼ਾਦੀ ਸੰਗਰਾਮ ਨਾਲ ਜੁੜੀਆਂ ਘਟਨਾਵਾਂ ਅਤੇ ਉਹਨਾਂ ਦੀ ਮਹੱਤਤਾ ਵਿਸ਼ੇ ਉਪਰ ਹੋਈ ਵਿਚਾਰ-ਚਰਚਾ ਦੇ ਸ਼ੁਰੂ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਸਾਡੇ ਗੋਚਰੇ ਅਸਲ ਇਹ ਜ਼ਿੰਮੇਵਾਰੀ ਹੈ ਕਿ ਅਸੀਂ ਇਤਿਹਾਸ ਦੀਆਂ ਅਮੁੱਲੀਆਂ ਪੈੜਾਂ ਨੂੰ ਸੰਭਾਲਦੇ, ਇਹਨਾਂ ਤੋਂ ਸਬਕ ਲੈਂਦੇ ਹੋਏ ਨਵੀਂ ਨੌਜਵਾਨ ਪੀੜ੍ਹੀ ਨੂੰ ਇਸ ਤੋਂ ਰੌਸ਼ਨੀ ਲੈਣ ਲਈ ਪ੍ਰੇਰਤ ਕਰੀਏ।
ਜਨਰਲ ਸਕੱਤਰ ਨੇ ਕਿਹਾ ਕਿ ਇਹ ਵਿਚਾਰ-ਚਰਚਾ ਇੱਕ ਤਰ੍ਹਾਂ ਗ਼ਦਰੀ ਬਾਬਿਆਂ ਦੇ ਮੇਲੇ ਅਤੇ ਸਿਖਿਆਰਥੀ ਚੇਤਨਾ ਕੈਂਪ ਦੀ ਸਫ਼ਲਤਾ ਲਈ ਵੀ ਭੋਇੰ ਤਿਆਰ ਕਰਨ ਦਾ ਕੰਮ ਕਰੇਗੀ, ਕਿਉਂਕਿ ਅਸੀਂ ਹੁਣ ਤੋਂ ਹੀ ਮੇਲੇ ਨੂੰ ਬੁਲੰਦੀਆਂ ’ਤੇ ਪਹੁੰਚਾਉਣ ਲਈ ਵਿਚਾਰਾਂ ਕਰ ਰਹੇ ਹਾਂ।
ਦਦੇਹਰ ਸਾਹਿਬ ਨਗਰ ਦੇ ਆਜ਼ਾਦੀ ਸੰਗਰਾਮ, ਗ਼ਦਰੀ ਮੇਲੇ ਮੌਕੇ ਵਿਸ਼ੇਸ਼ ਯੋਗਦਾਨ, ਪੰਡਤ ਕਿਸ਼ੋਰੀ ਲਾਲ, ਰਾਮ ਪ੍ਰਸਾਦ ਬਿਸਮਿਲ, ਡਾ. ਗਯਾ ਪ੍ਰਸਾਦ ਅਤੇ ਰਾਜਿੰਦਰ ਨਾਥ ਲਹਿਰੀ, ਕਾਕੋਰੀ ਕੇਸ ਵਾਲਿਆਂ ਦੇ ਜਨਮ ਦਿਨ ਅਤੇ ਲਾਹੌਰ ਸਾਜ਼ਿਸ਼ ਕੇਸ ਵਿੱਚ ਸ਼ਹੀਦੀ ਜਾਮ ਪੀਣ ਵਾਲਿਆਂ ਦਾ ਜਨਰਲ ਸਕੱਤਰ ਨੇ ਉਚੇਚਾ ਜ਼ਿਕਰ ਕੀਤਾ।
ਵਿਚਾਰ-ਚਰਚਾ ਦੇ ਮੁੱਖ ਵਕਤਾ ਚਰੰਜੀ ਲਾਲ ਕੰਗਣੀਵਾਲ ਨੇ ਜੂਨ ਮਹੀਨੇ ਦੀ ਆਜ਼ਾਦੀ ਜੱਦੋ-ਜਹਿਦ ਵਿੱਚ ਇਤਿਹਾਸਕ ਮਹੱਤਤਾ ਦਾ ਸਿਲਸਿਲੇਵਾਰ ਜਾਣਕਾਰੀ ਭਰਪੂਰ ਵਰਨਣ ਕੀਤਾ। ਉਹਨਾ ਕਿਹਾ ਕਿ ਗੱਲ ਉਹਨਾਂ ਦੇ ਇਤਿਹਾਸ ਨੂੰ ਸੰਭਾਲਣ ਅਤੇ ਅੱਗੇ ਤੋਰਨ ਦੀ ਹੈ। ਉਹਨਾ ਸਮੂਹ ਦੇਸ਼ ਭਗਤ ਸੰਸਥਾਵਾਂ, ਖੋਜਾਰਥੀਆਂ ਅਤੇ ਦੇਸ਼ ਪ੍ਰੇਮੀਆਂ ਨੂੰ ਸੱਦਾ ਦਿੱਤਾ ਕਿ ਉਹ ਗ਼ਦਰ ਲਹਿਰ ਅਤੇ ਆਜ਼ਾਦੀ ਜੱਦੋ-ਜਹਿਦ ਵਿੱਚ ਇਨਕਲਾਬੀ ਤਵਾਰੀਖ਼ ਦੀ ਰਾਖੀ ਅਤੇ ਸੰਚਾਰ ਲਈ ਅੱਗੇ ਆਉਣ। ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਸਾਡੀ ਇਤਿਹਾਸਕ ਅਮੀਰ ਵਿਰਾਸਤ ਨੂੰ ਅੱਜ ਅਤੇ ਆਉਣ ਵਾਲੇ ਕੱਲ੍ਹ ਨਾਲ ਜੋੜ ਕੇ ਦੇਖਣਾ ਹੀ ਸਾਰਥਕ ਅਤੇ ਸਮੇਂ ਦੇ ਹਾਣੀ ਹੋਣਾ ਹੋਏਗਾ। ਵਿਚਾਰ-ਚਰਚਾ ’ਚ ਭਾਗ ਲੈਂਦੇ ਹੋਏ ਕਮੇਟੀ ਮੈਂਬਰ ਗੁਰਮੀਤ, ਸੁਰਿੰਦਰ ਕੁਮਾਰੀ ਕੋਛੜ, ਵਿਜੈ ਬੰਬੇਲੀ, ਪ੍ਰੋ. ਗੋਪਾਲ ਬੁੱਟਰ, ਬਲਬੀਰ ਕੌਰ ਬੰਡਾਲਾ, ਹਰਮੇਸ਼ ਮਾਲੜੀ, ਡਾ. ਸੈਲੇਸ਼, ਰਮਿੰਦਰ ਪਟਿਆਲਾ, ਮਨਜੀਤ ਬਾਸਰਕੇ, ਡਾ. ਹਰਜਿੰਦਰ ਸਿੰਘ ਅਟਵਾਲ, ਡਾ. ਹਰਜੀਤ ਸਿੰਘ, ਭਗਵੰਤ ਰਸੂਲਪੁਰ, ਪਰਮਜੀਤ ਤੇ ਰਮੇਸ਼ ਚੋਹਕਾ ਸਮੇਤ ਕਿੰਨੇ ਹੀ ਹਾਜ਼ਰੀਨ ਨੇ ਅਮੁੱਲੇ ਸੁਝਾਅ ਦਿੱਤੇ। ਇਹ ਵੀ ਆਵਾਜ਼ ਉੱਠੀ ਕਿ ਹਾਲ ਦੀਆਂ ਸਰਗਰਮੀਆਂ ਨੂੰ ਵਿਸ਼ੇਸ਼ ਕਰਕੇ ਦੇਸ਼ ਭਗਤਾਂ ਦੇ ਪਿੰਡਾਂ, ਸੰਘਰਸ਼ਸ਼ੀਲ ਖੇਤਰਾਂ ਵੱਲ ਵਧਾਉਣ ਲਈ ਯਤਨ ਕੀਤਾ ਜਾਏ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਵਿੱਤ ਸਕੱਤਰ ਸੀਤਲ ਸਿੰਘ ਸੰਘਾ ਨੇ ਸਮਾਗਮ ’ਚ ਮਤੇ ਪੇਸ਼ ਕੀਤੇ, ਜਿਨ੍ਹਾਂ ਨੂੰ ਦੋਵੇਂ ਹੱਥ ਖੜ੍ਹੇ ਕਰਕੇ ਪਾਸ ਕੀਤਾ ਗਿਆ। ਮਤਿਆਂ ’ਚ ਮੰਗ ਕੀਤੀ ਗਈ ਕਿ ਵਿਸ਼ਵ ਪ੍ਰਸਿੱਧ ਲੇਖਕਾ ਅਰੰੁਧਤੀ ਰਾਏ ਅਤੇ ਪ੍ਰੋ. ਸੇਖ਼ ਸ਼ੌਕਤ ਹੁਸੈਨ ਉਪਰ ਯੂ ਏ ਪੀ ਏ ਕਾਨੂੰਨ ਤਹਿਤ ਕੇਸ ਮੜ੍ਹਨ ਦੀ ਦਿੱਲੀ ਗਵਰਨਰ ਵੱਲੋਂ ਮਨਜ਼ੂਰੀ ਦੇਣ ਦਾ ਫੈਸਲਾ ਤੁਰੰਤ ਵਾਪਸ ਲਿਆ ਜਾਏ, ਯੂ ਏ ਪੀ ਏ ਕਾਨੂੰਨ ਮੂਲੋਂ ਰੱਦ ਕੀਤੇ ਜਾਣ। ਪਹਿਲੀ ਜੁਲਾਈ ਤੋਂ ਲਾਗੂ ਕੀਤੇ ਜਾਣ ਵਾਲੇ ਫੌਜਦਾਰੀ ਕਾਨੂੰਨਾਂ ਰਾਹੀਂ ਪੁਲਸ ਰਾਜ ਵੱਲ ਵਧਦੇ ਜਾਬਰਾਨਾ ਕਦਮ ਵਾਪਸ ਲਏ ਜਾਣ। ਮਨਿੰਦਰਜੀਤ ਸਿੰਘ ਸਿੱਧੂ ਲੋਕ ਆਵਾਜ਼ ਦੇ ਜਾਣੇ ਪਹਿਚਾਣੇ ਪੱਤਰਕਾਰ ਦੀ ਜ਼ੁਬਾਨਬੰਦੀ ਦੀਆਂ ਧਮਕੀਆਂ ਦੀ ਇੱਕ ਮਤੇ ਰਾਹੀਂ ਆਲੋਚਨਾ ਕੀਤੀ ਗਈ। ਵਿਚਾਰ-ਚਰਚਾ ਉਪਰ ਸਮੇਟਵੀਂ ਟਿੱਪਣੀ ਕਰਦਿਆਂ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਕਿਹਾ ਕਿ ਇਤਿਹਾਸ ਦੀ ਅਮੀਰ ਧਰੋਹਰ ਨੂੰ ਸਿਰਫ਼ ਸਿਜਦਾ ਕਰਨਾ ਹੀ ਕਾਫ਼ੀ ਨਹੀਂ, ਅਸਲ ਲੋੜ ਤਾਂ ਉਸ ਤੋਂ ਰੌਸ਼ਨੀ ਲੈ ਕੇ ਅਜੋਕੇ ਸਮਿਆਂ ਅੰਦਰ ਬਣਦੇ ਫ਼ਰਜ਼ਾਂ ਦੀ ਪੂਰਤੀ ਕਰਨਾ ਲਾਜ਼ਮੀ ਹੈ। ਉਹਨਾ ਕਿਹਾ ਕਿ ਕਮੇਟੀ ਆਪਣੀ ਬਣਦੀ ਭੂਮਿਕਾ ਮੁਤਾਬਕ ਚੇਤਨਾ, ਚਿੰਤਨ ਅਤੇ ਇਸ ਦੇ ਪਸਾਰ ਸੰਚਾਰ ਲਈ ਵਚਨਬੱਧ ਹੈ ਅਤੇ ਇਹ ਕਾਰਜ ਪੂਰੀ ਤਨਦੇਹੀ ਨਾਲ ਹੋਰ ਅੱਗੇ ਤੋਰਨ ਲਈ ਵਚਨਬੱਧ ਹੈ। ਇਸ ਮੌਕੇ ਵੱਡੀ ਗਿਣਤੀ ’ਚ ਸਾਹਿਤਕਾਰਾਂ, ਤਰਕਸ਼ੀਲਾਂ, ਜਮਹੂਰੀ ਕਾਰਕੁਨਾਂ, ਮੁਲਾਜ਼ਮਾਂ ਨੇ ਸ਼ਿਰਕਤ ਕੀਤੀ। ਵਿਚਾਰ-ਚਰਚਾ ਵਿੱਚ 1 ਜੁਲਾਈ ਨੂੰ ਫੌਜਦਾਰੀ ਕਾਨੂੰਨਾਂ ਦੀਆਂ ਕਾਪੀਆਂ ਸਾੜਨ ਅਤੇ 21 ਜੁਲਾਈ ਨੂੰ ਕਨਵੈਨਸ਼ਨ ਅਤੇ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ ਗਿਆ।

Related Articles

LEAVE A REPLY

Please enter your comment!
Please enter your name here

Latest Articles