ਕਾਸਰਗੋੜ : ਕੇਰਲਾ ਦੇ ਕਾਸਰਗੋੜ ਜ਼ਿਲ੍ਹੇ ਵਿਚ ਵੱਡੇ ਤੜਕੇ ਹਸਪਤਾਲ ਜਾਣ ਲਈ ਗੂਗਲ ਮੈਪ ਦੀ ਵਰਤੋਂ ਕਰਦਿਆਂ ਦੋ ਨੌਜਵਾਨਾਂ ਦੀ ਕਾਰ ਚੜ੍ਹੇ ਦਰਿਆ ਵੱਲ ਜਾ ਮੁੜੀ, ਹਾਲਾਂਕਿ ਦਰੱਖਤ ਵਿਚ ਫਸਣ ਕਾਰਨ ਉਨ੍ਹਾਂ ਦੀ ਜਾਨ ਬਚ ਗਈ। ਨੌਜਵਾਨਾਂ ਨੇ ਦੱਸਿਆ ਕਿ ਉਹ ਕਰਨਾਟਕ ਦੇ ਨੇੜਲੇ ਹਸਪਤਾਲ ਜਾ ਰਹੇ ਸਨ। ਅਬਦੁਲ ਰਸ਼ੀਦ ਨੇ ਦੱਸਿਆ ਕਿ ਗੂਗਲ ਮੈਪ ਦੇ ਭੀੜਾ ਰਾਹ ਦਿਖਾਇਆ ਤੇ ਉਨ੍ਹਾਂ ਉਧਰ ਕਾਰ ਪਾ ਲਈ। ਬੱਤੀ ਨਾਲ ਉਨ੍ਹਾਂ ਨੂੰ ਸਾਹਮਣੇ ਪਾਣੀ ਨਜ਼ਰ ਆਇਆ, ਪਰ ਇਹ ਨਹੀਂ ਪਤਾ ਲੱਗਿਆ ਕਿ ਉਹ ਪੁਲ ਤੋਂ ਲੰਘ ਰਹੇ ਹਨ ਤੇ ਦੋਹੀਂ ਪਾਸੀਂ ਦਰਿਆ ਹੈ। ਪੁਲ ’ਤੇ ਸਾਈਡ ਵਾਲ ਵੀ ਨਹੀਂ ਸੀ। ਕਾਰ ਦਰਿਆ ਵੱਲ ਰਿੜ੍ਹ ਗਈ, ਪਰ ਦਰੱਖਤ ਵਿਚ ਫਸ ਗਈ। ਉਹ ਕਿਸੇ ਤਰ੍ਹਾਂ ਕਾਰ ਵਿੱਚੋਂ ਬਾਹਰ ਆਏ ਤੇ ਫਾਇਰ ਬਿ੍ਰਗੇਡ ਨਾਲ ਸੰਪਰਕ ਕੀਤਾ। ਫਾਇਰ ਬਿ੍ਰਗੇਡ ਵਾਲਿਆਂ ਨੇ ਉਨ੍ਹਾਂ ਨੂੰ ਸਲਾਮਤ ਬਾਹਰ ਕੱਢਿਆ। ਪਿਛਲੇ ਮਹੀਨੇ ਹੈਦਰਾਬਾਦ ਦੇ ਚਾਰ ਸੈਲਾਨੀ ਗੂਗਲ ਮੈਪ ਦੀ ਵਰਤੋਂ ਕਰਦਿਆਂ ਕੋਟਾਯਮ ਜ਼ਿਲ੍ਹੇ ਵਿਚ ਨਾਲੇ ’ਚ ਜਾ ਪਏ ਸਨ। ਪੁਲਸ ਦੀ ਗਸ਼ਤੀ ਪਾਰਟੀ ਤੇ ਲੋਕਾਂ ਨੇ ਉਨ੍ਹਾਂ ਨੂੰ ਬਚਾਇਆ ਸੀ।