ਨਵੀਂ ਦਿੱਲੀ : ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੀ ਟੀਮ ਨੇ ਮੰਗਲਵਾਰ ਸਵੇਰੇ ਨੈਸ਼ਨਲ ਹੇਰਾਲਡ ਦੇ ਦਿੱਲੀ, ਮੁੰਬਈ ਅਤੇ ਕੋਲਕਾਤਾ ਸਮੇਤ 16 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ | ਇਹ ਕਾਰਵਾਈ ਸੋਨੀਆ ਅਤੇ ਰਾਹੁਲ ਕੋਲੋਂ ਪੁੱਛਗਿੱਛ ਤੋਂ ਬਾਅਦ ਕੀਤੀ ਗਈ ਹੈ | ਇਸ ਕਾਰਵਾਈ ਦੇ ਕੁਝ ਦੇਰ ਬਾਅਦ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਕਿ ਕਾਂਗਰਸ ਤੁਹਾਡੀ ਹੈ ਅਤੇ ਤੁਸੀਂ ਕਾਂਗਰਸ ਦੀ ਤਾਕਤ ਹੋ | ਅਸੀਂ ਤਾਨਾਸ਼ਾਹ ਦੇ ਹਰ ਫਰਮਾਨ ਨਾਲ ਲੜਾਂਗੇ | ਇਹ ਸਰਕਾਰ ਚਾਹੁੰਦੀ ਹੈ ਕਿ ਤੁਸੀਂ ਬਿਨਾਂ ਸਵਾਲ ਕੀਤੇ ਤਾਨਾਸ਼ਾਹ ਦੀ ਹਰ ਗੱਲ ਨੂੰ ਸਵੀਕਾਰ ਕਰੋ | ਮੈਂ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ, ਇਨ੍ਹਾਂ ਤੋਂ ਡਰਨ ਦੀ ਅਤੇ ਤਾਨਾਸ਼ਾਹ ਸਹਿਣ ਦੀ ਜ਼ਰੂਰਤ ਨਹੀਂ ਹੈ | ਇਹ ਡਰਪੋਕ ਹਨ, ਤੁਹਾਡੀ ਤਾਕਤ ਅਤੇ ਏਕਤਾ ਤੋਂ ਡਰਦੇ ਹਨ, ਇਸ ਲਈ ਉਸ ‘ਤੇ ਲਗਾਤਾਰ ਹਮਲਾ ਕਰ ਰਹੇ ਹਨ | ਜੇਕਰ ਤੁਸੀਂ ਇਕੱਠੇ ਹੋ ਕੇ ਇਨ੍ਹਾਂ ਦਾ ਸਾਹਮਣੇ ਕਰੋਗੇ ਤਾਂ ਇਹ ਡਰ ਜਾਣਗੇ | ਮੇਰਾ ਤੁਹਾਨੂੰ ਸਾਰਿਆਂ ਨੂੰ ਵਾਅਦਾ ਹੈ, ਨਾ ਅਸੀਂ ਡਰਾਂਗੇ ਅਤੇ ਨਾ ਡਰਾਉਣ ਦਿਆਂਗੇ | ਅਧਿਕਾਰੀਆਂ ਨੇ ਦੱਸਿਆ ਕਿ ਮਨੀ ਲਾਂਡਰਿੰਗ ਰੋਕਥਾਮ ਐਕਟ ਦੀ ਅਪਰਾਧਕ ਧਾਰਾਵਾਂ ਤਹਿਤ ਇਹ ਛਾਪੇ ਮਾਰੇ ਜਾ ਰਹੇ ਹਨ, ਤਾਂ ਕਿ ਵਾਧੂ ਸਬੂਤ ਇਕੱਠੇ ਕੀਤੇ ਜਾ ਸਕਣ ਕਿ ਧਨ ਦਾ ਲੈਣ-ਦੇਣ ਕਿਸ ਦਰਮਿਆਨ ਹੋਇਆ | ਸੰਘੀ ਏਜੰਸੀ ਦੇ ਅਧਿਕਾਰੀਆਂ ਨੇ ਮੱਧ ਦਿੱਲੀ ‘ਚ ਆਈ ਟੀ ਓ ਤੇ ਬਹਾਦੁਰ ਸ਼ਾਹ ਜਫਰ ਮਾਰਗ ਸਥਿਤ ‘ਹੇਰਾਲਡ ਹਾਊਸ’ ਦੇ ਦਫਤਰ ‘ਤੇ ਵੀ ਛਾਪਾ ਮਾਰਿਆ | ਇਸ ਦਾ ਪਤਾ ਅਖਬਾਰ ਨੂੰ ਪ੍ਰਕਾਸ਼ਿਤ ਕਰਨ ਵਾਲੇ ‘ਐਸੋਸੀਏਟੇਡ ਜਨਰਲਸ ਲਿਮਟਿਡ’ ਦੇ ਨਾਂਅ ‘ਤੇ ਰਜਿਸਟਰਡ ਹੈ | ਈ ਡੀ ਨੇ ਇਸ ਮਾਮਲੇ ‘ਚ ਹਾਲ ਹੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਉਨ੍ਹਾਂ ਦੇ ਪੁੱਤਰ ਰਾਹੁਲ ਗਾਂਧੀ ਅਤੇ ਕਾਂਗਰਸ ਦੇ ਹੋਰ ਨੇਤਾਵਾਂ ਤੋਂ ਪੁੱਛ-ਗਿੱਛ ਕੀਤੀ ਸੀ |