ਚੰਡੀਗੜ੍ਹ : ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਲਈ ਵੋਟਾਂ ਪੈਣ ਦਾ ਕੰਮ ਮੁਕੰਮਲ ਹੋ ਗਿਆ। ਸ਼ਾਮ ਸਾਢੇ ਚਾਰ ਵਜੇ ਤੱਕ 47 ਫੀਸਦੀ ਪੋਲਿੰਗ ਦਰਜ ਕੀਤੀ ਗਈ ਤੇ ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਸਮੇਤ ਸੰਗਰੂਰ ਨੇੜਲੇ ਪਿੰਡ ਮੰਗਵਾਲ ਦੇ ਪੋਲਿੰਗ ਬੂਥ ’ਤੇ ਪੁੱਜ ਕੇ ਵੋਟ ਪਾਈ। ਚੋਣ ਕਮਿਸ਼ਨ ਨੇ ਚਾਰ ਥਾਵਾਂ ’ਤੇ ਚੋਣ ਰੱਦ ਕਰ ਦਿੱਤੀ, ਜਿੱਥੇ ਮੰਗਲਵਾਰ ਨੂੰ ਮੁੜ ਵੋਟਾਂ ਪੈਣਗੀਆਂ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ’ਤੇ ਧੱਕੇਸ਼ਾਹੀ ਦੇ ਦੋਸ਼ ਲਗਾਏ ਹਨ। ਬੈਲਟ ਪੇਪਰਾਂ ’ਚ ਪਿ੍ਰੰਟਿੰਗ ਦੀ ਗ਼ਲਤੀ ਕਰਕੇ ਅੰਮਿ੍ਰਤਸਰ ਜ਼ਿਲ੍ਹੇ ਵਿੱਚ ਖਾਸਾ ਬਲਾਕ ਸੰਮਤੀ ਦੇ ਚਾਰ ਬੂਥਾਂ ’ਤੇ ਚੋਣ ਰੱਦ ਕਰ ਦਿੱਤੀ ਗਈ। ਇਸ ਦੀ ਪੁਸ਼ਟੀ ਕਰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਖਾਸਾ ਬਲਾਕ ਸੰਮਤੀ ਦੇ ਖੇਤਰ ਵਿੱਚ ਚਾਰ ਬੂਥਾਂ ’ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਚੋਣ ਨਿਸ਼ਾਨ ਠੀਕ ਨਹੀਂ ਸੀ, ਜਿਸ ਕਾਰਨ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਇੱਥੇ ਚੋਣ ਰੱਦ ਕਰ ਦਿੱਤੀ ਗਈ ਹੈ।





