25.3 C
Jalandhar
Thursday, October 17, 2024
spot_img

ਟੋਰੀਆਂ ਦੀ ਟੌਹਰ ਜਾਂਦੀ ਲੱਗੀ, ਲੇਬਰ ਪਾਰਟੀ ਦੀ ਜ਼ਬਰਦਸਤ ਵਾਪਸੀ

ਲੰਡਨ : ਬਰਤਾਨੀਆ ਵਿਚ ਲੇਬਰ ਪਾਰਟੀ ਨੇ ਆਮ ਚੋਣਾਂ ਵਿਚ ਹੂੰਝਾ ਫੇਰ ਜਿੱਤ ਦਰਜ ਕਰਦਿਆਂ ਸੱਤਾ ਵਿਚ ਵਾਪਸੀ ਕੀਤੀ | 650 ਵਿੱਚੋਂ ਨਿਕਲੇ 648 ਨਤੀਜਿਆਂ ਵਿੱਚੋਂ 412 ਲੇਬਰ ਪਾਰਟੀ ਦੇ ਹੱਕ ਵਿਚ ਗਏ | ਰਿਸ਼ੀ ਸੂਨਕ ਦੀ ਅਗਵਾਈ ਵਾਲੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ 121 ਸੀਟਾਂ ਜਿੱਤੀ | ਲਿਬਰਲ ਡੈਮੋਕਰੇਟਸ ਨੇ 71, ਸਕਾਟਿਸ਼ ਨੈਸ਼ਨਲ ਪਾਰਟੀ ਨੇ 9, ਸਿਨ ਫੇਨ ਨੇ 7, ਡੈਮੋਕਰੇਟਿਕ ਯੂਨੀਅਨਿਸਟ ਪਾਰਟੀ ਨੇ 5 ਤੇ ਰਿਫਾਰਮਜ਼ ਪਾਰਟੀ ਨੇ ਚਾਰ ਸੀਟਾਂ ਜਿੱਤੀਆਂ | ਜਿੱਤ ਤੋਂ ਬਾਅਦ ਲੇਬਰ ਪਾਰਟੀ ਦੇ ਆਗੂ ਕੀਰ ਸਟਾਰਮਰ (61) ਨੇ ਕਿੰਗ ਚਾਰਲਸ ਤੀਜੇ ਨਾਲ ਮੁਲਾਕਾਤ ਕੀਤੀ, ਜਿਸਨੇ ਉਨਾ ਨੂੰ ਸਰਕਾਰ ਬਣਾਉਣ ਲਈ ਕਿਹਾ | ਸਟਾਰਮਰ ਪਤਨੀ ਵਿਕਟੋਰੀਆ ਸਟਾਰਮਰ ਨਾਲ ਕਿੰਗ ਨੂੰ ਮਿਲੇ ਸਨ | ਸਟਾਰਮਰ ਨੇ ਜੇਤੂ ਰੈਲੀ ਵਿਚ ਕਿਹਾ—ਆਖਰ ਇਸ ਮਹਾਨ ਦੇਸ਼ ਦੇ ਮੋਡਿਆਂ ਤੋਂ ਇਕ ਬੋਝ ਹਟ ਗਿਆ ਹੈ | ਪਰਿਵਰਤਨ ਹੁਣ ਸ਼ੁਰੂ ਹੁੰਦਾ ਹੈ |
14 ਸਾਲ ਤੋਂ ਰਾਜ ਕਰ ਰਹੀ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਵਿਚ ਪਿਛਲੇ 8 ਸਾਲ ਉਥਲ-ਪੁਥਲ ਵਾਲੇ ਰਹੇ | ਇਸ ਦੌਰਾਨ ਉਸਨੇ ਪੰਜ ਪ੍ਰਧਾਨ ਮੰਤਰੀ ਬਦਲੇ | ਨਤੀਜਿਆਂ ਤੋਂ ਸਾਫ ਹੈ ਕਿ ਕੰਜ਼ਰਵੇਟਿਵ ਪਾਰਟੀ ਖਿਲਾਫ ਤਿੱਖੀ ਲਹਿਰ ਸੀ | ਨਤੀਜਿਆਂ ਨੇ ਟੋਰੀਜ਼ (ਕੰਜ਼ਰਵੇਟਿਵ ਪਾਰਟੀ ਦਾ ਚਰਚਿਤ ਨਾਂਅ) ਨੂੰ ਅਪੋਜ਼ੀਸ਼ਨ ਵਿਚ ਬਿਠਾ ਦਿੱਤਾ ਹੈ | ਉਸਦੇ ਵੱਡੇ-ਵੱਡੇ ਆਗੂ ਹਾਰ ਗਏ | ਉੱਤਰੀ ਇੰਗਲੈਂਡ ਤੇ ਮਿਡਲੈਂਡਜ਼ ਇਲਾਕਿਆਂ ਵਿਚ ਪਾਰਟੀ ਦਾ ਸਫਾਇਆ ਹੋ ਗਿਆ | ਦੱਖਣੀ ਇੰਗਲੈਂਡ ਦੇ ਖੁਸ਼ਹਾਲ ਇਲਾਕਿਆਂ ਵਿਚ ਲਿਬਰਲ ਡੈਮੋਕਰੇਟਸ ਨੇ ਉਸਦਾ ਸਫਾਇਆ ਕੀਤਾ | ਇਥੇ ਉਹ ਦਹਾਕਿਆਂ ਤੋਂ ਕਾਬਜ਼ ਸੀ |
ਜਨਵਰੀ 2023 ਵਿਚ ਰਿਸ਼ੀ ਸੂਨਕ ਨੇ ਪ੍ਰਧਾਨ ਮੰਤਰੀ ਬਣਨ ਵੇਲੇ ਲੋਕਾਂ ਨਾਲ ਪੰਜ ਵਾਅਦੇ ਕੀਤੇ ਸਨ | ਇਨ੍ਹਾਂ ਵਿਚ ਨੋਟਪਸਾਰਾ ਘਟਾਉਣਾ, ਅਰਥਚਾਰਾ ਮਜ਼ਬੂਤ ਕਰਨਾ, ਕਰਜ਼ਾ ਘਟਾਉਣਾ, ਕੌਮੀ ਸਿਹਤ ਸੇਵਾ ਦੇ ਮੁੱਦੇ ਨੂੰ ਹੱਲ ਕਰਨਾ ਤੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਰੋਕਣਾ ਸ਼ਾਮਲ ਸਨ | ਪ੍ਰਵਾਸੀਆਂ ਨੂੰ ਰਵਾਂਡਾ ਭੇਜਣ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਰਹੀਆਂ |
ਹਾਰ ਤੋਂ ਬਾਅਦ ਰਿਸ਼ੀ ਸੂਨਕ ਨੇ ਫੋਨ ਕਰਕੇ ਸਟਾਰਮਰ ਨੂੰ ਵਧਾਈ ਦਿੱਤੀ | ਸੂਨਕ ਨੇ ਕਿਹਾ—ਸਾਰੀਆਂ ਪਾਰਟੀਆਂ ਦੀ ਸਦਭਾਵਨਾ ਨਾਲ ਸੱਤਾ ਸ਼ਾਂਤਮਈ ਢੰਗ ਨਾਲ ਨਵੇਂ ਹੱਥਾਂ ਵਿਚ ਜਾਵੇਗੀ | ਮੈਂ ਬਹੁਤ ਸਾਰੇ ਚੰਗੇ, ਮਿਹਨਤੀ ਉਮੀਦਵਾਰਾਂ ਦੀ ਹਾਰ ਦੀ ਜ਼ਿੰਮੇਵਾਰੀ ਲੈਂਦਾ ਹਾਂ ਜੋ ਸਮਰਪਣ ਦੇ ਬਾਵਜੂਦ ਹਾਰ ਗਏ ਸਨ | ਮੈਨੂੰ ਇਸ ਦਾ ਅਫਸੋਸ ਹੈ |
ਹਾਲਾਂਕਿ ਸੂਨਕ ਨੇ ਯੌਰਕਸ਼ਾਇਰ ਦੇ ਰਿਚਮੰਡ ‘ ਆਪਣੀ ਸੀਟ ਜਿੱਤ ਲਈ ਹੈ | 2022 ‘ਚ ਕੰਜ਼ਰਵੇਟਿਵ ਪਾਰਟੀ ਦਾ ਚਾਰਜ ਸੰਭਾਲਣ ਤੋਂ ਬਾਅਦ ਸੂਨਕ ਆਧੁਨਿਕ ਯੁੱਗ ਦੇ ਯੂ ਕੇ ਦੇ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਬਣੇ ਸਨ |

Related Articles

LEAVE A REPLY

Please enter your comment!
Please enter your name here

Latest Articles