20.9 C
Jalandhar
Friday, October 18, 2024
spot_img

‘ਇੰਡੀਆ’ ਨੂੰ ਅੱਗੇ ਵਧਣ ਦੀ ਲੋੜ

ਸੰਸਦ ਦੇ ਹਾਲੀਆ ਸਮਾਗਮ ਵਿੱਚ ਵਿਰੋਧੀ ਧਿਰ ਪੂਰੇ ਜਲੌਅ ਵਿੱਚ ਨਜ਼ਰ ਆਈ | ਰਾਹੁਲ ਗਾਂਧੀ, ਅਖਿਲੇਸ਼ ਯਾਦਵ ਤੇ ਮਹੂਆ ਮੋਇਤਰਾ ਤੋਂ ਲੈ ਕੇ ਹਰ ਸਾਂਸਦ ਨੇ ਮੋਦੀ ਸਰਕਾਰ ‘ਤੇ ਤਿੱਖੇ ਹਮਲੇ ਕੀਤੇ | ਪਿਛਲੇ ਦਸ ਸਾਲਾਂ ‘ਤੇ ਨਜ਼ਰ ਮਾਰੀਏ ਤਾਂ ਇੰਜ ਲਗਦਾ ਹੈ ਕਿ ਉਸ ਪੂਰੇ ਸਮੇਂ ਦੌਰਾਨ ਬਿਖਰੀ ਹੋਈ ਵਿਰੋਧੀ ਧਿਰ ਹੌਸਲਾ ਛੱਡ ਚੁੱਕੀ ਸੀ | ਇਸ ਸਾਰੇ ਦੌਰ ਵਿੱਚ ਮੋਦੀ ਸਰਕਾਰ ਨੇ ਬਹੁਗਿਣਤੀ ਦੇ ਜ਼ੋਰ ‘ਤੇ ਲੋਕਤੰਤਰ ਦੀਆਂ ਚੂਲਾਂ ਹਿਲਾ ਦਿੱਤੀਆਂ ਸਨ | ਦੇਸ਼ ਦੀ ਧਰਮ-ਨਿਰਪੱਖਤਾ, ਭਾਈਚਾਰੇ, ਅਜ਼ਾਦੀ, ਨਿਆਂ ਵਰਗੀਆਂ ਸੰਵਿਧਾਨਕ ਕਦਰਾਂ ਨੂੰ ਤਹਿਸ-ਨਹਿਸ ਕਰਕੇ ਡਰ ਦਾ ਅਜਿਹਾ ਮਾਹੌਲ ਸਿਰਜ ਦਿੱਤਾ ਸੀ, ਜਿਸ ਨੇ ਵਿਰੋਧੀ ਧਿਰਾਂ ਨੂੰ ‘ਦੜ ਵੱਟ ਜ਼ਮਾਨਾ ਕੱਟ, ਭਲੇ ਦਿਨ ਆਵਣਗੇ’ ਵਾਲੀ ਹਾਲਤ ਵਿੱਚ ਪੁਚਾ ਦਿੱਤਾ ਸੀ | ਲੋਕ ਲਗਾਤਾਰ ਲੜਦੇ ਰਹੇ, ਲਾਠੀਆਂ ਵੀ ਖਾਂਦੇ ਰਹੇ, ਪਰ ਕਿਸੇ ਵੀ ਮੁੱਖ ਪਾਰਟੀ ਦੇ ਆਗੂਆਂ ਵਿੱਚ ਇਹ ਹਿੰਮਤ ਨਹੀਂ ਸੀ, ਕਿ ਉਹ ਉਨ੍ਹਾਂ ਦੀ ਅਗਵਾਈ ਕਰ ਸਕਣ |
ਇਹ ਜਨਤਾ ਹੀ ਸੀ, ਜਿਸ ਨੇ ਲੋਕ ਸਭਾ ਚੋਣਾਂ ਵਿੱਚ ਮੋਦੀ ਦੇ ਹੰਕਾਰ ਨੂੰ ਤੋੜ ਕੇ ਵਿਰੋਧੀ ਧਿਰਾਂ ਨੂੰ ਤਾਕਤ ਦਿੱਤੀ, ਜਿਸ ਨਾਲ ਉਨ੍ਹਾਂ ਵਿੱਚ ਆਤਮ-ਵਿਸ਼ਵਾਸ ਬਹਾਲ ਹੋਇਆ ਹੈ | ਸੱਚ ਤਾਂ ਇਹ ਹੈ ਕਿ ਇੰਡੀਆ ਗੱਠਜੋੜ ਨੇ ਕੁਝ ਹੋਰ ਸੂਬਿਆਂ ਵਿੱਚ ਵੀ ਭਾਜਪਾ ਵਾਲੀ ਨੀਤੀ ਅਪਣਾਈ ਹੁੰਦੀ ਤਾਂ ਅੱਜ ਮੋਦੀ ਰਾਜ ਸੱਤਾ ਵਿੱਚ ਨਾ ਹੁੰਦਾ | ਮਿਸਾਲ ਵਜੋਂ ਓਡੀਸ਼ਾ ਵਿੱਚ ਭਾਜਪਾ ਨੇ ਪਹਿਲਾਂ ਨਵੀਨ ਪਟਨਾਇਕ ਨਾਲ ਸਮਝੌਤੇ ਦੀ ਗੱਲ ਚਲਾਈ, ਪਰ ਮੁੜ ਕੇ ਤੋੜ ਦਿੱਤੀ | ਇਹ ਮੌਕਾ ਸੀ, ਜਿਸ ਨੂੰ ਸਾਂਭ ਕੇ, ਕਾਂਗਰਸ ਨਵੀਨ ਨਾਲ ਸਮਝੌਤਾ ਕਰਕੇ ਭਾਜਪਾ ਦਾ ਓਡੀਸ਼ਾ ਵਿੱਚ ਵਿਜੇ ਰੱਥ ਰੋਕ ਸਕਦੀ ਸੀ | ਇਸੇ ਤਰ੍ਹਾਂ ਜਦੋਂ ਭਾਜਪਾ ਨੇ ਆਂਧਰਾ ਵਿੱਚ ਚੰਦਰ ਬਾਬੂ ਨਾਇਡੂ ਨਾਲ ਸਮਝੌਤਾ ਸਿਰੇ ਚਾੜ੍ਹ ਲਿਆ ਸੀ ਤਾਂ ਕਾਂਗਰਸ ਨੂੰ ਜਗਮੋਹਨ ਰੈਡੀ ਨਾਲ ਸੀਟਾਂ ਦੀ ਵੰਡ ਕਰ ਲੈਣੀ ਚਾਹੀਦੀ ਸੀ | ਇਨ੍ਹਾਂ ਦੋਵਾਂ ਰਾਜਾਂ ਦੀਆਂ 46 ਸੀਟਾਂ ਵਿੱਚੋਂ ਕਾਂਗਰਸ ਨੂੰ ਇੱਕ, ਭਾਜਪਾ ਨੂੰ 23 ਤੇ ਉਸ ਦੇ ਭਾਈਵਾਲਾਂ ਨੂੰ 18 ਸੀਟਾਂ ਮਿਲੀਆਂ ਹਨ | ਇਨ੍ਹਾਂ ਦੋਵਾਂ ਰਾਜਾਂ ਵਿੱਚ ਕਾਂਗਰਸ ਨੂੰ ਮਿਲੇ ਵੋਟ ਸ਼ੇਅਰ ਤੋਂ ਸਪੱਸ਼ਟ ਹੈ ਕਿ ਉਹ ਇਕੱਲਿਆਂ ਲੜ ਕੇ ਕੁਝ ਹਾਸਲ ਹੀ ਨਹੀਂ ਸੀ ਕਰ ਸਕਦੀ |
ਇਹ ਬੀਤੇ ਦੀਆਂ ਗੱਲਾਂ ਹਨ, ਇਨ੍ਹਾਂ ਨੂੰ ਹੁਣ ਬਦਲਿਆ ਨਹੀਂ ਜਾ ਸਕਦਾ | ਹੁਣ ਅੱਗੇ ਵਧਣਾ ਚਾਹੀਦਾ ਹੈ | ਸੰਸਦ ਸਮਾਗਮ ਦੇ ਪਹਿਲੇ ਦਿਨ ਵਿਰੋਧੀ ਧਿਰ ਦੇ ਸਾਂਸਦਾਂ ਨੇ ਸਹੁੰ ਚੁੱਕਣ ਮੌਕੇ ‘ਜੈ ਸੰਵਿਧਾਨ’ ਦੇ ਨਾਅਰੇ ਲਾ ਕੇ ਇਹ ਸਪੱਸ਼ਟ ਕਰ ਦਿੱਤਾ ਕਿ ਉਹ ਭਾਜਪਾ ਦੇ ਸੰਵਿਧਾਨ ਉੱਤੇ ਹਰ ਹਮਲੇ ਨੂੰ ਪਛਾੜਨ ਲਈ ਵਚਨਬੱਧ ਹਨ | ਰਾਹੁਲ ਗਾਂਧੀ ਨੇ ਜਦੋਂ ਮੋਦੀ ਨੂੰ ਇਹ ਕਿਹਾ ਕਿ ਅਸੀਂ ਤੁਹਾਨੂੰ ਗੁਜਰਾਤ ਵਿੱਚ ਵੀ ਹਰਾਵਾਂਗੇ ਤਾਂ ਉਨ੍ਹਾਂ ਕਾਂਗਰਸ ਨਹੀਂ ਇੰਡੀਆ ਹਰਾਵੇਗਾ ਕਿਹਾ | ਇਸ ਤੋਂ ਜਾਪਦਾ ਹੈ ਕਿ ਰਾਹੁਲ ਗਾਂਧੀ ‘ਇੰਡੀਆ’ ਦੀ ਏਕਤਾ ਲਈ ਪੂਰੀ ਤਰ੍ਹਾਂ ਸੁਚੇਤ ਹਨ |
ਸੰਸਦ ਸਮਾਗਮ ਦੀ ਸਭ ਤੋਂ ਮਾੜੀ ਖ਼ਬਰ ਇਹ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਰਾਹੀਂ ਇਹ ਸਾਫ਼ ਕਰ ਦਿੱਤਾ ਹੈ ਕਿ ਉਹ ਬਦਲਣ ਵਾਲੇ ਨਹੀਂ ਤੇ ਆਪਣਾ ਰਾਜ ਉਸੇ ਤਰਜ਼ ਉਤੇ ਚਲਾਉਣਗੇ ਜਿਵੇਂ ਪਿਛਲੇ 10 ਸਾਲ ਦੌਰਾਨ ਚਲਾਉਂਦੇ ਰਹੇ ਹਨ | ਸਾਰੇ ਸਮਾਗਮ ਦੌਰਾਨ ਇੱਕ ਵਾਰ ਵੀ ਅਜਿਹਾ ਨਹੀਂ ਲੱਗਿਆ ਕਿ ਪ੍ਰਧਾਨ ਮੰਤਰੀ ਇੱਕ ਮਿਲੀ-ਜੁਲੀ ਸਰਕਾਰ ਚਲਾ ਰਹੇ ਹਨ | ਪ੍ਰਧਾਨ ਮੰਤਰੀ ਵੱਲੋਂ ਧੰਨਵਾਦ ਮਤੇ ਉੱਤੇ ਹੋਈ ਚਰਚਾ ਦਾ ਜਵਾਬ ਦਿੰਦਿਆਂ ਕਾਂਗਰਸ ਨੂੰ ਪਰਜੀਵੀ ਕਹਿਣਾ ਤੇ ਰਾਹੁਲ ਗਾਂਧੀ ਵੱਲੋਂ ਉਠਾਏ ਮੁੱਦਿਆਂ ਨੂੰ ‘ਬਾਲ ਬੁੱਧੀ’ ਕਹਿ ਕੇ ਅਣਦੇਖਿਆ ਕਰਨਾ ਸਾਬਤ ਕਰਦਾ ਹੈ ਕਿ ਸੱਤਾਧਾਰੀ ਆਉਣ ਵਾਲੇ ਸਮੇਂ ਦੌਰਾਨ ਕਰੂਰਤਾ ਦੀਆਂ ਹੱਦਾਂ ਲੰਘਣ ਲਈ ਉਤਾਵਲੇ ਹਨ |
ਅਜਿਹੀ ਸਥਿਤੀ ਵਿੱਚ ਇੰਡੀਆ ਗੱਠਜੋੜ ਨੂੰ ਹੁਣ ਤੋਂ ਅਗਲੇ ਸੰਘਰਸ਼ ਵਿੱਢਣੇ ਪੈਣਗੇ | ਇਹ ਉਡੀਕ ਖ਼ਤਮ ਕਰ ਦੇਣੀ ਚਾਹੀਦੀ ਹੈ ਕਿ ਫਹੁੜੀਆਂ ਉੱਤੇ ਟਿਕੀ ਹੋਈ ਇਹ ਸਰਕਾਰ ਕਦੇ ਵੀ ਡਿਗ ਸਕਦੀ ਹੈ | ਇਹ ਵੀ ਭੁੱਲ ਜਾਣਾ ਚਾਹੀਦਾ ਹੈ ਕਿ ਸੰਸਦ ਵਿੱਚ ਘੇਰ ਕੇ ਵਿਰੋਧੀ ਧਿਰ ਮੋਦੀ-ਸ਼ਾਹ ਜੋੜੀ ਦਾ ਕੁਝ ਵਿਗਾੜ ਸਕੇਗੀ ਜਾਂ ਉਸ ਦੇ ਜਨ ਵਿਰੋਧੀ ਫੈਸਲਿਆਂ ਨੂੰ ਰੋਕ ਸਕੇਗੀ | ਵਿਰੋਧੀ ਧਿਰ ਦੇ ਆਗੂਆਂ ਨੂੰ ਦਿੱਲੀ ਦੀ ਥਾਂ ਲੋਕਾਂ ਵਿੱਚ ਜਾਣਾ ਪਵੇਗਾ | ਹਰ ਵਿਰੋਧੀ ਆਗੂ ਨੂੰ ਮਹਿੰਗਾਈ ਤੇ ਬੇਰੁਜ਼ਗਾਰੀ ਆਦਿ ਮੁੱਦਿਆਂ ਉੱਤੇ ਜਨਤਾ ਨੂੰ ਸੰਘਰਸ਼ਾਂ ਵਿੱਚ ਪਾ ਕੇ ਉਸ ਦੀ ਅਗਵਾਈ ਕਰਨੀ ਪਵੇਗੀ | ਇਹ ਸੋਚ ਕੇ ਕਿ ਕਦੇ ਵੀ ਮੁੜ ਚੋਣਾਂ ਦੀ ਨੌਬਤ ਆ ਸਕਦੀ ਹੈ, ਮੋਦੀ-ਸ਼ਾਹ ਵਾਂਗ ਹੀ ਚੋਣ ਮੋਡ ਵਿੱਚ ਰਹਿਣਾ ਪਵੇਗਾ | ਇੰਡੀਆ ਗੱਠਜੋੜ ਨੂੰ ਮਹਾਰਾਸ਼ਟਰ, ਹਰਿਆਣਾ ਤੇ ਝਾਰਖੰਡ, ਜਿਥੇ ਅਗਲੇ ਕੁਝ ਮਹੀਨਿਆਂ ਬਾਅਦ ਚੋਣਾਂ ਹੋਣੀਆਂ ਹਨ, ਵਿੱਚ ਹੁਣੇ ਤੋਂ ਤਿਆਰੀਆਂ ਵਿੱਢ ਦੇਣੀਆਂ ਚਾਹੀਦੀਆਂ ਹਨ | ਬਿਹਾਰ ਵੱਲ ਖਾਸ ਧਿਆਨ ਦੇਣ ਦੀ ਜ਼ਰੂਰਤ ਹੈ, ਕਿਉਂਕਿ ਮਾਹੌਲ ਅਨਕੂਲ ਹੋਣ ਦੇ ਬਾਵਜੂਦ ਆਰ ਜੇ ਡੀ ਦੀ ਜ਼ਿਦ ਕਾਰਨ ਨਤੀਜੇ ਉਲਟ ਨਿਕਲੇ ਸਨ | ਇਨ੍ਹਾਂ ਸਭ ਰਾਜਾਂ ਵਿੱਚ ਨਿੱਕੀ ਤੋਂ ਨਿੱਕੀ ਪਾਰਟੀ ਨੂੰ ਵੀ ਨਾਲ ਜੋੜੀ ਰੱਖਣਾ ਚਾਹੀਦਾ ਹੈ | ਸ਼ਰਦ ਪਵਾਰ ਦਾ ਇਹ ਕਹਿਣਾ ਕਿ ਖੱਬੀਆਂ ਪਾਰਟੀਆਂ ਨੂੰ ਵੀ ਬਣਦੀ ਹਿੱਸੇਦਾਰੀ ਦੇਣੀ ਚਾਹੀਦੀ ਹੈ, ਠੀਕ ਪਹੁੰਚ ਹੈ | ਵਿਧਾਨ ਪ੍ਰੀਸ਼ਦ ਦੀਆਂ ਚੋਣਾਂ ਵਿੱਚ ਉਸ ਨੇ ਆਪਣੇ ਹਿੱਸੇ ਆਈ ਸੀਟ ਸਵਾਭੀਮਾਨੀ ਸ਼ੇਤਕਾਰੀ ਪਾਰਟੀ ਨੂੰ ਦੇ ਕੇ ਇਸ ਦਾ ਆਗਾਜ਼ ਕਰ ਦਿੱਤਾ ਹੈ |
ਵਿਰੋਧੀ ਦਲਾਂ ਨੂੰ ਸਹੀ ਮਾਅਨਿਆਂ ਵਿੱਚ ਵਿਰੋਧੀ ਧਿਰ ਬਣਨ ਲਈ ਇੱਕ ਸੇਧ ਵਿੱਚ ਅੱਗੇ ਵਧਣ ਲਈ ਆਪਣੇ ਮਤਭੇਦ ਲਾਂਭੇ ਰੱਖਣੇ ਪੈਣਗੇ | ਆਪਣੇ ਸਮੱਰਥਕ ਵਰਗਾਂ, ਦਲਿਤਾਂ, ਪਛੜਿਆਂ ਤੇ ਘੱਟ ਗਿਣਤੀਆਂ ਵਿਚਲੇ ਅੰਡਰ ਵਿਰੋਧਾ ਨੂੰ ਹੱਲ ਕਰਨ ਲਈ ਵੀ ਜਤਨ ਕਰਨੇ ਪੈਣਗੇ ਕਿਉਂਕਿ ਇਨ੍ਹਾਂ ਵਿਚਲੀ ਪਾਟੋਧਾੜ ਹੀ ਭਾਜਪਾ ਦੀ ਸਫ਼ਲਤਾ ਦੀ ਕੁੰਜੀ ਹੈ |
-ਚੰਦ ਫਤਿਹਪੁਰੀ

Related Articles

LEAVE A REPLY

Please enter your comment!
Please enter your name here

Latest Articles