ਜਲੰਧਰ (ਸ਼ੈਲੀ ਐਲਬਰਟ,
ਸੁਰਿੰਦਰ ਕੁਮਾਰ)
ਨੇਤਾਵਾਂ ਦਾ ਪਾਰਟੀਆਂ ਬਦਲਣਾ ਇਕ ਆਮ ਜਿਹੀ ਹੀ ਗੱਲ ਹੋ ਗਈ ਹੈ। ਵਾਰਡ ਨੰਬਰ 45 ਦੇ ਤਾਕਤਵਰ ਆਗੂ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਨੂੰ ਭਾਜਪਾ ਰਾਸ ਨਹੀਂ ਆਈ ਤੇ ਉਹ ਮੁੜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਉਨ੍ਹਾ ਨੂੰ ਸੋਮਵਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ। ਭਾਟੀਆ ਅਤੇ ਉਨ੍ਹਾ ਦੀ ਕੌਂਸਲਰ ਪਤਨੀ ਜਸਪਾਲ ਕੌਰ ਭਾਟੀਆ ਕਿਸੇ ਸਮੇਂ ਸ਼੍ਰੋਮਣੀ ਅਕਾਲੀ ਦਲ ਵਿਚ ਵੱਖ-ਵੱਖ ਅਹੁਦਿਆਂ ’ਤੇ ਕੰਮ ਕਰ ਚੁੱਕੇ ਹਨ। ਉਹ 2023 ਵਿਚ ਜਲੰਧਰ ਲੋਕ ਸਭਾ ਉਪ ਚੋਣ ਤੋਂ ਠੀਕ ਪਹਿਲਾਂ ‘ਆਪ’ ਵਿਚ ਸ਼ਾਮਲ ਹੋ ਗਏ ਸਨ, ਜਦੋਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਕੀਤਾ ਸੀ। ਉਹ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ, ਪਰ ਕੁਝ ਮਹੀਨਿਆਂ ਬਾਅਦ ਹੁਣ ਉਹ ਜਲੰਧਰ ਪੱਛਮੀ ਵਿਧਾਨ ਸਭਾ ਦੀ ਉਪ ਚੋਣ ਤੋਂ ਸਿਰਫ 10 ਦਿਨ ਪਹਿਲਾਂ ਹੀ ਆਪਣੇ ਸਾਥੀਆਂ ਸਮੇਤ ਮੁੜ ‘ਆਪ’ ਵਿੱਚ ਸ਼ਾਮਲ ਹੋ ਗਏ ਹਨ।
ਉਨ੍ਹਾ ਦੇ ‘ਆਪ’ ’ਚ ਸ਼ਾਮਲ ਹੋਣ ਨਾਲ ਜਿੱਥੇ ਭਾਜਪਾ ਉਮੀਦਵਾਰ ਸ਼ੀਤਲ ਅੰਗੂਰਾਲ ਨੂੰ ਚੋਣਾਂ ਦੌਰਾਨ ਨੁਕਸਾਨ ਹੋ ਸਕਦਾ ਹੈ, ਉਥੇ ‘ਆਪ’ ਉਮੀਦਵਾਰ ਮਹਿੰਦਰ ਭਗਤ ਨੂੰ ਕਾਫੀ ਫਾਇਦਾ ਹੋ ਸਕਦਾ ਹੈ। ਭਾਜਪਾ ਪੰਜਾਬ ਅਨੁਸੂਚਿਤ ਜਾਤੀ ਮੋਰਚਾ ਦੇ ਸਾਬਕਾ ਮੀਤ ਪ੍ਰਧਾਨ ਪਵਨ ਕੁਮਾਰ ਵੀ ‘ਆਪ’ ਵਿੱਚ ਸ਼ਾਮਲ ਹੋ ਗਏ ਹਨ।
ਦੋਆਬੇ ਦੇ ਦਲਿਤ ਆਗੂ ਵਿਜੇ ਦਾਨਵ ਆਪਣੇ ਸੈਂਕੜੇ ਸਮਰਥਕਾਂ ਸਮੇਤ ‘ਆਪ’ ਵਿੱਚ ਸ਼ਾਮਲ ਹੋ ਗਏ। ਇੰਦਰਜੀਤ ਕੌਰ ਦੀ ਮੌਜੂਦਗੀ ’ਚ ਮੁੱਖ ਮੰਤਰੀ ਨੇ ਵਿਜੇ ਦਾਨਵ ਅਤੇ ਸਾਥੀਆਂ ਨੂੰ ਪਾਰਟੀ ’ਚ ਸ਼ਾਮਲ ਕੀਤਾ।
‘ਸ੍ਰੀ ਗੁਰੂ ਗਿਆਨ ਨਾਥ ਸ਼ਾਂਤੀ ਸੈਨਾ’ ਦੇ ਸੂਬਾ ਪ੍ਰਧਾਨ ਧਰਮਿੰਦਰ ਗਿੱਲ, ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਅਤੇ ਸੂਬਾ ਕੋਆਰਡੀਨੇਟਰ ਹੇਮੰਤ ਸਭਰਵਾਲ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।





