ਸ਼ਿਮਲਾ : ਹਿਮਾਚਲ ਪ੍ਰਦੇਸ਼ ’ਚ ਮੀਂਹ ਕਾਰਨ ਆਮ ਜਨਜੀਵਨ ਪ੍ਰਭਾਵਤ ਹੈ।ਸੂਬੇ ’ਚ ਮੀਂਹ ਕਾਰਨ 55 ਖੇਤਰਾਂ ’ਚ 150 ਸੜਕਾਂ, 334 ਬਿਜਲੀ ਸੇਵਾਵਾਂ ਅਤੇ ਜਲ ਸਪਲਾਈ ਸੇਵਾਵਾਂ ਠੱਪ ਹੋ ਗਈਆਂ।ਮੀਂਹ ਦਾ ਸਭ ਤੋਂ ਵੱਧ ਅਸਰ ਜ਼ਿਲ੍ਹਾ ਮੰਡੀ ’ਚ ਦੇਖਣ ਨੂੰ ਮਿਲਿਆ।ਮੰਡੀ ਦੀਆਂ ਵੱਖ-ਵੱਖ ਸਬ-ਡਵੀਜ਼ਨਾਂ ’ਚ ਕੁੱਲ 111 ਸੜਕਾਂ ਬੰਦ ਹੋ ਗਈਆਂ ਹਨ।ਚੰਬਾ ਜ਼ਿਲ੍ਹੇ ’ਚ ਅੱਠ ਸੜਕਾਂ ਬੰਦ ਹਨ। ਕਾਂਗੜਾ ਜ਼ਿਲ੍ਹੇ ਦੇ ਇੰਦੌਰਾ ’ਚ ਪੁਲ ਦੇ ਰੁੜ੍ਹ ਜਾਣ ਕਾਰਨ ਆਵਾਜਾਈ ਠੱਪ ਹੋ ਗਈ। ਇਸ ਤੋਂ ਇਲਾਵਾ ਕੁੱਲੂ ’ਚ ਕਈ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ।ਜ਼ਿਲ੍ਹਾ ਸ਼ਿਮਲਾ ’ਚ ਨੌਂ ਥਾਵਾਂ ਅਤੇ ਜ਼ਿਲ੍ਹਾ ਸਿਰਮੌਰ ’ਚ 13 ਥਾਵਾਂ ’ਤੇ ਸੜਕਾਂ ’ਤੇ ਲੋਕਾਂ ਦੀ ਆਵਾਜਾਈ ਠੱਪ ਹੋ ਗਈ।ਮੰਡੀ ਦੇ ਸੁੰਦਰਨਗਰ ’ਚ 5, ਸਿਰਾਜ ’ਚ 14, ਥਲੌਟ ’ਚ 22, ਮੰਡੀ ’ਚ ਤਿੰਨ, ਨੇਰਚੌਕ ’ਚ ਇੱਕ, ਜੋਗਿੰਦਰ ਨਗਰ ’ਚ 10, ਪਧਰ ’ਚ 14, ਗੋਹਰ ’ਚ ਤਿੰਨ, ਧਰਮਪੁਰ ’ਚ 25, ਸਰਕਾਘਾਟ ’ਚ 9 ਅਤੇ ਕਾਰਸੋਗ ’ਚ ਪੰਜ ਸੜਕਾਂ ਬੰਦ ਹਨ।
ਇਸ ਤਰ੍ਹਾਂ ਜ਼ਿਲ੍ਹਾ ਮੰਡੀ ’ਚ 111 ਥਾਵਾਂ ’ਤੇ ਸੜਕਾਂ ਬੰਦ ਕੀਤੀਆਂ ਗਈਆਂ ਹਨ।ਚੰਬਾ ਜ਼ਿਲ੍ਹੇ ’ਚ ਕਈ ਥਾਵਾਂ ’ਤੇ ਬਿਜਲੀ ਸੇਵਾ ਪ੍ਰਭਵਿਤ ਹੋਈ ਹੈ।ਊਨਾ ਜ਼ਿਲ੍ਹੇ ਦੇ ਅੰਬ ’ਚ 17 ਥਾਵਾਂ ’ਤੇ ਬਿਜਲੀ ਨਹੀਂ ਹੈ।ਬਿਲਾਸਪੁਰ ਜ਼ਿਲ੍ਹੇ ’ਚ 22 ਥਾਵਾਂ ਅਤੇ ਸ਼ਿਮਲਾ ਜ਼ਿਲ੍ਹੇ ’ਚ 33 ਥਾਵਾਂ ’ਤੇ ਪਾਣੀ ਦੀ ਸਪਲਾਈ ਵੀ ਪ੍ਰਭਾਵਤ ਹੋਈ ਹੈ।ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਸੂਬੇ ’ਚ 12 ਜੁਲਾਈ ਤੱਕ ਮੌਸਮ ਖਰਾਬ ਰਹਿਣ ਦੀ ਭਵਿੱਖਬਾਣੀ ਕੀਤੀ ਹੈ।ਇਸ ਸੰਬੰਧੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।


