ਮਾਨਸਾ (ਪਰਮਦੀਪ ਰਾਣਾ, ਰੀਤਵਾਲ) ਸਥਾਨਕ ਰੇਲਵੇ ਸਟੇਸ਼ਨ ‘ਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ 11 ਵਜੇ ਤੋਂ 3 ਵਜੇ ਤੱਕ ਵਰ੍ਹਦੇ ਮੀਂਹ ਵਿੱਚ ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ ਤੇ ਔਰਤਾਂ ਨੇ ਰੇਲਵੇ ਜਾਮ ਕੀਤਾ | ਕਿਸਾਨਾਂ, ਮਜ਼ਦੂਰਾਂ ਨੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਮੋਦੀ ਹਕੂਮਤ ਦੁਆਰਾ ਐੱਮ.ਐੱਸ.ਪੀ. ‘ਤੇ ਬਣਾਈ ਅਖੌਤੀ ਕਮੇਟੀ ਭੰਗ ਕਰੇ ਤੇ ਕਿਸਾਨ ਆਗੂਆਂ ਨੂੰ ਸ਼ਾਮਲ ਕਰਕੇ ਨਵੇਂ ਸਿਰੇ ਤੋਂ ਕਮੇਟੀ ਬਣਾਏ, ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰੇ, ਕਿਸਾਨੀ ਅੰਦੋਲਨ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਮੁਆਵਜ਼ਾ ਤੇ ਪਰਵਾਰ ਦੇ ਮਾੈਬਰਾਂ ਨੂੰ ਨੌਕਰੀ ਦੇਵੇ ਤੇ ਅਗਨੀਪੱਥ ਸਕੀਮ ਰੱਦ ਕਰੇ | ਇਸ ਮੌਕੇ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਹਰਦੇਵ ਸਿੰਘ ਅਰਸ਼ੀ, ਬੂਟਾ ਸਿੰਘ ਬੁਰਜ ਗਿੱਲ, ਡਾਕਟਰ ਦਰਸ਼ਨਪਾਲ, ਪਰਸ਼ੋਤਮ ਸ਼ਰਮਾ, ਮਾਹਿੰਦਰ ਸਿੰਘ ਭੈਣੀਬਾਘਾ, ਐਡਵੋਕੇਟ ਕੁਲਵਿੰਦਰ ਉੱਡਤ, ਡਾ. ਧੰਨਾ ਮੱਲ ਗੋਇਲ, ਰਾਮਫਲ ਚੱਕ ਅਲੀਸ਼ੇਰ, ਮਲੂਕ ਸਿੰਘ ਹੀਰਕਾ, ਕੁਲਦੀਪ ਸਿੰਘ ਚੱਕਭਾਈ ਕੇ, ਕਿ੍ਸ਼ਨ ਚੌਹਾਨ, ਪਰਮਜੀਤ ਗਾਗੋਵਾਲ, ਦਰਸ਼ਨ ਜਟਾਣਾ, ਪ੍ਰਸ਼ੋਤਮ ਗਿੱਲ, ਲਾਲ ਚੰਦ ਸਰਦੂਲਗੜ੍ਹ, ਅਮਰੀਕ ਫਫੜੇ ਤੇ ਭਜਨ ਸਿੰਘ ਘੁੰਮਣ ਨੇ ਕਿਹਾ ਕਿ ਮੋਦੀ ਹਕੂਮਤ ਕਿਸਾਨਾਂ ਹੱਥੋਂ ਹੋਈ ਆਪਣੀ ਹਾਰ ਨੂੰ ਹਜ਼ਮ ਨਹੀਂ ਕਰ ਪਾ ਰਹੀ ਤੇ ਹਾਰ ਦੀ ਟੀਸ ਵਿੱਚ ਪੰਜਾਬ ਤੇ ਪੰਜਾਬ ਦੀ ਕਿਸਾਨੀ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਐੱਮ.ਐੱਸ.ਪੀ. ਤੇ ਕਮੇਟੀ ਮੋਦੀ ਸਰਕਾਰ ਨੇ ਕਿਸਾਨ ਆਗੂਆਂ ਨਾਲ ਕੀਤੇ ਵਾਅਦਿਆਂ ਮੁਤਾਬਕ ਨਹੀਂ ਬਣਾਈ ਤੇ ਕਮੇਟੀ ਵਿੱਚ ਸ਼ਾਮਲ ਕੀਤੇ ਲੋਕ ਪਹਿਲਾਂ ਹੀ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਪੱਖ ਵਿੱਚ ਰਹੇ ਹਨ | ਆਗੂਆਂ ਨੇ ਕਿਹਾ ਕਿ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ 18, 19, 20 ਅਗਸਤ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਖੀਮਪੁਰ ਖੀਰੀ ਲਾਏ ਜਾ ਰਹੇ ਮੋਰਚੇ ਵਿੱਚ ਪੰਜਾਬ ਵਿੱਚਾੋ ਵੱਡੀ ਗਿਣਤੀ ਵਿੱਚ ਲੋਕ ਸ਼ਮੂਲੀਅਤ ਕਰਨਗੇ ਤੇ ਇਸ ਦੀ ਤਿਆਰੀ ਹਿੱਤ 7 ਤੋਂ 15 ਅਗਸਤ ਤੱਕ ਪੰਜਾਬ ਵਿੱਚ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ ਤੇ ਮਾਨਸਾ ਦੀ ਕਨਵੈਨਸ਼ਨ 13 ਅਗਸਤ ਨੂੰ ਫਫੜੇ ਭਾਈਕੇ ਵਿਖੇ ਕੀਤੀ ਜਾਵੇਗੀ |
ਅੰਮਿ੍ਤਸਰ (ਜਸਬੀਰ ਸਿੰਘ ਪੱਟੀ)-ਕਿਸਾਨ ਜਥੇਬੰਦੀਆਂ ਨੇ ਬਹੁਤ ਹੀ ਜੋਸ਼ੋੋ-ਖਰੋਸ਼ ਨਾਲ ਅੰਮਿ੍ਤਸਰ ਦੇ ਰੇਲਵੇ ਸਟੇਸ਼ਨ ਦੇ ਸਾਹਮਣੇ ਰੇਲ ਪਟੜੀਆਂ ‘ਤੇ ਬੈਠ ਕੇ ਹਜ਼ਾਰਾਂ ਹੀ ਕਿਸਾਨਾਂ ਨੇ ਰੇਲਾਂ ਦਾ ਸਵੇਰੇ ਗਿਆਰਾਂ ਵਜੇ ਤੋਂ ਲੈ ਕੇ ਤਿੰਨ ਵਜੇ ਤੱਕ ਪਹੀਆ ਜਾਮ ਕੀਤਾ | ਇਸ ਰੋਸ ਮੁਜ਼ਾਹਰੇ ਦੀ ਅਗਵਾਈ ਵੱਖੋ-ਵੱਖ ਕਿਸਾਨ ਜਥੇਬੰਦੀ ਦੇ ਲੀਡਰਾਂ ਨੇ ਕੀਤੀ | ਅਗਵਾਈ ਕਰਨ ਵਾਲਿਆਂ ਵਿੱਚ ਰਤਨ ਸਿੰਘ ਰੰਧਾਵਾ, ਬਲਵਿੰਦਰ ਸਿੰਘ ਦੁਧਾਲਾ, ਜਤਿੰਦਰ ਸਿੰਘ ਛੀਨਾ, ਸਵਿੰਦਰ ਸਿੰਘ ਮੀਰਾਂਕੋਟ, ਪਰਮਿੰਦਰ ਸਿੰਘ ਜੇਠੂਨੰਗਲ, ਭੁਪਿੰਦਰ ਸਿੰਘ ਤੀਰਥਪੁਰਾ, ਅਮਰੀਕ ਸਿੰਘ ਸੰਗਤਪੁਰਾ, ਅਸ਼ਵਨੀ ਕੁਮਾਰ ਸ਼ਰਮਾ ਨੇ ਕੀਤੀ | ਸਭ ਤੋਂ ਪਹਿਲਾਂ ਕਿਸਾਨਾਂ ਨੇ ਦੇਸ਼ ਤੋਂ ਜਾਨ ਵਾਰ ਦੇਣ ਵਾਲੇ ਸ਼ਹੀਦ ਊਧਮ ਸਿੰਘ ਨੂੰ ਯਾਦ ਕੀਤਾ | ਇਸ ਮੌਕੇ ਹਜ਼ਾਰਾਂ ਹੀ ਕਿਸਾਨ, ਮਜ਼ਦੂਰ, ਨੌਜਵਾਨ ਤੇ ਔਰਤਾਂ ਨੂੰ ਸੰਬੋਧਨ ਕਰਦਿਆਂ ਡਾ: ਸਤਨਾਮ ਸਿੰਘ ਅਜਨਾਲਾ, ਜਤਿੰਦਰ ਸਿੰਘ ਛੀਨਾ, ਲਖਬੀਰ ਸਿੰਘ ਨਿਜਾਮਪੁਰਾ, ਧੰਨਵੰਤ ਸਿੰਘ ਖਤਰਾਏ ਕਲਾਂ, ਬਲਬੀਰ ਸਿੰਘ ਮੂਧਲ, ਬਚਨ ਸਿੰਘ ਹੋਠੀਆਂ ਨੇ ਕਿਹਾ ਕਿ ਦੇਸ਼ ਭਰ ਦੇ ਕਿਸਾਨ, ਮਜ਼ਦੂਰ, ਔਰਤਾਂ ਤੇ ਨੌਜਵਾਨਾਂ ਵਿੱਚ ਦੇਸ਼ ਦੀ ਹਾਕਮ ਸਰਕਾਰ ਤੇ ਮੋਦੀ ਵਿਰੁੱਧ ਗੁੱਸਾ ਉਹਨਾ ਦੇ ਜੋਸ਼ ਅਤੇ ਚਿਹਰਿਆਂ ਤੋਂ ਪੜਿ੍ਹਆ ਜਾ ਸਕਦਾ ਹੈ |
ਇਸ ਮੁਜ਼ਾਹਰੇ ਨੂੰ ਬਲਦੇਵ ਸਿੰਘ ਸੈਦਪੁਰ, ਬਲਕਾਰ ਸਿੰਘ ਦੁਧਾਲਾ, ਸਤਨਾਮ ਸਿੰਘ ਝੰਡੇਰ, ਪ੍ਰਭਜੀਤ ਸਿੰਘ ਤਿੰਮੋਵਾਲ, ਸੁਖਦੇਵ ਸਿੰਘ ਝੱਬਰ, ਡਾ. ਸ਼ਮਸ਼ੇਰ ਸਿੰਘ ਲੁਹਾਰਕਾ ਰੋਡ, ਨਿਰਮਲ ਸਿੰਘ ਛੱਜਲਵਿੱਡੀ, ਅਮਰੀਕ ਸਿੰਘ ਸੰਗਤਪੁਰਾ, ਜਰਮਨ ਜੀਤ ਸਿੰਘ ਮੁਲਾਜ਼ਮ ਆਗੂ, ਰਵਿੰਦਰ ਸਿੰਘ ਛੱਜਲਵੱਡੀ, ਹਰਦੀਪ ਕੌਰ ਕੋਟਲਾ ਸੀਨੀਅਰ ਆਗੂ, ਗੁਰਲਾਲ ਸਿੰਘ ਵਡਾਲੀ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰੀ ਅਦਾਰੇ ਕਾਰਪੋਰੇਟਾਂ ਨੂੰ ਕੌਡੀਆਂ ਦੇ ਭਾਅ ਵੇਚ ਕੇ ਦੇਸ਼ ਨੂੰ ਬਰਬਾਦ ਕਰ ਰਿਹਾ ਹੈ | ਇਸ ਮੌਕੇ ਰੇਲ ਦੇ ਮੁਸਾਫਰਾਂ ਨੂੰ ਆਈਆਂ ਮੁਸ਼ਕਲਾਂ ਦੀ ਕਿਸਾਨਾਂ ਵੱਲੋਂ ਕਿਹਾ ਕਿ ਇਹ ਸਭ ਮਜਬੂਰੀ ਕਾਰਨ ਕਰਨਾ ਪਿਆ, ਇਸ ਦੀ ਅਸੀਂ ਲੋਕਾਂ ਕੋਲੋਂ ਮੁਆਫੀ ਚਾਹੁੰਦੇ ਹਾਂ | ਇਸ ਰੋਸ ਮੁਜ਼ਾਹਰੇ ਦਾ ਜਾਹੋ-ਜਲਾਲ ਲੋਕਾਂ ਦੇ ਜੋਸ਼ ਤੋਂ ਪਤਾ ਲੱਗਦਾ ਸੀ, ਕਿਉਂਕਿ ਪਿੰਡਾਂ ਵਿੱਚੋਂ ਕਿਸਾਨ ਆਗੂ ਕਾਫਲਿਆਂ ਦੇ ਰੂਪ ਵਿੱਚ ਜਦੋਂ ਲੈ ਕੇ ਆ ਰਹੇ ਸਨ ਤਾਂ ਅਕਾਸ਼ ਗੂੰਜਾਊ ਨਾਹਰੇ ਲੱਗ ਰਹੇ ਸਨ | ਇਹਨਾਂ ਜਥਿਆਂ ਨੂੰ ਕਿਸਾਨਾਂ ਦੇ ਲੀਡਰਾਂ ਨੇ ਜਿਹਨਾਂ ਵਿੱਚ ਤਰਸੇਮ ਸਿੰਘ ਨੰਗਲ, ਅਵਤਾਰ ਸਿੰਘ ਵਡਾਲਾ, ਜਗੀਰ ਸਿੰਘ ਮੁੱਗੋ ਸੋਹੀ, ਮਦਨ ਕਾਦਰਾਬਾਦ ਜਥੇ ਲੈ ਕੇ ਸੰਘਰਸ਼ ਵਿੱਚ ਸ਼ਾਮਲ ਹੋਏ |