ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਦੇ ਜਸਟਿਸ ਅਮਿਤ ਸ਼ਰਮਾ ਨੇ ਦਹਿਸ਼ਤੀ ਕਾਰਵਾਈਆਂ ਲਈ ਫੰਡਿੰਗ ਦੇ ਦੋਸ਼ ਹੇਠ ਐੱਨ ਆਈ ਏ ਵੱਲੋਂ ਨਾਮਜ਼ਦ ਵੱਖਵਾਦੀ ਆਗੂ ਯਾਸਿਨ ਮਲਿਕ ਨੂੰ ਮੌਤ ਦੀ ਸਜ਼ਾ ਦੀ ਅਪੀਲ ’ਤੇ ਸੁਣਵਾਈ ਕਰਨ ਲਈ ਆਪਣੇ ਆਪ ਨੂੰ ਵੱਖ ਕਰ ਲਿਆ ਹੈ। ਇਸ ਮਾਮਲੇ ਦੀ ਸੁਣਵਾਈ ਵੀਰਵਾਰ ਜਸਟਿਸ ਪ੍ਰਤਿਭਾ ਸਿੰਘ ਤੇ ਅਮਿਤ ਸ਼ਰਮਾ ਨੇ ਕਰਨੀ ਸੀ, ਪਰ ਅਮਿਤ ਸ਼ਰਮਾ ਵੱਲੋਂ ਆਪਣੇ ਆਪ ਨੂੰ ਇਸ ਕੇਸ ਵਿਚ ਵੱਖ ਹੋਣ ਕਾਰਨ ਇਸ ਮਾਮਲੇ ਦੀ ਸੁਣਵਾਈ ਹੁਣ 9 ਅਗਸਤ ਨੂੰ ਹੋਰ ਬੈਂਚ ਕਰੇਗੀ।
ਜਹਾਜ਼ ਨੂੰ ਪਿਸ਼ਾਵਰ ’ਚ ਉਤਰਨ ਵੇਲੇ ਅੱਗ
ਪੇਸ਼ਾਵਰ : ਪਾਕਿਸਤਾਨ ਦੇ ਪਿਸ਼ਾਵਰ ’ਚ ਸਾਊਦੀ ਏਅਰਲਾਈਨਜ਼ ਦੇ ਇਕ ਜਹਾਜ਼ ਨੂੰ ਅੱਗ ਲੱਗਣ ਕਾਰਨ ਦਸ ਜਣੇ ਜ਼ਖਮੀ ਹੋ ਗਏ। ਉਸ ਵੇਲੇ ਜਹਾਜ਼ ਉੱਤਰ ਰਿਹਾ ਸੀ। ਯਾਤਰੀਆਂ ਤੇ ਜਹਾਜ਼ ਦੇ ਅਮਲੇ ਨੂੰ ਐਮਰਜੈਂਸੀ ਗੇਟ ਰਾਹੀਂ ਬਾਹਰ ਕੱਢਿਆ ਗਿਆ। ਇਹ ਉਡਾਣ ਰਿਆਧ ਤੋਂ ਪੇਸ਼ਾਵਰ ਆਈ ਸੀ। ਪਤਾ ਲੱਗਿਆ ਹੈ ਕਿ ਜਹਾਜ਼ ਦੇ ਲੈਂਡਿੰਗ ਗੇਅਰ ਵਿਚ ਖਰਾਬੀ ਆ ਗਈ ਸੀ। ਜਹਾਜ਼ ਵਿਚ 276 ਯਾਤਰੀ ਤੇ 21 ਅਮਲੇ ਦੇ ਮੈਂਬਰ ਸਨ।
16 ਰਾਜਾਂ ਦੇ ਮੁੱਖ ਸਕੱਤਰ ਤਲਬ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ 16 ਰਾਜਾਂ ਦੇ ਮੁੱਖ ਸਕੱਤਰਾਂ ਅਤੇ ਵਿੱਤ ਸਕੱਤਰਾਂ ਨੂੰ ਨਿਆਂਇਕ ਅਧਿਕਾਰੀਆਂ ਦੀਆਂ ਪੈਨਸ਼ਨਾਂ ਤੇ ਹੋਰ ਸੇਵਾਮੁਕਤੀ ਲਾਭਾਂ ਦੇ ਬਕਾਏ ਨਾ ਦੇਣ ਅਤੇ ਦੂਜੇ ਕੌਮੀ ਨਿਆਂਇਕ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਦੀ ਪਾਲਣਾ ਨਾ ਕਰਨ ’ਤੇ ਤਲਬ ਕੀਤਾ ਹੈ। ਚੀਫ ਜਸਟਿਸ ਡੀ ਵਾਈ ਚੰਦਰਚੂੜ, ਜਸਟਿਸ ਜੇ ਬੀ ਪਾਰਦੀਵਾਲਾ ਤੇ ਮਨੋਜ ਮਿਸ਼ਰਾ ਦੀ ਬੈਂਚ ਨੇ ਸਿਫਾਰਸ਼ਾਂ ਦੀ ਪਾਲਣਾ ਨਾ ਕਰਨ ’ਤੇ ਸਖਤ ਨਾਰਾਜ਼ਗੀ ਜ਼ਾਹਰ ਕੀਤੀ ਹੈ।
ਮੀਂਹ ਤੇ ਬਿਜਲੀ ਡਿੱਗਣ ਨਾਲ 56 ਮੌਤਾਂ
ਨਵੀਂ ਦਿੱਲੀ : ਯੂ ਪੀ, ਬਿਹਾਰ ਤੇ ਝਾਰਖੰਡ ਵਿਚ ਮੀਂਹ, ਹੜ੍ਹਾਂ ਤੇ ਬਿਜਲੀ ਡਿੱਗਣ ਨਾਲ 24 ਘੰਟਿਆਂ ’ਚ 56 ਲੋਕਾਂ ਦੀ ਮੌਤ ਹੋ ਗਈ। ਯੂ ਪੀ ’ਚ 32 ਤੇ ਬਿਹਾਰ ਵਿਚ 21 ਜਾਨਾਂ ਗਈਆਂ। ਹਿਮਾਚਲ ’ਚ ਮੀਂਹ ਨਾਲ ਜੁੜੇ ਹਾਦਸਿਆਂ ਵਿਚ ਦੋ ਹਫਤਿਆਂ ’ਚ 22 ਲੋਕ ਮਾਰੇ ਜਾ ਚੁੱਕੇ ਹਨ।
ਨਾਟੋ ਅਰਾਜਕਤਾ ਨਾ ਪੈਦਾ ਕਰੇ : ਚੀਨ
ਬੀਜਿੰਗ : ਚੀਨ ਨੇ ‘ਨਾਟੋ’ ਉੱਤੇ ਦੂਜਿਆਂ ਦੀ ਕੀਮਤ ’ਤੇ ਸੁਰੱਖਿਆ ਮੰਗਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਨਾਟੋ ਏਸ਼ੀਆ ਵਿਚ ਅਰਾਜਕਤਾ ਪੈਦਾ ਨਾ ਕਰੇ। ਵੀਰਵਾਰ ਨੂੰ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦਾ ਇਹ ਬਿਆਨ ਇੱਕ ਦਿਨ ਬਾਅਦ ਆਇਆ ਹੈ, ਜਦੋਂ ‘ਨਾਟੋ’ ਨੇ ਚੀਨ ਨੂੰ ਯੂਕਰੇਨ ਦੇ ਖਿਲਾਫ ਰੂਸ ਦੀ ਜੰਗ ਦਾ ‘ਨਿਰਣਾਇਕ ਸਮਰਥਕ’ ਕਿਹਾ ਸੀ।
ਨੀਟ ਮਾਮਲੇ ਦੀ ਸੁਣਵਾਈ ਟਲੀ
ਨਵੀਂ ਦਿੱਲੀ : ਨੀਟ-ਯੂ ਜੀ ਵਿਵਾਦ ’ਤੇ ਵਿਚਾਰ ਕਰ ਰਹੀ ਸੁਪਰੀਮ ਕੋਰਟ ਨੇ ਵੀਰਵਾਰ ਸੁਣਵਾਈ ਕੀਤੇ ਬਿਨਾਂ ਅਗਲੀ ਤਰੀਕ 18 ਜੁਲਾਈ ਪਾ ਦਿੱਤੀ। ਚੀਫ ਜਸਟਿਸ ਡੀ ਵਾਈ ਚੰਦਰਚੂੜ ਦੀ ਅਗਵਾਈ ਵਾਲੀ ਬੈਂਚ ਨੇ ਪਾਇਆ ਕਿ ਉਸ ਦੇ ਅੱਠ ਜੁਲਾਈ ਦੇ ਹੁਕਮਾਂ ਤੋਂ ਬਾਅਦ ਕੇਂਦਰ ਤੇ ਨੈਸ਼ਨਲ ਟੈਸਟਿੰਗ ਏਜੰਸੀ (ਐੱਨ ਟੀ ਏ) ਨੇ ਜਿਹੜੇ ਹਲਫਨਾਮੇ ਦਾਇਰ ਕੀਤੇ, ਉਹ ਪਟੀਸ਼ਨਰਾਂ ਨੂੰ ਵਕਤ ਸਿਰ ਨਹੀਂ ਮਿਲੇ, ਤਾਂ ਕਿ ਉਹ ਪੂਰੀ ਤਿਆਰੀ ਕਰ ਸਕਦੇ। ਐੱਨ ਟੀ ਏ ਨੇ ਹਲਫਨਾਮੇ ਵਿਚ ਕਿਹਾ ਹੈ ਕਿ ਟੈਲੀਗਰਾਮ ’ਤੇ ਪੇਪਰ ਲੀਕ ਦਾ ਜਿਹੜਾ ਵੀਡੀਓ ਵਾਇਰਲ ਹੋਇਆ ਹੈ, ਜੋ ਜਾਲ੍ਹੀ ਹੈ।




