16.2 C
Jalandhar
Monday, December 23, 2024
spot_img

ਡਿਗਰੀਆਂ ਵਾਲੇ ਪਰਵਾਰ ਦੇ ਘਰ ਤਬਾਹੀ ਮਚਾਉਣ ਵਾਲਾ ‘ਭੂਤ’ ਨੱਪਿਆ ਗਿਆ

ਤਲਵੰਡੀ ਸਾਬੋ (ਜਗਦੀਪ ਗਿੱਲ)
ਇੱਥੋਂ 14 ਕਿਲੋਮੀਟਰ ਦੂਰ ਇਕ ਪਿੰਡ ਦੇ ਦਰਜਨ ਤੋਂ ਵੱਧ ਮੈਂਬਰਾਂ ਵਾਲੇ ਉਸ ਸਾਂਝੇ ਪਰਵਾਰ, ਜਿਸ ਵਿਚ ਤਿੰਨ ਜਾਂ ਇਸ ਤੋਂ ਵੱਧ ਮੈਂਬਰ ਬੀ ਏ, ਬੀ ਐੱਡ ਅਤੇ ਐੱਮ ਏ ਵਰਗੀਆਂ ਡਿਗਰੀਆਂ ਵੀ ਪਾ ਚੱੁਕੇ ਹਨ, ਨੂੰ ਹੋਂਦ ਨਾ ਰੱਖਣ ਵਾਲੇ ਭੂਤਾਂ ਤੋਂ ਖੜੇ ਪੈਰ ਏਨਾ ਪਰੇਸ਼ਾਨ ਹੋਣਾ ਪੈ ਜਾਵੇਗਾ ਸ਼ਾਇਦ ਪੀੜਤ ਪਰਵਾਰ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ |
ਹੋਇਆ ਇਸ ਤਰ੍ਹਾਂ ਕਿ ਦੋ ਪੁੱਤਰਾਂ ਦੇ ਬਾਪ ਮੱਘਰ ਸਿੰਘ, ਜਿਸ ਦਾ ਬਜ਼ੁਰਗੀ ਹੰਢਾਅ ਰਿਹਾ ਇਕ ਅਣਵਿਆਹਿਆ ਭਰਾ ਵੀ ਹੈ, ਦੇ ਘਰ ਪਿਛਲੇ ਤਿੰਨ ਦਿਨਾਂ ਤੋਂ ਹੋਂਦ ਨਾ ਰੱਖਣ ਵਾਲੇ ਭੂਤਾਂ ਨੇ ਏਨਾ ਕਹਿਰ ਮਚਾਇਆ ਕਿ ਬੰਦ ਪੇਟੀਆਂ ਵਿਚ ਪਏ ਕੀਮਤੀ ਕੱਪੜੇ (ਸੂਟ), ਮੰਜੇ-ਪੀੜ੍ਹੀਆਂ ਅਤੇ ਹਜ਼ਾਰਾਂ ਰੁਪਏ ਦਾ ਹੋਰ ਸਾਜ਼ੋ-ਸਮਾਨ ਘਰ ਵਿਚ ਲਗਾਤਾਰ ਲੱਗ ਰਹੀਆਂ ਅੱਗਾਂ ਕਾਰਨ ਸੜ ਕੇ ਸਵਾਹ ਹੋ ਗਿਆ |
ਭੂਤਾਂ ਵੱਲੋਂ ਸਭ ਤੋਂ ਵੱਧ ਨਿਸ਼ਾਨਾ ਪੀੜਤ ਪਰਵਾਰ ਦੀ ਉਸ ਧੀ ਮੇਲੋ ਦੇ ਕੱਪੜਿਆਂ ਨੂੰ ਬਣਾਇਆ ਗਿਆ, ਜਿਹੜੀ ਬੀ ਏ-ਬੀ ਐੱਡ ਦੀ ਡਿਗਰੀ ਕਰ ਕੇ ਆਪ ਲਾਗਲੇ ਪਿੰਡ ਦੇ ਇੱਕ ਸਕੂਲ ਵਿੱਚ ਬੱਚਿਆਂ ਨੂੰ ਤਾਲੀਮ ਦੇ ਰਹੀ ਦੱਸੀ ਜਾ ਰਹੀ ਹੈ | ਜ਼ਿਕਰਯੋਗ ਹੈ ਕਿ ਉਸੇ ਸਕੂਲ ਵਿਚ ਮੇਲੋ ਦੀ ਭਰਜਾਈ ਬਚਨ ਕੌਰ ਵੀ ਅਧਿਆਪਕ ਲੱਗੀ ਹੋਈ ਹੈ | ਦੋਵੇਂ ਨਨਾਣ-ਭਰਜਾਈ ਇੱਕੋ ਸਕੂਲ ਵਿੱਚ ਪੜ੍ਹਾਉਣ ਜਾਂਦੀਆਂ ਹਨ, ਜਦੋਂ ਕਿ ਬਚਨੋ ਦਾ ਪਤੀ ਗਮਦੂਰ ਸਿੰਘ ਗੁਰੂ ਕਾਸ਼ੀ ਕਾਲਜ ਤਲਵੰਡੀ ਸਾਬੋ ਤੋਂ ਬੀ ਏ ਕਰ ਲੈਣ ਪਿੱਛੋਂ ਪਰਵਾਰ ਨਾਲ ਵਾਹੀ ਵਿੱਚ ਹੱਥ ਵਟਾ ਰਿਹਾ ਹੈ |
ਗੁਰੇ (ਗਮਦੂਰ) ਦੀ ਘਰਵਾਲੀ ਬਚਨ ਕੌਰ ਪਿਛਲੇ ਤਿੰਨ ਦਿਨ ਤੋਂ ਸਕੂਲ ਪੜ੍ਹਾਉਣ ਨਹੀਂ ਗਈ, ਕਿਉਂਕਿ ਉਹ ਬੱਚੇ ਨੂੰ ਦਵਾਈ ਦਵਾਉਣ ਲਈ ਇਕ ਦਿਨ ਤਾਂ ਵਾਂਢੇ ਚਲੀ ਗਈ, ਅਗਲੇ ਦਿਨ ਥੱਕੀ ਹੋਣ ਕਰਕੇ ਛੁੱਟੀ ਮਾਰ ਲਈ, ਜਦੋਂ ਕਿ ਉਸ ਤੋਂ ਅਗਲਾ ਦਿਨ ਐਤਵਾਰ ਹੋਣ ਕਰਕੇ ਉਂਝ ਹੀ ਛੁੱਟੀ ਦਾ ਦਿਨ ਸੀ |
ਲੰਘੇ ਸ਼ੁੱਕਰ, ਸਨਿੱਚਰ ਅਤੇ ਐਤਵਾਰ ਵਾਲੇ ਤਿੰਨ ਦਿਨਾਂ ਵਿੱਚ ਹੀ ਇਸ ਪੀੜਤ ਪਰਵਾਰ ਦੇ ਘਰ ਅਖੌਤੀ ਭੂਤਾਂ ਨੇ ਵੱਧ ਤਬਾਹੀ ਮਚਾਈ ਸੀ | ਸਕੂਲ ਪੜ੍ਹਾਉਂਦੀ ਮੇਲੋ ਦੇ ਪਹਿਨਣ ਵਾਲੇ ਕੱਪੜਿਆਂ ਵਿੱਚ ਮੋਰੀਆਂ ਤਾਂ ਭਾਵੇਂ ਪਹਿਲਾਂ ਵੀ ਨੋਟ ਕੀਤੀਆਂ ਗਈਆਂ ਸਨ, ਪਰ ਪਰਵਾਰ ਦੀ ਉਸ ਵਕਤ ਹੈਰਾਨੀ ਦੀ ਕੋਈ ਹੱਦ ਨਾ ਰਹੀ, ਜਦੋਂ ਜਿੰਦਰਾ ਲੱਗੀ ਪੇਟੀ ਵਿੱਚ ਪਏ ਉਸ ਦੇ ਕਈ ਸੂਟ ਵੀ ਅਗਨਭੇਟ ਹੋ ਗਏ |
ਉਧਰ ਇਤਹਿਆਤ ਵਰਤਦਿਆਂ ਪਰਵਾਰ ਵਾਲਿਆਂ ਵੱਲੋਂ ਮੇਲੋ ਦੇ ਕੱਪੜਿਆਂ ਨੂੰ ਬਾਕੀਆਂ ਤੋਂ ਵੱਖ ਕਰਦਿਆਂ ਬਾਹਰ ਵਿਹੜੇ ਵਿੱਚ ਮੰਜੇ ਉਪਰ ਰੱਖ ਦਿੱਤਾ ਗਿਆ ਤਾਂ ਕਿ ਨਿਗਾਹ ਰੱਖੀ ਜਾ ਸਕੇ | ਭਾਵੇਂ ਪੂਰਾ ਪੀੜਤ ਪਰਵਾਰ ਅਤੇ ਉਸ ਦੇ ਰਿਸ਼ਤੇਦਾਰਾਂ ਵੱਲੋਂ ਪਹਿਰਾ ਸਖਤ ਕਰ ਦਿੱਤਾ ਗਿਆ ਸੀ, ਪਰ ਪਿਛਲੀ ਘਟਨਾ ਤੋਂ ਬਾਅਦ ਘੰਟੇ ਹਾਲੇ ਦੋ ਵੀ ਨਹੀਂ ਸਨ ਲੰਘੇ ਕੇ ਵਿਹੜੇ ਵਿਚ ਮੰਜੇ ਉਪਰ ਪਏ ਕੁੜੀ ਦੇ ਕੱਪੜੇ ਤਾਂ ਮਚੇ ਹੀ, ਨਾਲ ਮੰਜੇ ਦਾ ਇੱਕ ਹਿੱਸਾ ਵੀ ਕਿਸੇ ਅਖੌਤੀ ਭੂਤ ਵੱਲੋਂ ਸਾੜ ਦਿੱਤਾ ਗਿਆ | ਦੇਖਦਿਆਂ ਹੀ ਦੇਖਦਿਆਂ ਨਹਾਉਣ ਕਮਰੇ ਵਿੱਚ ਕੁੰਡੀ ‘ਤੇ ਟੰਗੇ ਪਏ ਮੇਲੋ ਦੇ ਕਈ ਸੂਟਾਂ ਨੂੰ ਜਦੋਂ ਅੱਗ ਲੱਗ ਗਈ ਤਾਂ ਪੂਰੇ ਪਰਵਾਰ ਦੇ ਜਾਣੋ ਹੋਸ਼ ਹੀ ਉਡ ਗਏ | ਇਸ ਘਟਨਾ ਪਿਛੋਂ ਇਕ ਦਿਨ ਅੱਗ ਚੁਬਾਰੇ ਵਿਚ ਵੀ ਜਾ ਲੱਗੀ ਅਤੇ ਰਸੋਈ ਵਿਚ ਉਥੇ ਵੀ, ਜਿਥੇ ਪਰਵਾਰ ਦੀ ਨੂੰ ਹ ਬਚਨ ਕੌਰ ਰੋਟੀਆਂ ਪਕਾ ਰਹੀ ਸੀ | ਰੋਟੀਆਂ ਪਕਾਉਂਦੀ ਬਚਨੋ ਦੇ ਪਿਛਵਾੜੇ ਪਈ ਪੀੜ੍ਹੀ ਹੀ ਨਾ ਕੇ ਦਗ-ਦਗ ਕਰਕੇ ਦਗਣ ਲੱਗੀ, ਸਗੋਂ ਉੱਥੇ ਰਸੋਈ ਵਿਚ ਫਰਿੱਜ ਦਾ ਕਵਰ ਅਤੇ ਮਧਾਣੀ ਵੀ ਅੱਗ ਦੀ ਲਪੇਟ ਵਿਚ ਆ ਗਏ |
ਬਸ ਫਿਰ ਕੀ ਸੀ ਸਕੂਲ ਪੜ੍ਹਾਉਣ ਗਈ ਮੇਲੋ ਨੂੰ ਘਰ ਵਿਚ ਹੰਗਾਮੀ ਹਾਲਤ ਦੇ ਚਲਦਿਆਂ ਵਾਪਸ ਬੁਲਾ ਕੇ ਮਲਕਾਣਿਆਂ ਵਾਲੇ ਸੰਤਾਂ ਦੇ ਡੇਰੇ ਉਪਰ ਹੱਥ-ਹਥੌਲਾ ਕਰਵਾਉਣ ਲਈ ਲਿਜਾਇਆ ਗਿਆ | ਉਕਤ ਸਾਧ ਵਾਲਾ ਹਥੌਲਾ ਜਦੋਂ ਨਾ ਫੁਰਿਆ ਤਾਂ ਤਲਵੰਡੀ ਸਾਬੋ ਵਾਲੇ ਇਕ ਹੋਰ ਔਲੀਏ ਭੋਲਾ ਰਾਮ ਕੋਲੋਂ ਕੁੜੀ ਦਾ ਇਲਾਜ ਕਰਵਾਇਆ ਗਿਆ | ਜਦੋਂ ਘਰ ਵਿੱਚ ਵਾਪਰ ਰਹੀਆਂ ਘਟਨਾਵਾਂ ਨੇ ਫਿਰ ਵੀ ਰੁਕਣ ਦਾ ਨਾਂਅ ਨਾ ਲਿਆ ਤਾਂ ਪੀੜਤ ਪਰਵਾਰ ਵੱਲੋਂ ਤਲਵੰਡੀ ਸਾਬੋ ਦੇ ਤਰਕਸ਼ੀਲਾਂ ਨਾਲ ਸੰਪਰਕ ਸਾਧਿਆ ਗਿਆ | ਤਰਕਸ਼ੀਲ ਸੁਸਾਇਟੀ ਇਕਾਈ ਤਲਵੰਡੀ ਸਾਬੋ ਦੀ ਤਿੰਨ ਮੈਂਬਰੀ ਟੀਮ, ਜਿਸ ਵਿਚ ਬਲਦੇਵ ਗਿੱਲ, ਮਹਿਮਾ ਸਿੰਘ ਅਤੇ ਜਗਦੀਪ ਗਿੱਲ ਸ਼ਾਮਲ ਸਨ, ਵੱਲੋਂ ਕੀਤੀ ਗਈ ਵਿਗਿਆਨਕ ਢੰਗ ਦੀ ਜਾਂਚ-ਪੜਤਾਲ ਪਿੱਛੋਂ ਉਹ ਭੂਤ, ਜੋ ਅਗਜ਼ਨੀ ਵਗੈਰਾ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਪਿਛਲੇ ਚਾਰ-ਪੰਜ ਦਿਨ ਤੋਂ ਘਰ ਵਿੱਚ ਭੜਥੂ ਪਾ ਰਿਹਾ ਸੀ, ਨੂੰ ਕਾਬੂ ਕਰ ਲਿਆ ਗਿਆ | ਤਰਕਸ਼ੀਲਾਂ ਵੱਲੋਂ ਵਰ੍ਹਦੇ ਮੀਂਹ ਵਿੱਚ ਪੀੜਤ ਪਰਵਾਰ ਦੇ ਘਰ ਪੁੱਜ ਕੇ ਦਿੱਤੀਆਂ ਵਿਗਿਆਨਕ ਦਲੀਲਾਂ ਪਿੱਛੋਂ ਹੁਣ ਭਾਵੇਂ ਉਹ ਘਟਨਾਵਾਂ ਦਾ ਸਿਲਸਿਲਾ ਰੁਕ ਗਿਆ ਹੈ, ਪ੍ਰੰਤੂ ਫਿਰ ਵੀ ਉਕਤ ਭੂਤ ਨੂੰ ਵੱਖਰਿਆਂ ਪ੍ਰਗਟ ਕਰਕੇ ਉਸ ਨੂੰ ਅੱਗੇ ਤੋਂ ਅਜਿਹਾ ਕਰਨ ਤੋਂ ਵਿਗਿਆਨਕ ਤਰੀਕੇ ਨਾਲ ਵਰਜਿਆ ਗਿਆ ਹੈ | ਇਹ ਵੀ ਪਤਾ ਲੱਗਾ ਹੈ ਕਿ ਤਰਕਸ਼ੀਲਾਂ ਵੱਲੋਂ ਉਕਤ ਭੂਤ ਨੂੰ ਸਾਫ ਕਹਿ ਦਿੱਤਾ ਗਿਆ ਹੈ ਕਿ ਜੇਕਰ ਉਹ ਗੁੱਝੀਆਂ ਹਰਕਤਾਂ ਤੋਂ ਬਾਜ਼ ਨਾ ਆਇਆ ਤਾਂ ਉਸ ਦੀ ਪਹਿਚਾਣ ਜੱਗ-ਜ਼ਾਹਰ ਕਰਨ ਲਈ ਸਾਨੂੰ ਮਜਬੂਰ ਹੋਣਾ ਪਵੇਗਾ | (ਦੱਸ ਦੇਈਏ ਕਿ ਇਸ ਰਿਪੋਰਟ ਵਿਚਲੇ ਸਾਰੇ ਨਾਂਅ ਕਲਪਿਤ ਹਨ, ਜਦੋਂ ਕਿ ਘਟਨਾਵਾਂ ਸੱਚੀਆਂ ਹਨ | ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਕਿ ਸੰਬੰਧਤ ਪੀੜਤ ਪਰਵਾਰ ਨੂੰ ਕਿਸੇ ਕਿਸਮ ਦੀ ਹੋਰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ |)

Related Articles

LEAVE A REPLY

Please enter your comment!
Please enter your name here

Latest Articles