ਮੋਗਾ (ਇਕਬਾਲ ਸਿੰਘ ਖਹਿਰਾ)
ਪਿੰਡ ਸੰਗਤਪੁਰਾ ਨੇੜੇ ਇੱਕ ਸੂਏ ਵਿੱਚ ਕਾਰ ਡਿੱਗਣ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਜਸਕਰਨ ਸਿੰਘ ਵਾਸੀ ਮਾਨਸਾ, ਜੋ ਹੁਣ ਧੂੜਕੋਟ ਰਣਸੀਂਹ ਰਹਿੰਦੇ ਸਨ, ਸਵੇਰੇ 6 ਵਜੇ ਆਪਣੀ ਪਤਨੀ ਟੀਚਰ ਕਮਲਜੀਤ ਕੌਰ ਨੂੰ ਮਾੜੀ ਮੁਸਤਫਾ ਡਿਊਟੀ ’ਤੇ ਛੱਡਣ ਜਾ ਰਿਹਾ ਸੀ। ਸਵੇਰ ਵੇਲੇ ਧੁੰਦ ਹੋਣ ਕਾਰਨ ਉਨ੍ਹਾਂ ਦੀ ਕਾਰ ਸੂਏ ਵਿੱਚ ਪਲਟ ਗਈ, ਜਿਸ ਕਾਰਨ ਪਤੀ-ਪਤਨੀ ਦੀ ਮੌਤ ਹੋ ਗਈ।ਜਦੋਂ ਕਾਰ ਸੂਏ ਵਿੱਚ ਡਿੱਗੀ ਤਾਂ ਰਾਹਗੀਰਾਂ ਵੱਲੋਂ ਇਕੱਠੇ ਹੋ ਕੇ ਬੜੀ ਮੁਸ਼ੱਕਤ ਨਾਲ ਉਨ੍ਹਾਂ ਨੂੰ ਗੱਡੀ ’ਚੋਂ ਬਾਹਰ ਕੱਢਿਆ ਗਿਆ ਅਤੇ ਬੇਹੋਸ਼ੀ ਦੀ ਹਾਲਤ ਵਿੱਚ ਉਹਨਾਂ ਨੂੰ ਬਾਘਾ ਪੁਰਾਣਾ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਹਨਾਂ ਨੂੰ ਮਿ੍ਰਤਕ ਘੋਸ਼ਿਤ ਕੀਤਾ ਗਿਆ। ਡੀ ਟੀ ਐੱਫ ਦੇ ਆਗੂ ਦਿਗਵਿਜੇ ਸ਼ਰਮਾ ਨੇ ਦੱਸਿਆ ਕਿ ਜਸਕਰਨ ਸਿੰਘ ਪਿੰਡ ਖੋਸਾ ਵਿਖੇ ਬਤੌਰ ਅੰਗਰੇਜ਼ੀ ਟੀਚਰ ਡਿਊਟੀ ਕਰਦੇ ਸਨ, ਜਦੋਂ ਕਿ ਉਨ੍ਹਾ ਦੀ ਪਤਨੀ ਕਮਲਜੀਤ ਕੌਰ ਖੋਟੇ ਪਿੰਡ ਵਿੱਚ ਪੜ੍ਹਾਉਦੀ ਸੀ।





