ਸਿਡਨੀ : ਆਸਟਰੇਲੀਆ ਵਿਚ ਸਿਡਨੀ ਦੇ ਮਸ਼ਹੂਰ ਬੌਂਡੀ ਬੀਚ ’ਤੇ ਐਤਵਾਰ ਨੂੰ ਯਹੂਦੀ ਜਸ਼ਨਾਂ ਦੌਰਾਨ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਕਈ ਲੋਕ ਮਾਰੇ ਗਏ ਹਨ। ਮੁੱਢਲੀਆਂ ਰਿਪੋਰਟਾਂ ਅਨੁਸਾਰ ਹਮਲੇ ਵਿੱਚ 11 ਲੋਕ ਮਾਰੇ ਗਏ, ਜਦ ਕਿ ਸੁਰੱਖਿਆ ਜਵਾਨਾਂ ਦੀ ਕਾਰਵਾਈ ਦੌਰਾਨ ਇੱਕ ਸ਼ੂਟਰ ਵੀ ਮਾਰਿਆ ਗਿਆ, ਜਦੋਂ ਕਿ ਦੂਜਾ ਸ਼ੂਟਰ ਗੰਭੀਰ ਜ਼ਖਮੀ ਦੱਸਿਆ ਜਾਂਦਾ ਹੈ। ਇਸ ਘਟਨਾ ਕਾਰਨ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਅਤੇ ਵੱਡੀ ਗਿਣਤੀ ਵਿੱਚ ਪੁਲਸ ਅਤੇ ਐਮਰਜੈਂਸੀ ਸੇਵਾਵਾਂ ਮੌਕੇ ’ਤੇ ਪਹੁੰਚੀਆਂ। ਸਰਕਾਰ ਨੇ ਇਸ ਨੂੰ ਦਹਿਸ਼ਤੀ ਹਮਲਾ ਕਰਾਰ ਦਿੱਤਾ ਹੈ। ਪੁਲਸ ਨੇ ਇੱਕ ਹਮਲਾਵਰ ਦੀ ਪਛਾਣ ਸਿਡਨੀ ਦੇ ਬਾਹਰਲੇ ਇਲਾਕੇ ਬੋਨੀਰਿਗ ਦੇ ਨਵੀਦ ਅਕਰਮ ਵਜੋਂ ਕੀਤੀ ਹੈ। ਆਸਟਰੇਲੀਆਈ ਪ੍ਰਸਾਰਣ ਨਿਗਮ ਨੇ ਰਿਪੋਰਟ ਦਿੱਤੀ ਕਿ ਪੁਲਸ ਨੇ ਦੋ ਹਮਲਾਵਰਾਂ ਵਿੱਚੋਂ ਇੱਕ ਨੂੰ ਗੋਲੀਬਾਰੀ ਵਿੱਚ ਮਾਰ ਦਿੱਤਾ, ਜਦੋਂ ਕਿ ਦੂਜੇ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ। ਉਧਰ ਨਿਊ ਸਾਊਥ ਵੇਲਜ਼ ਪੁਲਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਗੋਲੀਬਾਰੀ ਤੋਂ ਬਾਅਦ ਦੋ ਲੋਕਾਂ, ਜਿਨ੍ਹਾਂ ’ਤੇ ਗੋਲੀਬਾਰੀ ’ਚ ਸ਼ਾਮਲ ਹੋਣ ਦਾ ਸ਼ੱਕ ਹੈ, ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਚਸ਼ਮਦੀਦਾਂ ਦੇ ਅਨੁਸਾਰ ਬੌਂਡੀ ਬੀਚ ’ਤੇ ਅਚਾਨਕ ਗੋਲੀਬਾਰੀ ਦੀ ਆਵਾਜ਼ ਆਈ, ਜਿਸ ਨਾਲ ਲੋਕ ਭੱਜਣ ਲੱਗੇ। ਕਈ ਲੋਕਾਂ ਨੂੰ ਗੋਲੀ ਲੱਗਣ ਦੀ ਸੂਚਨਾ ਮਿਲੀ। ਐਂਬੂਲੈਂਸਾਂ ਅਤੇ ਐਮਰਜੈਂਸੀ ਕਰਮਚਾਰੀਆਂ ਨੂੰ ਤੁਰੰਤ ਘਟਨਾ ਸਥਾਨ ’ਤੇ ਭੇਜਿਆ ਗਿਆ, ਜਿੱਥੇ ਘੱਟੋ-ਘੱਟ ਤਿੰਨ ਜ਼ਖਮੀਆਂ ਦਾ ਮੌਕੇ ’ਤੇ ਇਲਾਜ ਕੀਤਾ ਜਾ ਰਿਹਾ ਹੈ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਇਸ ਘਟਨਾ ਨੂੰ ‘ਹੈਰਾਨ ਕਰਨ ਵਾਲੀ ਅਤੇ ਬਹੁਤ ਹੀ ਦੁਖਦਾਈ’ ਦੱਸਿਆ। ਉਨ੍ਹਾਂ ਮਿ੍ਰਤਕਾਂ ਦੇ ਪਰਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਅਤੇ ਕਿਹਾ ਕਿ ਸਰਕਾਰ ਸਥਿਤੀ ਦੀ ਨਿਗਰਾਨੀ ਕਰ ਰਹੀ ਹੈ। ਪੁਲਸ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਪੂਰੀ ਜਾਂਚ ਕਰ ਰਹੀ ਹੈ। ਗੋਲੀਬਾਰੀ ਦੇ ਪਿੱਛੇ ਦੇ ਉਦੇਸ਼ ਅਤੇ ਜ਼ਖਮੀਆਂ ਦੀ ਸਹੀ ਗਿਣਤੀ ਬਾਰੇ ਅਧਿਕਾਰਤ ਪੁਸ਼ਟੀ ਦੀ ਉਡੀਕ ਹੈ।





