ਮੋਦੀ ਦੀ ਅਗਵਾਈ ਵਿੱਚ ਭਾਜਪਾ ਨੇ ਜਦੋਂ ਤੋਂ ਕੇਂਦਰ ਦੀ ਸੱਤਾ ਸੰਭਾਲੀ ਹੈ, ਇਸ ਨੇ ਹਰ ਮੋੜ ‘ਤੇ ਟਕਰਾਅ ਦੀ ਰਾਜਨੀਤੀ ਕੀਤੀ ਹੈ | ਇਹ ਟਕਰਾਅ ਭਾਵੇਂ ਧਰਮਾਂ ਵਿੱਚ ਹੋਵੇ, ਉੱਚੀਆਂ-ਨੀਵੀਆਂ ਜਾਤਾਂ ਵਿੱਚ ਹੋਵੇ ਜਾਂ ਫਿਰ ਸਿਆਸੀ ਪਿੜ ਵਿੱਚ, ਭਾਜਪਾ ਨੇ ਹਮੇਸ਼ਾ ਇਸ ਵਰਤਾਰੇ ਨੂੰ ਹੱਲਾਸ਼ੇਰੀ ਹੀ ਨਹੀਂ ਦਿੱਤੀ, ਸਗੋਂ ਇੱਕ ਧਿਰ ਬਣ ਕੇ ਮੈਦਾਨ ਵਿੱਚ ਨਿਤਰਦੀ ਰਹੀ ਹੈ | ਹੁਣ ਤਾਂ ਇਸ ਨੇ ਲੋਕਤੰਤਰ ਦੇ ਸਭ ਤੋਂ ਉੱਚੇ ਮੰਦਰ ਸੰਸਦ ਨੂੰ ਵੀ ਟਕਰਾਅ ਦਾ ਅਖਾੜਾ ਬਣਾ ਦਿੱਤਾ ਹੈ | ਆਮ ਤੌਰ ਉੱਤੇ ਇਹ ਹੁੰਦਾ ਹੈ ਕਿ ਵਿਰੋਧੀ ਧਿਰ ਉਸ ਵੇਲੇ ਹੰਗਾਮਾ ਕਰਦੀ ਹੈ, ਜਦੋਂ ਉਸ ਦੀ ਅਵਾਜ਼ ਨੂੰ ਸੱਤਾ ਧਿਰ ਅਣਸੁਣਿਆ ਕਰ ਦਿੰਦੀ ਹੈ | ਇਸ ਮੌਨਸੂਨ ਸੈਸ਼ਨ ਦੇ ਸ਼ੁਰੂਆਤੀ ਦਿਨਾਂ ਵਿੱਚ ਵੀ ਇਹੋ ਹੋਇਆ | ਵਿਰੋਧੀ ਧਿਰਾਂ ਇਹ ਮੰਗ ਕਰ ਰਹੀਆਂ ਸਨ ਕਿ ਮਹਿੰਗਾਈ, ਜੀ ਐੱਸ ਟੀ ਤੇ ਬੇਰੁਜ਼ਗਾਰੀ ਦੇ ਮੁੱਦਿਆਂ ‘ਤੇ ਚਰਚਾ ਕੀਤੀ ਜਾਵੇ, ਪਰ ਸਰਕਾਰ ਸਹਿਮਤ ਨਾ ਹੋਈ | ਇਸ ਦੇ ਵਿਰੋਧ ਵਿੱਚ ਜਦੋਂ ਵਿਰੋਧੀ ਧਿਰ ਨੇ ਹੰਗਾਮਾ ਕੀਤਾ ਤਾਂ 27 ਸਾਂਸਦਾਂ ਨੂੰ ਸੰਸਦ ਸਮਾਗਮ ਵਿੱਚੋਂ ਮੁਅੱਤਲ ਕਰ ਦਿੱਤਾ ਗਿਆ |
ਬੀਤੇ ਵੀਰਵਾਰ ਤਾਂ ਸੰਸਦ ਵਿੱਚ ਉਹ ਕੁਝ ਵਾਪਰਿਆ, ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ | ਸੰਸਦ ਦੇ ਦੋਹਾਂ ਸਦਨਾਂ ਵਿੱਚ ਸਰਕਾਰੀ ਧਿਰ ਨੇ ਉਹ ਹੰਗਾਮਾ ਕੀਤਾ, ਜਿਸ ਦੀ ਕੋਈ ਤੁੱਕ ਹੀ ਨਹੀਂ ਸੀ | ਮਸਲਾ ਸੀ ਲੋਕ ਸਭਾ ‘ਚ ਕਾਂਗਰਸ ਗਰੁੱਪ ਦੇ ਆਗੂ ਅਧੀਰ ਰੰਜਨ ਚੌਧਰੀ ਵੱਲੋਂ ਇੱਕ ਦਿਨ ਪਹਿਲਾਂ ਸੋਨੀਆ ਗਾਂਧੀ ਤੋਂ ਈ ਡੀ ਦੀ ਪੁੱਛਗਿੱਛ ਵਿਰੁੱਧ ਦਿੱਲੀ ਵਿੱਚ ਹੋਏ ਪ੍ਰਦਰਸ਼ਨ ਸਮੇਂ ਬੋਲਦਿਆਂ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਰਾਸ਼ਟਰਪਤਨੀ ਕਹਿ ਦੇਣ ਦਾ | ਹਾਲਾਂਕਿ ਬਾਅਦ ਵਿੱਚ ਅਧੀਰ ਰੰਜਨ ਚੌਧਰੀ ਨੇ ਸਫ਼ਾਈ ਵੀ ਦਿੱਤੀ ਕਿ ਬੰਗਾਲੀ ਹੋਣ ਕਾਰਨ ਉਨ੍ਹਾ ਦੀ ਹਿੰਦੀ ਕਮਜ਼ੋਰ ਹੈ ਤੇ ਇਹ ਉਨ੍ਹਾ ਦੀ ਜ਼ੁਬਾਨ ਫਿਸਲ ਜਾਣ ਕਾਰਨ ਹੋਇਆ ਹੈ | ਇਸ ਦੇ ਨਾਲ ਹੀ ਉਨ੍ਹਾ ਆਪਣੀ ਗਲਤੀ ਲਈ ਰਾਸ਼ਟਰਪਤੀ ਤੋਂ ਮਾਫ਼ੀ ਵੀ ਮੰਗ ਲਈ ਸੀ |
ਪਰ ਸੰਸਦ ਵਿੱਚ ਦੋ ਇਸਤਰੀ ਮੰਤਰੀਆਂ ਨਿਰਮਲਾ ਸੀਤਾਰਮਨ ਤੇ ਸਮਿ੍ਤੀ ਈਰਾਨੀ ਨੇ ਹੰਗਾਮਾ ਖੜ੍ਹਾ ਕਰ ਦਿੱਤਾ ਕਿ ਇਸ ਲਈ ਸੋਨੀਆ ਗਾਂਧੀ ਨੂੰ ਵੀ ਮਾਫ਼ੀ ਮੰਗਣੀ ਚਾਹੀਦੀ ਹੈ | ਸੱਤਾਧਾਰੀ ਧਿਰ ਦੇ ਆਗੂ ਇਹ ਵੀ ਭੁੱਲ ਗਏ ਕਿ ਇਸ ਸਮੇਂ ਉਹ ਸੱਤਾ ਵਿੱਚ ਹਨ ਤੇ ਜੇਕਰ ਅਧੀਰ ਰੰਜਨ ਚੌਧਰੀ ਨੇ ਕੋਈ ਗੁਨਾਹ ਕੀਤਾ ਹੈ ਤਾਂ ਉਸ ਨੂੰ ਉਹ ਸਜ਼ਾ ਵੀ ਦੇ ਸਕਦੇ ਹਨ | ਇਸ ਹੰਗਾਮੇ ਨੇ ਭਾਜਪਾ ਦੀ ਇਸ ਸੋਚ ਨੂੰ ਉਜਾਗਰ ਕਰ ਦਿੱਤਾ ਹੈ ਕਿ ਉਹ ਆਪਣੇ ਹਰ ਸਿਆਸੀ ਵਿਰੋਧੀ ਨੂੰ ਆਪਣਾ ਦੁਸ਼ਮਣ ਸਮਝ ਕੇ ਵਿਹਾਰ ਕਰਦੀ ਹੈ | ਇਹੋ ਘਟਨਾ ਜੇਕਰ ਕਾਂਗਰਸ ਦੇ ਰਾਜ ਵਿੱਚ ਵਾਪਰੀ ਹੁੰਦੀ ਤਾਂ ਇਸ ਨੂੰ ਹਾਸੇ-ਮਖੌਲ ਵਿੱਚ ਟਾਲ ਦਿੱਤਾ ਜਾਣਾ ਸੀ | ਇੰਜ ਹੋਇਆ ਵੀ ਸੀ | ਸੰਨ 2012 ਵਿੱਚ ਅੰਕਿਤ ਜੈਨ ਨਾਂਅ ਦੇ ਇੱਕ ਵਿਅਕਤੀ ਨੇ ਵੇਲੇ ਦੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਲਈ ਇਹੋ ਸ਼ਬਦ ਵਰਤੇ ਸਨ, ਪਰ ਕਿਸੇ ਨੇ ਇਸ ਉੱਤੇ ਕੋਈ ਤਵੱਜੋ ਨਹੀਂ ਦਿੱਤੀ | ਇਹ ਵਿਅਕਤੀ ਸਮਿ੍ਤੀ ਈਰਾਨੀ ਦਾ ਜਾਣੂੰ ਹੈ, ਜਿਸ ਨਾਲ ਈਰਾਨੀ ਦੀਆਂ ਫੋਟੋਆਂ ਸੋਸ਼ਲ ਮੀਡੀਆ ਉੱਤੇ ਘੁੰਮ ਰਹੀਆਂ ਹਨ |
ਅਸਲ ਵਿੱਚ ਸੱਤਾ ਧਿਰ ਚਾਹੁੰਦੀ ਹੈ ਕਿ ਇਹ ਸੰਸਦ ਸਮਾਗਮ ਹੰਗਾਮੇ ਦੌਰਾਨ ਹੀ ਲੰਘ ਜਾਵੇ | ਪਹਿਲਾਂ 27 ਸਾਂਸਦਾਂ ਨੂੰ ਮੁਅੱਤਲ ਕਰਨਾ ਤੇ ਫਿਰ ਅਧੀਰ ਰੰਜਨ ਚੌਧਰੀ ਦੀ ਭੁੱਲ ਨੂੰ ਰਾਈ ਦਾ ਪਹਾੜ ਬਣਾਉਣਾ ਇਸੇ ਰਣਨੀਤੀ ਦਾ ਹਿੱਸਾ ਹੈ | ਹਾਕਮ ਧਿਰ ਚਾਹੁੰਦੀ ਹੈ ਕਿ ਮਹਿੰਗਾਈ, ਬੇਰੁਜ਼ਗਾਰੀ, ਅਗਨੀਪੱਥ, ਮਹਾਰਾਸ਼ਟਰ ਦਾ ਮਹਾਂਭਾਰਤ, ਈ ਡੀ ਦੀ ਵਿਰੋਧੀਆਂ ਵਿਰੁੱਧ ਦੁਰਵਰਤੋਂ, ਸੰਸਦ ਵਿੱਚ ਵਰਤੇ ਜਾਣ ਵਾਲੇ ਅਨੇਕ ਸ਼ਬਦਾਂ ਨੂੰ ਗੈਰ-ਸੰਸਦੀ ਕਰਾਰ ਦੇਣ ਤੇ ਸਦਨ ਵਿੱਚ ਤਖਤੀਆਂ ਲਹਿਰਾਉਣ ‘ਤੇ ਰੋਕ ਦੇ ਮੁੱਦਿਆਂ ਬਾਰੇ ਜਵਾਬਦੇਹੀ ਤੋਂ ਬਚਿਆ ਜਾਵੇ |
ਸੰਸਦ ਦੀ ਸਿਹਤਮੰਦ ਪ੍ਰੰਪਰਾ ਤਾਂ ਇਹ ਰਹੀ ਹੈ ਕਿ ਸੱਤਾਧਾਰੀ ਧਿਰ ਇਸ ਗੱਲੋਂ ਚਿੰਤਤ ਰਹਿੰਦੀ ਹੈ ਕਿ ਕੌਮੀ ਮਸਲਿਆਂ ਉੱਤੇ ਵਿਚਾਰ-ਵਟਾਂਦਰੇ ਤੇ ਫ਼ੈਸਲੇ ਲੈਣ ਲਈ ਬਣੀ ਸੰਸਦ ਦਾ ਕੰਮ ਸੁਚਾਰੂ ਢੰਗ ਨਾਲ ਚੱਲੇ, ਪਰ ਇੱਥੇ ਤਾਂ ਸਭ ਉਲਟਾ ਹੋ ਰਿਹਾ ਹੈ | ਵਿਰੋਧੀ ਧਿਰ ਨੂੰ ਦੁਸ਼ਮਣ ਮੰਨ ਕੇ ਉਸ ਦੇ ਲੋਕਤੰਤਰਿਕ ਵਿਰੋਧ ਨੂੰ ਖ਼ਤਮ ਕਰ ਦਿੱਤਾ ਗਿਆ ਹੈ | ਲੋਕ ਸਭਾ ਦਾ ਸਪੀਕਰ ਤਾਂ ਇਹ ਕਹਿ ਰਿਹਾ ਹੈ ਕਿ ਦੇਸ਼ ਦੀ ਜਨਤਾ ਚਾਹੁੰਦੀ ਹੈ ਕਿ ਸਦਨ ਦੀ ਕਾਰਵਾਈ ਸ਼ਾਂਤੀਪੂਰਵਕ ਚੱਲੇ, ਪਰ ਸਰਕਾਰ ਨੂੰ ਜਨਤਾ ਦੀ ਇਹ ਗੱਲ ਸਮਝ ਨਹੀਂ ਆ ਰਹੀ | ਸਰਕਾਰ ਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਜਨਤਾ ਇਹ ਵੀ ਚਾਹੁੰਦੀ ਹੈ ਕਿ ਉਨ੍ਹਾਂ ਨੇ ਜਿਹੜੇ ਨੁਮਾਇੰਦੇ ਚੁਣ ਕੇ ਸੰਸਦ ਵਿੱਚ ਭੇਜੇ ਹਨ, ਉਹ ਉੱਥੇ ਉਨ੍ਹਾਂ ਦੇ ਮਸਲੇ ਚੁੱਕਣ ਤੇ ਸਰਕਾਰ ਉਨ੍ਹਾਂ ਦਾ ਜਵਾਬ ਦੇਵੇ | ਜਨਤਾ ਨਹੀਂ ਚਾਹੁੰਦੀ ਕਿ ਉਨ੍ਹਾਂ ਦੇ ਨੁਮਾਇੰਦੇ ਸੰਸਦ ਦੇ ਬਾਹਰ ਧਰਨੇ ਦੇਣ ਲਈ ਮਜਬੂਰ ਹੋਣ | ਅਸਲ ਵਿੱਚ ਸੰਸਦ ਦੇ ਮੌਨਸੂਨ ਸਮਾਗਮ ਦੌਰਾਨ ਸਰਕਾਰ ਨੇ ਆਪਣੇ ਵਤੀਰੇ ਰਾਹੀਂ ਇਹ ਦੱਸ ਦਿੱਤਾ ਹੈ ਕਿ ਦੇਸ਼ ਦੀ ਜਨਤਾ ਦੀਆਂ ਸਮੱਸਿਆਵਾਂ ਨੂੰ ਪਹਿਲ ਦੇਣਾ ਉਸ ਦੇ ਏਜੰਡੇ ਵਿੱਚ ਨਹੀਂ ਹੈ | ਉਹ ਤਾਂ ਸੰਸਦ ਨੂੰ ਟਕਰਾਅ ਦਾ ਅਖਾੜਾ ਬਣਾ ਕੇ ਸਿਆਸੀ ਲਾਭ ਉਠਾਉਣਾ ਚਾਹੁੰਦੀ ਹੈ |
-ਚੰਦ ਫਤਿਹਪੁਰੀ