ਨੀਟ ਪੇਪਰ ਲੀਕ ਦਾ ਫਾਇਦਾ ਉਠਾਉਣ ਵਾਲੇ ਪਛਾਣੇ ਜਾਣ ਤਾਂ ਮੁੜ ਪ੍ਰੀਖਿਆ ਦੀ ਲੋੜ ਨਹੀਂ ਰਹੇਗੀ : ਸੁਪਰੀਮ ਕੋਰਟ

0
87

ਨਵੀਂ ਦਿੱਲੀ : ਡਾਕਟਰੀ ਦਾਖਲਾ ਪ੍ਰੀਖਿਆ ਨੀਟ-2024 ਵਿਵਾਦ ’ਤੇ ਸੁਪਰੀਮ ਕੋਰਟ ਵਿਚ ਸੋਮਵਾਰ ਸਵਾ ਦੋ ਘੰਟਿਆਂ ਤੋਂ ਵੱਧ ਸੁਣਵਾਈ ਚੱਲੀ। ਕੋਰਟ ਨੇ ਨੈਸ਼ਨਲ ਟੈਸਟਿੰਗ ਏਜੰਸੀ (ਐੱਨ ਟੀ ਏ) ਨੂੰ ਗੜਬੜੀ ਦਾ ਫਾਇਦਾ ਉਠਾਉਣ ਵਾਲੇ ਵਿਦਿਆਰਥੀਆਂ ਦੀ ਜਾਣਕਾਰੀ ਦੇਣ ਅਤੇ ਸੀ ਬੀ ਆਈ ਨੂੰ ਹੁਣ ਤੱਕ ਦੀ ਜਾਂਚ ਬਾਰੇ ਜਾਣਕਾਰੀ ਦੇਣ ਦੀ ਹਦਾਇਤ ਕੀਤੀ। ਕੋਰਟ ਨੇ ਕੇਂਦਰ ਸਰਕਾਰ ਤੋਂ ਐੱਨ ਟੀ ਏ ਵਿਚ ਸੁਧਾਰ ਲਈ ਬਣੀ ਮਾਹਰਾਂ ਦੀ ਕਮੇਟੀ ਦੀ ਜਾਣਕਾਰੀ ਵੀ ਮੰਗੀ। ਕੋਰਟ ਨੇ ਦੁਬਾਰਾ ਪ੍ਰੀਖਿਆ ਦੀ ਮੰਗ ਕਰਨ ਵਾਲਿਆਂ ਨੂੰ ਵੱਧ ਤੋਂ ਵੱਧ 10 ਸਫਿਆਂ ਦੀ ਪੁਖਤਾ ਰਿਪੋਰਟ ਦਾਖਲ ਕਰਨ ਲਈ ਵੀ ਕਿਹਾ। ਇਹ ਸਾਰੀਆਂ ਰਿਪੋਰਟਾਂ ਬੁੱਧਵਾਰ ਸ਼ਾਮ 5 ਵਜੇ ਤੱਕ ਦਾਖਲ ਕਰਨ ਦੀ ਹਦਾਇਤ ਕਰਦਿਆਂ ਕੋਰਟ ਨੇ ਕਿਹਾ ਕਿ ਅਗਲੀ ਸੁਣਵਾਈ 11 ਜੁਲਾਈ ਨੂੰ ਕੀਤੀ ਜਾਵੇਗੀ।
ਕੋਰਟ ਨੇ ਐੱਨ ਟੀ ਏ ਤੋਂ ਖਾਸ ਤੌਰ ’ਤੇ ਤਿੰਨ ਸਵਾਲਾਂ ਦੇ ਜਵਾਬ ਮੰਗੇ ਹਨ। ਕੋਰਟ ਨੇ ਪੁੱਛਿਆ ਹੈ ਕਿ ਪੇਪਰ ਕਦੋਂ ਲੀਕ ਹੋਇਆ, ਕਿਵੇਂ ਹੋਇਆ ਅਤੇ ਪੇਪਰ ਲੀਕ ਹੋਣ ਤੇ ਪੇਪਰ ਲਏ ਜਾਣ ਵਿਚਾਲੇ ਸਮੇਂ ਦਾ ਕਿੰਨਾ ਅੰਤਰ ਸੀ। ਕੋਰਟ ਨੇ ਇਹ ਵੀ ਕਿਹਾ ਕਿ ਜੇ ਪੇਪਰ ਲੀਕ ਦਾ ਫਾਇਦਾ ਉਠਾਉਣ ਵਾਲਿਆਂ ਨੂੰ ਨਿਖੇੜਨਾ ਸੰਭਵ ਹੈ ਤਾਂ ਪ੍ਰੀਖਿਆ ਦੁਬਾਰਾ ਲੈਣ ਦੀ ਲੋੜ ਨਹੀਂ ਹੋਵੇਗੀ। ਜੇ ਫਾਇਦਾ ਉਠਾਉਣ ਵਾਲਿਆਂ ਨੂੰ ਨਿਖੇੜਿਆ ਨਹੀਂ ਜਾ ਸਕਦਾ ਤੇ ਸਿਸਟਮ ਹੀ ਖਾਮੀਆਂ ਵਾਲਾ ਨਿਕਲਦਾ ਹੈ ਤਾਂ ਦੁਬਾਰਾ ਪ੍ਰੀਖਿਆ ਦੀ ਲੋੜ ਪੈ ਸਕਦੀ ਹੈ। ਸੁਣਵਾਈ ਦੌਰਾਨ ਚੀਫ ਜਸਟਿਸ ਚੰਦਰਚੂੜ ਨੇ ਕਿਹਾਇਹ ਸਾਫ ਹੈ ਕਿ ਪੇਪਰ ਲੀਕ ਹੋਇਆ। ਸਵਾਲ ਇਹ ਹੈ ਕਿ ਇਸ ਦਾ ਦਾਇਰਾ ਕਿੰਨਾ ਵੱਡਾ ਹੈ। ਸਿਰਫ ਦੋ ਲੋਕਾਂ ਦੀ ਗੜਬੜੀ ਕਰਕੇ ਪੂਰੀ ਪ੍ਰੀਖਿਆ ਰੱਦ ਨਹੀਂ ਕੀਤੀ ਜਾ ਸਕਦੀ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਐੱਨ ਟੀ ਏ ਤੇ ਸਰਕਾਰ ਨੇ ਪੇਪਰ ਲੀਕ ਦੇ ਮੁਲਜ਼ਮਾਂ ਨੂੰ ਪਛਾਨਣ ਲਈ ਕੀ ਕਦਮ ਚੁੱਕੇ ਹਨ।
ਸੁਣਵਾਈ ਕਰਨ ਵਾਲੀ ਤਿੰਨ ਮੈਂਬਰੀ ਬੈਂਚ ’ਚ ਚੀਫ ਜਸਟਿਸ ਚੰਦਰਚੂੜ ਦੇ ਨਾਲ ਜਸਟਿਸ ਜੇ ਬੀ ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਵੀ ਸਨ। ਚੀਫ ਜਸਟਿਸ ਨੇ ਕਿਹਾ ਕਿ ਅਦਾਲਤ ਪ੍ਰੀਖਿਆ ਦੀ ਪਵਿੱਤਰਤਾ ਨੂੰ ਲੈ ਕੇ ਚਿੰਤਤ ਹੈ, ਤਾਂ ਜੋ ਅਜਿਹੀਆਂ ਘਟਨਾਵਾਂ ਮੁੜ ਨਾ ਵਾਪਰਨ।
ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਬੈਂਚ ਨੂੰ ਅਗਲੀ ਸੁਣਵਾਈ 11 ਜੁਲਾਈ ਨੂੰ ਕਰਨ ਦੀ ਬੇਨਤੀ ਕੀਤੀ। ਉਨ੍ਹਾ ਕਿਹਾ ਕਿ 10 ਜੁਲਾਈ ਤੱਕ ਬੈਂਚ ਅੱਗੇ ਵਿਸਥਾਰਤ ਰਿਪੋਰਟ ਪੇਸ਼ ਕਰ ਦਿੱਤੀ ਜਾਵੇਗੀ।

LEAVE A REPLY

Please enter your comment!
Please enter your name here