35.2 C
Jalandhar
Friday, October 18, 2024
spot_img

ਲੁਧਿਆਣਾ ‘ਚ ਸ਼ਿਵ ਸੈਨਾ ਆਗੂ ‘ਤੇ ਜਾਨਲੇਵਾ ਹਮਲਾ

ਲੁਧਿਆਣਾ (ਐੱਮ ਐੱਸ ਭਾਟੀਆ, ਜਸਦੀਪ ਵਰਤੀਆ, ਰਾਜ ਸਿੰਗਲਾ)-ਸ਼ਿਵ ਸੈਨਾ ਪੰਜਾਬ ਦੇ ਆਗੂ ਸੰਦੀਪ ਥਾਪਰ ਉਰਫ ਗੋਰਾ (58) ਨੂੰ ਸ਼ੁੱਕਰਵਾਰ ਦੁਪਹਿਰੇ ਸਿਵਲ ਹਸਪਤਾਲ ਨੇੜੇ ਨਿਹੰਗ ਬਾਣੇ ਵਾਲੇ ਹਮਲਾਵਰਾਂ ਨੇ ਤਲਵਾਰਾਂ ਨਾਲ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ | ਗੋਰਾ ਟਕਸਾਲੀ ਸ਼ਿਵ ਸੈਨਾ ਆਗੂ ਸੁਖਦੇਵ ਥਾਪਰ ਦਾ ਬੇਟਾ ਹੈ |
ਸੀ ਸੀ ਟੀ ਵੀ ਫੁਟੇਜ ਤੋਂ ਨਜ਼ਰ ਆਇਆ ਹੈ ਕਿ ਜਦੋਂ ਗੋਰਾ ਸਕੂਟਰ ਦੇ ਪਿੱਛੇ ਗੰਨਮੈਨ ਨੂੰ ਬਿਠਾ ਕੇ ਸਿਵਲ ਹਸਪਤਾਲ ਤੋਂ ਬਾਹਰ ਨਿਕਲਿਆ ਤਾਂ ਹਮਲਾਵਰਾਂ ਨੇ ਉਸਨੂੰ ਰੋਕ ਲਿਆ | ਇਕ ਬੰਦਾ ਗੰਨਮੈਨ ਨੂੰ ਪਾਸੇ ਲਿਜਾ ਕੇ ਗੱਲਾਂ ਕਰਨ ਲੱਗ ਪਿਆ ਤੇ ਉਸਦਾ ਰਿਵਾਲਵਰ ਖੋਹ ਲਿਆ | ਘਿਰਿਆ ਦੇਖ ਕੇ ਗੋਰੇ ਨੇ ਹੱਥ ਜੋੜ ਕੇ ਬਖਸ਼ ਦੇਣ ਲਈ ਕਿਹਾ ਪਰ ਇਕ ਹਮਲਾਵਰ ਨੇ ਉਸਦੇ ਸਿਰ ‘ਤੇ ਤਲਵਾਰਾਂ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ | ਗੋਰਾ ਸੜਕ ‘ਤੇ ਡਿੱਗ ਪਿਆ | ਇਸ ਦੌਰਾਨ ਦੂਜੇ ਹਮਲਾਵਰ ਨੇ ਵੀ ਵਾਰ ਕੀਤੇ | ਲੋਕ ਸਦਮੇ ਵਿਚ ਦੇਖਦੇ ਰਹੇ ਅਤੇ ਪਹਿਲਾ ਹਮਲਾਵਰ ਸਕੂਟਰ ‘ਤੇ ਦੂਜੇ ਨੂੰ ਬਿਠਾ ਕੇ ਫਰਾਰ ਹੋ ਗਿਆ | ਤੀਜੇ ਦਾ ਪਤਾ ਨਹੀਂ ਲੱਗਿਆ, ਕਿੱਧਰ ਖਿਸਕ ਗਿਆ | ਗੋਰੇ ਦਾ ਗੰਨਮੈਨ ਸੜਕ ‘ਤੇ ਫਿਰਦਾ ਨਜ਼ਰ ਆਇਆ | ਉਸਨੇ ਗੋਰੇ ਨੂੰ ਬਚਾਉਣ ਜਾਂ ਹਮਲਾਵਰਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ |
ਗੋਰਾ ਸਿਵਲ ਹਸਪਤਾਲ ਨੇੜੇ ਐੱਨ ਜੀ ਓ ਸੰਵੇਦਨਾ ਟਰੱਸਟ ਦੇ ਦਫਤਰ ‘ਚੋਂ ਨਿਕਲਿਆ ਸੀ, ਜਿੱਥੇ ਟਰੱਸਟ ਦੇ ਬਾਨੀ ਪ੍ਰਧਾਨ ਰਵਿੰਦਰ ਅਰੋੜਾ ਦੀ ਚੌਥੀ ਬਰਸੀ ‘ਤੇ ਪ੍ਰੋਗਰਾਮ ਰੱਖਿਆ ਹੋਇਆ ਸੀ | ਲੋਕ ਗੋਰੇ ਨੂੰ ਸਿਵਲ ਹਸਪਤਾਲ ਲੈ ਕੇ ਗਏ, ਜਿੱਥੋਂ ਉਸਨੂੰ ਡੀ ਐੱਮ ਸੀ ਹਸਪਤਾਲ ਰੈਫਰ ਕਰ ਦਿੱਤਾ ਗਿਆ | ਗੋਰੇ ਨੇ ਹਸਪਤਾਲ ਵਿਚ ਕਿਹਾ ਕਿ ਉਸਨੂੰ ਧਮਕੀਆਂ ਮਿਲਦੀਆਂ ਰਹੀਆਂ ਹਨ | ਉਥੇ ਹਿੰਦੂ ਸੰਗਠਨਾਂ ਦੇ ਲੋਕਾਂ ਨੇ ਪੁੱਜ ਕੇ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਖਿਲਾਫ ਨਾਅਰੇਬਾਜ਼ੀ ਕੀਤੀ | ਸ਼ਿਵ ਸੈਨਾ ਪੰਜਾਬ ਦੇ ਯੂਥ ਵਿੰਗ ਦੇ ਪ੍ਰਧਾਨ ਸੁਮੀਤ ਅਰੋੜਾ ਨੇ ਕਿਹਾ ਕਿ ਗੋਰੇ ਨਾਲ ਪਹਿਲਾਂ ਤਿੰਨ ਗੰਨਮੈਨ ਹੁੰਦੇ ਸਨ ਪਰ ਹਫਤਾ ਪਹਿਲਾਂ ਵਾਪਸ ਲੈ ਲਏ ਗਏ ਸਨ | ਬਾਅਦ ਵਿਚ ਇਕ ਗੰਨਮੈਨ ਮੁਹੱਈਆ ਕਰਵਾਇਆ ਗਿਆ | ਅਰੋੜਾ ਨੇ ਦੋਸ਼ ਲਾਇਆ ਕਿ ਗੰਨਮੈਨ ਨੇ ਹਮਲਾਵਰਾਂ ਨੂੰ ਆਰਾਮ ਨਾਲ ਭੱਜਣ ਦਿੱਤਾ | ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਰਾਜੀਵ ਟੰਡਨ ਨੇ ਕਿਹਾ ਕਿ ਪੁਲਸ ਤੇ ਸਰਕਾਰ ਹਿੰਦੂ ਜਥੇਬੰਦੀਆਂ ਦੇ ਆਗੂਆਂ ਦੀ ਸੁਰੱਖਿਆ ਬਾਰੇ ਗੰਭੀਰ ਨਹੀਂ | ਉਸਨੇ ਕਈ ਆਗੂਆਂ ਦੀ ਸੁਰੱਖਿਆ ਵਾਪਸ ਲੈ ਲਈ ਹੈ |
ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਜਿਹੜੇ ਭਾਜਪਾ ਦੀ ਟਿਕਟ ‘ਤੇ ਲੁਧਿਆਣਾ ਤੋਂ ਲੋਕ ਸਭਾ ਚੋਣ ਲੜੇ ਸਨ, ਨੇ ਕਿਹਾ ਕਿ ਸ਼ਰੇਆਮ ਵਹਿਸ਼ੀ ਹਮਲੇ ਨੇ ਲੋਕਾਂ ਵਿਚ ਸਹਿਮ ਪੈਦਾ ਕਰ ਦਿੱਤਾ ਹੈ | ਪ੍ਰਸ਼ਾਸਨ ਨਾਂ ਦੀ ਕੋਈ ਚੀਜ਼ ਨਹੀਂ ਰਹੀ | ਅਮਨ ਕਾਨੂੰਨ ਮਜ਼ਾਕ ਬਣ ਗਿਆ ਹੈ |
ਗੋਰਾ ਖਲਿਸਤਾਨ ਤੇ ਦਹਿਸ਼ਤਗਰਦੀ ਖਿਲਾਫ ਬੋਲਦਾ ਰਹਿੰਦਾ ਸੀ | ਉਸਨੇ ਕਿਸਾਨ ਅੰਦੋਲਨ ਦੇ ਖਿਲਾਫ ਵੀ ਬਿਆਨ ਦਿੱਤੇ ਸਨ | ਗੰਨਮੈਨ ਨੇ ਕਿਹਾ ਕਿ ਹਮਲਾਵਰ ਨੇ ਉਸਨੂੰ ਕਾਬੂ ਕਰ ਲਿਆ ਸੀ ਤੇ ਹਥਿਆਰ ਖੋਹਣ ਦੀ ਕੋਸ਼ਿਸ਼ ਵੀ ਕੀਤੀ, ਜਿਸ ਕਰਕੇ ਉਹ ਕੁਝ ਨਹੀਂ ਕਰ ਸਕਿਆ | ਡੀ ਸੀ ਪੀ ਜਸਕਿਰਨਜੀਤ ਸਿੰਘ ਤੇਜਾ ਨੇ ਕਿਹਾ ਕਿ ਅਣਪਛਾਤਿਆਂ ਖਿਲਾਫ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕਰ ਲਿਆ ਗਿਆ ਹੈ | ਜਾਂਚ ਵਿਚ ਜੇ ਗੰਨਮੈਨ ਦੀ ਅਣਗਹਿਲੀ ਪਾਈ ਗਈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ |
ਇਸ ਹਮਲੇ ਵਿਚ ਇਹ ਕੋਣ ਵੀ ਸਾਹਮਣੇ ਆਇਆ ਕਿ ਜੇ ਹਮਲਾਵਰਾਂ ਦੀ ਨੀਤ ਕਤਲ ਕਰਨ ਦੀ ਸੀ ਤਾਂ ਤਲਵਾਰ ਦਾ ਇਕ ਹੀ ਵਾਰ ਕਾਫੀ ਹੁੰਦਾ ਹੈ | ਉਨ੍ਹਾਂ ਨੇ ਬੜੇ ਹਿਸਾਬ ਨਾਲ ਤਲਵਾਰਾਂ ਚਲਾਈਆਂ |

Related Articles

LEAVE A REPLY

Please enter your comment!
Please enter your name here

Latest Articles