ਪਟਿਆਲਾ : ਇੱਥੇ ਪੀ.ਐੱਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਦਾ ਵਫਦ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਪਾਵਰਕਾਮ ਇੰਜੀ: ਬੀ.ਐੱਸ. ਸਰਾਂ ਅਤੇ ਟਰਾਂਸਕੋ ਦੇ ਡਾਇਰੈਕਟਰ ਵਿੱਤ ਸ੍ਰੀ ਯੋਗੇਸ਼ ਟੰਡਨ ਨੂੰ ਮਿਲਿਆ | ਵਫਦ ਨੇ ਪਾਵਰਕਾਮ ਅਤੇ ਟਰਾਂਸਕੋ ਦੇ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਨ ਅਤੇ ਰਹਿੰਦੀਆਂ ਮੰਗਾਂ ਦੇ ਫੌਰੀ ਨਿਪਟਾਰੇ ਦੀ ਮੰਗ ਕਰਦਿਆਂ 10 ਦਿਨਾਂ ਅੰਦਰ ਲਾਗੂ ਕਰਨ ਲਈ ਰੋਸ ਪੱਤਰ ਦਿੱਤਾ | ਇਨ੍ਹਾਂ ਮੰਗਾਂ ਵਿੱਚ ਪ੍ਰਮੁੱਖ ਤੌਰ ‘ਤੇ ਬੀ.ਓ.ਡੀ. ਵੱਲੋਂ ਮੁਲਾਜ਼ਮਾਂ ਦੇ ਤਨਖਾਹ ਸਕੇਲਾਂ ਨਾਲ ਛੇੜਛਾੜ ਕਰਨ ਸੰਬੰਧੀ ਪੰਜਾਬ ਸਰਕਾਰ ਨੂੰ ਲਿਖੇ ਪੱਤਰ ਨੂੰ ਵਾਪਸ ਲੈਣ, ਟਰਾਂਸਕੋ ਵੱਲੋਂ 15# ਵਾਧੇ ਵਾਲਾ ਸਰਕੂਲਰ ਜਾਰੀ ਕਰਨ ਅਤੇ ਕਲੈਰੀਕਲ ਤੇ ਟੈਕਨੀਕਲ ਮੁਲਾਜ਼ਮਾਂ ਦੀਆਂ ਤਰੱਕੀਆਂ ਕਰਨ ਦੀ ਮੰਗ ਕੀਤੀ | ਪਾਵਰਕਾਮ ਵੱਲੋਂ ਨਾਨ ਗਜ਼ਟਿਡ ਕਰਮਚਾਰੀਆਂ ਨੂੰ ਛੱਡ ਕੇ ਸਿਰਫ ਗਜ਼ਟਿਡ ਅਧਿਕਾਰੀਆਂ ਦੀਆਂ ਬਦਲੀਆਂ ਕਰਨ, ਸੇਵਾ ਪੱਤਰੀ ਏ.ਓ. ਫੀਲਡ ਤੋਂ ਪ੍ਰੀ ਆਡਿਟ ਕਰਵਾ ਕੇ ਜਲਦੀ ਮੁਲਾਜ਼ਮਾਂ ਨੂੰ ਬਣਦੇ ਸਕੇਲ ਤੇ ਏਰੀਅਰ ਦੇਣ, ਭੱਤਿਆਂ ਦਾ ਬਕਾਇਆ ਦੇਣ, ਦੋਵੇਂ ਕਾਰਪੋਰੇਸ਼ਨਾਂ ਵਿੱਚ ਤਰੱਕੀਆਂ ਵਿੱਚ ਤੇਜ਼ੀ ਲਿਆਉਣ ਅਤੇ ਪਿਛਲੀਆਂ ਮੀਟਿੰਗਾਂ ਵਿੱਚ ਮੰਗ ਪੱਤਰ ‘ਤੇ ਹੋਈਆਂ ਸਹਿਮਤੀਆਂ ਨੂੰ ਲਾਗੂ ਕਰਨ ਸਮੇਤ ਕਈ ਅਹਿਮ ਮੁੱਦਿਆਂ ‘ਤੇ ਗੱਲਬਾਤ ਕੀਤੀ ਗਈ | ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਜੁਆਇੰਟ ਫੋਰਮ ਵੱਲੋਂ 10 ਦਿਨਾਂ ਬਾਅਦ ਤਿੱਖੇ ਸੰਘਰਸ਼ ਦਾ ਨੋਟਿਸ ਦਿੱਤਾ | ਅੱਜ ਦੇ ਵਫਦ ਵਿੱਚ ਜੁਆਇੰਟ ਫੋਰਮ ਵੱਲੋਂ ਸਰਬਸਾਥੀ ਕਰਮਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਬਲਵਿੰਦਰ ਸਿੰਘ ਸੰਧੂ, ਅਵਤਾਰ ਸਿੰਘ ਕੈਂਥ, ਬਲਦੇਵ ਸਿੰਘ ਮੰਡਾਲੀ, ਹਰਪਾਲ ਸਿੰਘ, ਜਗਜੀਤ ਸਿੰਘ ਕੋਟਲੀ, ਹਰਜੀਤ ਸਿੰਘ, ਸੁਖਵਿੰਦਰ ਸਿੰਘ ਦੁੰਮਨਾ, ਜਗਦੀਪ ਸਿੰਘ ਸਹਿਗਲ, ਜਗਜੀਤ ਸਿੰਘ ਕੰਡਾ ਅਤੇ ਗੁਰਦਿੱਤ ਸਿੰਘ ਸਿੱਧੂ ਆਦਿ ਸਾਥੀ ਸ਼ਾਮਲ ਸਨ | ਸਾਥੀ ਕਰਮਚੰਦ ਭਾਰਦਵਾਜ ਨੇ ਦੱਸਿਆ ਕਿ ਜੇਕਰ ਪਾਵਰ ਮੈਨੇਜਮੈਂਟਾਂ ਨੇ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਜ਼ੋਰਦਾਰ ਸੰਘਰਸ਼ ਕੀਤਾ ਜਾਵੇਗਾ | ਉਹਨਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਉਹ ਮੁਲਾਜ਼ਮਾਂ ਵਿਰੋਧੀ ਫੈਸਲੇ ਲੈਣੇ ਬੰਦ ਕਰੇ | ਪਾਵਰਕਾਮ ਦੀ ਵਿੱਤੀ ਹਾਲਤ ਨੂੰ ਧਿਆਨ ਵਿੱਚ ਰੱਖਦਿਆਂ ਸਬਸਿਡੀਆਂ ਦੀ ਬਕਾਇਆ ਰਕਮ ਅਦਾਰੇ ਨੂੰ ਦਿੱਤੀ ਜਾਵੇ | ਬਿਜਲੀ ਕਾਮਿਆਂ ਨੂੰ ਕੇਂਦਰ ਸਰਕਾਰ ਦੇ ਸਕੇਲਾਂ ਦੀ ਥਾਂ ਮਿਤੀ 17072020 ਤੋਂ ਬਾਅਦ ਬਿਜਲੀ ਕਰਮਚਾਰੀਆਂ ਨੂੰ ਬਿਜਲੀ ਨਿਗਮ ਦੇ ਸਕੇਲ ਦਿੱਤੇ ਜਾਣ | ਅਦਾਰੇ ਅੰਦਰ ਪੁਨਰ ਉਸਾਰੀ ਰਾਹੀਂ ਮੁਲਾਜ਼ਮਾਂ ਦੀਆਂ ਮਨਜ਼ੂਰਸ਼ੁਦਾ ਅਸਾਮੀਆਂ ਖਤਮ ਕਰਨ ਦੀ ਥਾਂ ਨਵੀਂ ਭਰਤੀ ਰਾਹੀਂ ਭਰੀਆਂ ਜਾਣ | ਵੱਖ-ਵੱਖ ਵਰਗਾਂ ਦੇ ਯੋਗ ਮੁਲਾਜ਼ਮਾਂ ਦੀਆਂ ਤੁਰੰਤ ਤਰੱਕੀਆਂ ਕੀਤੀਆਂ ਜਾਣ ਅਤੇ ਆਊਟ ਸੋਰਸਿੰਗ ਦੀ ਨੀਤੀ ਬੰਦ ਕੀਤੀ ਜਾਵੇ | ਮਿ੍ਤਕਾਂ ਦੇ ਆਸ਼ਰਿਤਾਂ ਨੂੰ ਯੋਗਤਾ ਅਨੁਸਾਰ ਅਗੇਤ ਆਧਾਰ ‘ਤੇ ਨਿਯੁਕਤੀ ਪੱਤਰ ਦਿੱਤੇ ਜਾਣ, ਪਰਖ ਕਾਲ ਸਮਾਂ ਘਟਾਇਆ ਜਾਵੇ, ਸ.ਲ.ਮ. ਨੂੰ ਸਕਿਲਡ ਵਰਕਰ ਦੀ ਪੂਰੀ ਤਨਖਾਹ ਦਿੱਤੀ ਜਾਵੇ | ਜੂਨੀਅਰ ਮੀਟਰ ਰੀਡਰ ਦਾ ਤਰੱਕੀ ਚੈਨਲ ਬਣਾਇਆ ਜਾਵੇ | ਪਰਖ ਕਾਲ ਪੂਰਾ ਕਰ ਚੁੱਕੇ ਕਰਮਚਾਰੀਆਂ ਨੂੰ ਪਰਖ ਕਾਲ ਸਮੇਂ ਦੀ ਪੂਰੀ ਤਨਖਾਹ ਦਿੱਤੀ ਜਾਵੇ | ਯੋਗ ਕਲੈਰੀਕਲ ਅਤੇ ਟੈਕਨੀਕਲ ਕਾਮਿਆਂ ਦੀਆਂ ਤਰੱਕੀਆਂ ਕੀਤੀਆਂ ਜਾਣ | ਜੁਆਇੰਟ ਫੋਰਮ ਵੱਲੋਂ ਇਹ ਵੀ ਫੈਸਲਾ ਕੀਤਾ ਗਿਆ ਕਿ ਪੰਜਾਬ ਅਤੇ ਯੂ.ਟੀ. ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸੰਘਰਸ਼ਾਂ ਦੀ ਹਮਾਇਤ ਕਰਦਿਆਂ ਸ਼ਮੂਲੀਅਤ ਕੀਤੀ ਜਾਵੇ | ਸਾਂਝੇ ਫਰੰਟ ਵੱਲੋਂ 7 ਅਗਸਤ ਨੂੰ ਜਲੰਧਰ ਕਨਵੈਨਸ਼ਨ ਵਿੱਚ ਵੱਡੀ ਗਿਣਤੀ ਵਿੱਚ ਬਿਜਲੀ ਕਾਮੇ ਸ਼ਾਮਲ ਹੋਣਗੇ |