ਬੰਗਾਲ ਦੇ ਭਾਜਪਾ ਆਗੂ ਵੱਲੋਂ ‘ਸਬਕਾ ਸਾਥ, ਸਬਕਾ ਵਿਕਾਸ’ ਦੀ ਥਾਂ ‘ਜੋ
ਕੋਲਕਾਤਾ : ਪੱਛਮੀ ਬੰਗਾਲ ਅਸੰਬਲੀ ’ਚ ਆਪੋਜ਼ੀਸ਼ਨ ਦੇ ਆਗੂ ਸ਼ੁਭੇਂਦੂ ਅਧਿਕਾਰੀ ਨੇ ਬੁੱਧਵਾਰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਨਾਅਰੇ ‘ਸਬਕਾ ਸਾਥ, ਸਬਕਾ ਵਿਕਾਸ’ ਦੀ ਲੋੜ ਨਹੀਂ ਅਤੇ ਭਾਜਪਾ ਨੂੰ ਆਪਣਾ ਘੱਟਗਿਣਤੀ ਵਿੰਗ ਖਤਮ ਕਰ ਦੇਣਾ ਚਾਹੀਦਾ ਹੈ। ਲੋਕ ਸਭਾ ਚੋਣਾਂ ਤੋਂ ਬਾਅਦ ਸੂਬਾ ਭਾਜਪਾ ਦੀ ਵਰਕਿੰਗ ਕਮੇਟੀ ਦੀ ਪਹਿਲੀ ਮੀਟਿੰਗ ’ਚ ਅਧਿਕਾਰੀ ਨੇ ਜੈ ਸੀ੍ਰਰਾਮ ਕਹਿੰਦਿਆਂ ਕਿਹਾ-ਅਸੀਂ ਹਿੰਦੂਆਂ ਨੂੰ ਬਚਾਵਾਂਗੇ ਤੇ ਅਸੀਂ ਸੰਵਿਧਾਨ ਨੂੰ ਬਚਾਵਾਂਗੇ। ਮੈਂ ਕੌਮਪ੍ਰਸਤ ਮੁਸਲਮਾਨਾਂ ਦੀ ਗੱਲ ਕਰਦਾ ਸੀ ਤੇ ਤੁਸੀਂ ਸਭ ਕਹਿੰਦੇ ਸੀ ‘ਸਬਕਾ ਸਾਥ, ਸਬਕਾ ਵਿਕਾਸ’। ਪਰ ਮੈਂ ਹੁਣ ਕਹਿੰਦਾ ਹਾਂ ਕਿ ਅੱਗੇ ਤੋਂ ਏਦਾਂ ਨਹੀਂ ਚੱਲਣਾ। ਹੁਣ ਅਸੀਂ ਕਹਾਂਗੇ ‘ਜੋ ਹਮਾਰੇ ਸਾਥ, ਹਮ ਉਨਕੇ ਸਾਥ’। ਸਬਕਾ ਸਾਥ, ਸਬਕਾ ਵਿਕਾਸ ਬੰਦ ਕਰੋ। ਭਾਜਪਾ ਨੇ 2019 ਦੀਆਂ ਲੋਕ ਸਭਾ ਚੋਣਾਂ ਵਿਚ 42 ਵਿੱਚੋਂ 18 ਸੀਟਾਂ ਜਿੱਤੀਆਂ ਸਨ ਤੇ 2024 ਵਿਚ ਉਹ 12 ਹੀ ਜਿੱਤ ਸਕੀ। ਸੂਬਾਈ ਭਾਜਪਾ ਆਗੂ ਇਸ ਲਈ ਅਧਿਕਾਰੀ ਨੂੰ ਭੰਡ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲਗਪਗ 30 ਉਮੀਦਵਾਰਾਂ ਨੂੰ ਉਸ ਦੇ ਕਹਿਣ ’ਤੇ ਟਿਕਟਾਂ ਦਿੱਤੀਆਂ ਗਈਆਂ ਸਨ। ਮੀਟਿੰਗ ਵਿਚ ਭਾਜਪਾ ਆਗੂਆਂ ਦਾ ਕਹਿਣਾ ਸੀ ਕਿ ਮੁਸਲਮਾਨਾਂ ਨੇ ਇਕਜੁਟ ਹੋ ਕੇ ਤਿ੍ਰਣਮੂਲ ਕਾਂਗਰਸ ਨੂੰ ਵੋਟਾਂ ਪਾਈਆਂ। ਦੂਜੇ ਪਾਸੇ ਹਿੰਦੂ ਵੋਟਰ ਵੰਡੇ ਗਏ। ਅਧਿਕਾਰੀ ਨੇ ਕਿਹਾ ਕਿ ਭਾਜਪਾ ਹੁਣ ਬੰਗਾਲ ਵਿਚ ਹਿੰਦੂ ਵੋਟਰਾਂ ਨੂੰ ਲਾਮਬੰਦ ਕਰੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ਦੀਆਂ ਚੋਣਾਂ ਵਿਚ ਸਬਕਾ ਸਾਥ, ਸਬਕਾ ਵਿਕਾਸ ਦਾ ਨਾਅਰਾ ਦਿੱਤਾ ਸੀ। ਇਸ ਦੇ ਬਾਅਦ ਇਹ ਭਾਜਪਾ ਦਾ ਪ੍ਰਮੁੱਖ ਨਾਅਰਾ ਬਣ ਗਿਆ ਸੀ। ਭਾਜਪਾ ਦਾ ਇਸ ਦਾ ਚੋਣਾਂ ਵਿਚ ਫਾਇਦਾ ਵੀ ਹੋਇਆ ਸੀ। ਉਸ ਨੂੰ ਮੁਸਲਮਾਨਾਂ ਦੀਆਂ ਵੋਟਾਂ ਵੀ ਮਿਲ ਗਈਆਂ ਸਨ।





