13 ਲੋਭੀ ਮਹਾਂਮੰਡਲੇਸ਼ਵਰ ਅਖਾੜਾ ਪ੍ਰੀਸ਼ਦ ’ਚੋਂ ਕੱਢੇ, 112 ਸੰਤਾਂ ਨੂੰ ਨੋਟਿਸ

0
155

ਪ੍ਰਯਾਗਰਾਜ (ਯੂ ਪੀ) : ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਨੇ 13 ਮਹਾਂਮੰਡਲੇਸ਼ਵਰਾਂ ਨੂੰ ਪੈਸੇ ਕਮਾਉਣ ਅਤੇ ਧਾਰਮਿਕ ਕੰਮਾਂ ਨੂੰ ਛੱਡ ਹੋਰ ਕੰਮਾਂ ਵਿਚ ਸ਼ਾਮਲ ਹੋਣ ਕਰਕੇ ਅਖਾੜੇ ਵਿੱਚੋਂ ਕੱਢ ਦਿੱਤਾ ਹੈ। ਇਸ ਤੋਂ ਇਲਾਵਾ ਪ੍ਰੀਸ਼ਦ ਨੇ 112 ਸੰਤਾਂ ਨੂੰ ਨੋਟਿਸ ਜਾਰੀ ਕਰਦਿਆਂ ਕਿਹਾ ਹੈ ਕਿ ਜੇ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ ਜਾਂਦਾ ਤਾਂ ਉਨ੍ਹਾਂ ਨੂੰ ਵੀ ਕੱਢਿਆ ਜਾਵੇਗਾ।
ਕੱਢੇ ਗਏ ਮਹਾਂਮੰਡਲੇਸ਼ਵਰ ਅਤੇ ਸੰਤ ਪ੍ਰੀਸ਼ਦ ਦੀ ਅੰਦਰੂਨੀ ਜਾਂਚ ਨੂੰ ਪਾਸ ਨਹੀਂ ਕਰ ਸਕੇ, ਜਿਸ ਕਾਰਨ ਉਨ੍ਹਾਂ ਦੇ ਮਹਾਂਕੁੰਭ ਵਿਚ ਸ਼ਾਮਲ ਹੋਣ ਲਈ ਪਾਬੰਦੀ ਲਾ ਦਿੱਤੀ ਗਈ ਹੈ। ਉਧਰ ਬਾਕੀ 112 ਸੰਤਾਂ ’ਤੇ ਵੀ ਕੁੰਭ ਵਿਚ ਜਾਣ ਦੀ ਪਾਬੰਦੀ ਲਗਾਉਂਦਿਆਂ 30 ਜੂਨ ਤੱਕ ਜਵਾਬ ਦੇਣ ਲਈ ਕਿਹਾ ਗਿਆ ਹੈ। ਪ੍ਰੀਸ਼ਦ ਵੱਲੋਂ ਅਪ੍ਰੈਲ ਮਹੀਨੇ ਵਿਚ ਸ਼ੁਰੂ ਕੀਤੀ ਗਈ ਇਹ ਜਾਂਚ ਹੁਣ ਤੱਕ ਜਾਰੀ ਹੈ।
ਇਸੇ ਤਰ੍ਹਾਂ ਨਿਰੰਜਨੀ ਅਖਾੜੇ ਵੱਲੋਂ ਮਹਾਂਮੰਡਲੇਸ਼ਵਰ ਮੰਦਾਕਿਨੀ ਪੁਰੀ ਨੂੰ ਬਾਹਰ ਕਰਦਿਆਂ ਪੁਲਸ ਸ਼ਿਕਾਇਤ ਦਰਜ ਕਰਵਾਈ ਗਈ ਹੈ। ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਅਤੇ ਸ੍ਰੀ ਨਿਰੰਜਨੀ ਅਖਾੜੇ ਦੇ ਪ੍ਰਧਾਨ ਸ੍ਰੀਮਹੰਤ ਰਵਿੰਦਰ ਪੁਰੀ ਨੇ ਕਿਹਾ ਕਿ ਛੇ ਸੰਤਾਂ ਵੱਲੋਂ ਕੀਤੀ ਗਈ ਅੰਦਰੂਨੀ ਜਾਂਚ ’ਚ ਬਹੁਤ ਸਾਰੇ ਮਹਾਂਮੰਡਲੇਸ਼ਵਰ ਅਤੇ ਸੰਤ ਪਾਸ ਨਹੀਂ ਹੋਏ ਅਤੇ ਜੋ ਵੀ ਗਲਤ ਹੋਵੇਗਾ, ਉਸ ਖਿਲਾਫ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾ ਕਿਹਾ ਕਿ ਅਖਾੜੇ ਤੋਂ ਬਾਹਰ ਕੱਢੇ ਗਏ ਸੰਤਾਂ ਨੂੰ ਮਹਾਂਕੁੰਭ 2025 ’ਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜੂਨਾ ਅਖਾੜੇ ਦੇ ਬੁਲਾਰੇ ਸ੍ਰੀਮਹੰਤ ਨਰਾਇਣ ਗਿਰੀ ਨੇ ਕਿਹਾ ਕਿ ਸੰਤਾਂ ਦੇ ਕੰਮਾਂ ਦੀ ਜਾਂਚ ਚੱਲ ਰਹੀ ਹੈ। ਜਿਨ੍ਹਾਂ ਦੀ ਸਥਿਤੀ ਸ਼ੱਕੀ ਹੈ, ਉਨ੍ਹਾਂ ਨੂੰ ਨੋਟਿਸ ਦੇ ਕੇ ਜਵਾਬ ਦੇਣ ਲਈ ਕਿਹਾ ਗਿਆ ਹੈ। ਜੇ ਸਹੀ ਜਵਾਬ ਨਾ ਮਿਲਿਆ ਤਾਂ ਉਨ੍ਹਾਂ ਨੂੰ ਵੀ ਅਖਾੜੇ ਵਿੱਚੋਂ ਕੱਢ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here