ਲੇਹ : ਲੱਦਾਖ ਵਿਚ ਸ਼ਨੀਵਾਰ ਨਯੋਮਾ-ਚੁਸ਼ੁਲ ਇਲਾਕੇ ਵਿਚ ਅਸਲ ਕੰਟਰੋਲ ਰੇਖਾ ਦੇ ਨਾਲ ਸ਼ਯੋਕ ਨਦੀ ਵਿਚ ਆਏ ਹੜ੍ਹ ਵਿਚ ਟੀ-72 ਟੈਂਕ ਡੁੱਬਣ ਕਾਰਨ ਜੂਨੀਅਰ ਕਮਿਸ਼ਨਡ ਅਫਸਰ ਸਣੇ ਥਲ ਸੈਨਾ ਦੇ ਪੰਜ ਜਵਾਨ ਡੁੱਬ ਗਏ। ਹਾਦਸਾ ਇੱਥੋਂ 148 ਕਿਲੋਮੀਟਰ ਦੂਰ ਮੰਦਰ ਮੋੜ ਨੇੜੇ ਵੱਡੇ ਤੜਕੇ ਡੇਢ ਵਜੇ ਦੇ ਕਰੀਬ ਫੌਜੀ ਮਸ਼ਕ ਦੌਰਾਨ ਵਾਪਰਿਆ। ਲੇਹ ਅਧਾਰਤ ਫੌਜ ਦੇ ਪੀ ਆਰ ਓ ਨੇ ਕਿਹਾ ਕਿ ਰਾਹਤ ਟੀਮਾਂ ਮੌਕੇ ’ਤੇ ਭੇਜੀਆਂ ਗਈਆਂ, ਪਰ ਨਦੀ ਵਿਚ ਪਾਣੀ ਦਾ ਪੱਧਰ ਜ਼ਿਆਦਾ ਤੇ ਵਹਾਅ ਤੇਜ਼ ਹੋਣ ਕਰਕੇ ਰਾਹਤ ਟੀਮਾਂ ਆਪਣੇ ਮਿਸ਼ਨ ਵਿਚ ਸਫਲ ਨਹੀਂ ਹੋਈਆਂ ਅਤੇ ਟੈਂਕ ਸਵਾਰ ਫੌਜੀਆਂ ਦੀ ਜਾਨ ਜਾਂਦੀ ਰਹੀ। ਟੈਂਕ ਫਾਇਰ ਐਂਡ ਫਿਊਰੀ 14 ਕੋਰ ਮੁਤਾਬਕ ਮਰਨ ਵਾਲਿਆਂ ਦੀ ਪਛਾਣ ਰਿਸਾਲਦਾਰ ਐੱਮ ਆਰ ਕੇ ਰੈੱਡੀ, ਦਫੇਦਾਰ ਭੁਪਿੰਦਰ ਨੇਗੀ, ਲਾਂਸ ਦਫੇਦਾਰ ਅਕਦੁਮ ਤੈਯਬਮ, ਹੌਲਦਾਰ ਏ ਖਾਨ ਤੇ ਨਾਗਰਾਜ ਪੀ ਵਜੋਂ ਹੋਈ ਹੈ। ਆਮ ਤੌਰ ’ਤੇ ਟੀ-72 ਟੈਂਕ ਵਿਚ ਕਮਾਂਡਰ, ਇਕ ਗਨਰ ਤੇ ਇਕ ਡਰਾਈਵਰ ਹੁੰਦਾ ਹੈ, ਪਰ ਹਾਦਸੇ ਵੇਲੇ ਪੰਜ ਜਵਾਨ ਸਨ। ਟੀ-72 ਟੈਂਕ ਪੰਜ ਮੀਟਰ ਡੂੰਘੀ ਨਦੀ ਨੂੰ ਪਾਰ ਕਰਨ ਦੀ ਸਮਰੱਥਾ ਰੱਖਦਾ ਹੈ।