ਸ੍ਰੀਨਗਰ : ਡੋਡਾ ਜ਼ਿਲ੍ਹੇ ਵਿਚ ਡੇਸਾ ਜੰਗਲ ਦੇ ਧਾਰੀ ਗੋਟੇ ਉਤਾਰਬਾਗੀ ਵਿਚ ਦਹਿਸ਼ਤਗਰਦਾਂ ਦੇ ਹਮਲੇ ਕਾਰਨ ਫੌਜ ਦੇ ਕੈਪਟਨ ਸਣੇ ਚਾਰ ਜਵਾਨਾਂ ਸ਼ਹੀਦ ਹੋ ਗਏ। ਇਕ ਪੁਲਸ ਮੁਲਾਜ਼ਮ ਵੀ ਸ਼ਹਾਦਤ ਦਾ ਜਾਮ ਪੀ ਗਿਆ। ਸ਼ਹੀਦ ਹੋਣ ਵਾਲਿਆਂ ਵਿਚ ਕੈਪਟਨ ਬਿ੍ਰਜੇਸ਼ ਥਾਪਾ, ਨਾਇਕ ਡੀ ਰਾਜੇਸ਼, ਸਿਪਾਹੀ ਬਿਜੇਂਦਰ ਤੇ ਸਿਪਾਹੀ ਅਜੈ ਸ਼ਾਮਲ ਹਨ।
ਰਾਸ਼ਟਰੀ ਰਾਈਫਲਜ਼ ਤੇ ਪੁਲਸ ਵੱਲੋਂ ਸੋਮਵਾਰ ਸ਼ਾਮ ਤੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਸੀ। ਇਸ ਦੌਰਾਨ ਦਹਿਸ਼ਤਗਰਦ ਗੋਲੀਬਾਰੀ ਕਰਦੇ ਹੋਏ ਫਰਾਰ ਹੋ ਗਏ। ਇਸ ਦੇ ਨਾਲ ਹੀ ਸੰਘਣਾ ਜੰਗਲ ਹੈ, ਜਿੱਥੋਂ ਦਹਿਸ਼ਤਗਰਦ ਅੱਗੇ ਨਿਕਲ ਗਏ। ਇਸ ਦੌਰਾਨ ਪੰਜ ਜਵਾਨ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੇ ਮੰਗਲਵਾਰ ਇਲਾਜ ਦੌਰਾਨ ਦਮ ਤੋੜ ਦਿੱਤਾ। ਮੀਡੀਆ ਰਿਪੋਰਟਾਂ ਅਨੁਸਾਰ ਇਸ ਹਮਲੇ ਦੀ ਜ਼ਿੰਮੇਵਾਰੀ ਕਸ਼ਮੀਰ ਟਾਈਗਰਜ਼ ਨੇ ਲਈ ਹੈ। ਫੌਜ ਦੇ ਅਧਿਕਾਰੀ ਨੇ ਦੱਸਿਆ ਕਿ ਦਹਿਸ਼ਤਗਰਦਾਂ ਨੇ ਫੌਜ ਦੇ ਜਵਾਨਾਂ ਵੱਲ ਗੋਲੀਆਂ ਚਲਾਈਆਂ। ਇਸ ਤੋਂ ਬਾਅਦ ਜਵਾਨਾਂ ਨੇ ਜਵਾਬੀ ਕਾਰਵਾਈ ਕੀਤੀ। ਫਰਾਰ ਹੋਏ ਦਹਿਸ਼ਤਗਰਦਾਂ ਦੀ ਭਾਲ ਕੀਤੀ ਜਾ ਰਹੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਬਹਾਦਰ ਜਵਾਨਾਂ ਦੀ ਸ਼ਹਾਦਤ ਤੋਂ ਉਹ ਬਹੁਤ ਦੁਖੀ ਹਨ। ਦੇਸ਼ ਇਸ ਵੇਲੇ ਦੁਖੀ ਪਰਵਾਰਾਂ ਨਾਲ ਖੜ੍ਹਾ ਹੈ ਅਤੇ ਉਹ ਉਨ੍ਹਾਂ ਫੌਜੀ ਪਰਵਾਰਾਂ ਦੀ ਆਰਥਿਕ ਸਹਾਇਤਾ ਕਰਨਗੇ, ਜਿਨ੍ਹਾਂ ਨੇ ਡਿਊਟੀ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ। ਦਹਿਸ਼ਤ ਵਿਰੋਧੀ ਮੁਹਿੰਮ ਜਾਰੀ ਹੈ ਅਤੇ ਫੌਜਾਂ ਦਹਿਸ਼ਤਗਰਦੀ ਦੇ ਖ਼ਾਤਮੇ ਅਤੇ ਖੇਤਰ ਵਿਚ ਸ਼ਾਂਤੀ ਬਹਾਲੀ ਲਈ ਵਚਨਬੱਧ ਹਨ।
ਜੰਮੂ ਖੇਤਰ ਵਿਚ 2021 ਤੋਂ ਹੁਣ ਤਕ 52 ਜਵਾਨਾਂ (ਬਹੁਤੇ ਫੌਜੀ) ਸਣੇ 70 ਲੋਕ ਮਾਰੇ ਜਾ ਚੁੱਕੇ ਹਨ। ਬਹੁਤੀਆਂ ਜਾਨਾਂ ਰਾਜੌਰੀ ਤੇ ਪੁਣਛ ਜ਼ਿਲ੍ਹਿਆਂ ਵਿਚ ਗਈਆਂ ਹਨ, ਜਿੱਥੇ 54 ਦਹਿਸ਼ਤਗਰਦਾਂ ਨੂੰ ਮਾਰਿਆ ਗਿਆ ਹੈ।





