ਗੁਹਾਟੀ : ਆਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਕਿਹਾ ਹੈ ਕਿ ਸੂਬੇ ਵਿਚ ਮੁਸਲਮਾਨਾਂ ਦੀ ਆਬਾਦੀ 40 ਫੀਸਦੀ ਹੋ ਜਾਣ ਨੇ ਉਨ੍ਹਾ ਲਈ ਜਿਊਣ-ਮਰਨ ਵਾਲੀ ਹਾਲਤ ਬਣਾ ਦਿੱਤੀ ਹੈ। 1951 ਵਿਚ ਮੁਸਲਮਾਨਾਂ ਦੀ ਆਬਾਦੀ 12 ਫੀਸਦੀ ਹੁੰਦੀ ਸੀ।
ਸਰਮਾ ਨੇ ਪਹਿਲੀ ਜੁਲਾਈ ਨੂੰ ਮੁਸਲਮਾਨਾਂ ਦਾ ਨਾਂਅ ਲਏ ਬਿਨਾਂ ਕਿਹਾ ਸੀ ਕਿ ਇਕ ਖਾਸ ਧਰਮ ਦੇ ਲੋਕਾਂ ਦੀਆਂ ਮੁਜਰਮਾਨਾ ਸਰਗਰਮੀਆਂ ਚਿੰਤਾ ਦਾ ਮਾਮਲਾ ਹਨ। ਉਨ੍ਹਾ 23 ਜੂਨ ਨੂੰ ਕਿਹਾ ਸੀ ਕਿ ਬੰਗਲਾਦੇਸ਼ੀ ਘੱਟ ਗਿਣਤੀ ਭਾਈਚਾਰੇ ਦੇ ਮੈਂਬਰਾਂ ਨੇ ਭਾਜਪਾ ਦੀ ਅਗਵਾਈ ਵਾਲੀਆਂ ਸੂਬਾ ਤੇ ਕੇਂਦਰ ਸਰਕਾਰਾਂ ਵੱਲੋਂ ਕੀਤੇ ਗਏ ਕੰਮਾਂ ਨੂੰ ਅਣਡਿੱਠ ਕਰਕੇ ਲੋਕ ਸਭਾ ਚੋਣਾਂ ’ਚ ਕਾਂਗਰਸ ਨੂੰ ਵੋਟਾਂ ਪਾਈਆਂ। ਉਨ੍ਹਾ ਇਹ ਵੀ ਕਿਹਾ ਸੀ ਕਿ ਬੰਗਲਾਦੇਸ਼ੀ ਮੂਲ ਵਾਲੇ ਲੋਕ ਹੀ ਆਸਾਮ ਵਿਚ ਫਿਰਕਾਪ੍ਰਸਤੀ ਕਰਦੇ ਹਨ।
ਲੋਕ ਸਭਾ ਚੋਣਾਂ ਵਿਚ ਭਾਜਪਾ-ਏ ਜੀ ਪੀ-ਯੂ ਪੀ ਪੀ ਐੱਲ ਦੇ ਗੱਠਜੋੜ ਨੇ 14 ਵਿੱਚੋਂ 11 ਸੀਟਾਂ ਜਿੱਤੀਆਂ ਸਨ, ਜਦਕਿ ਕਾਂਗਰਸ ਤਿੰਨ ਜਿੱਤੀ ਸੀ। ਸਮੁੱਚੇ ਉੱਤਰ-ਪੂਰਬੀ ਰਾਜਾਂ ਵਿਚ ਭਾਜਪਾ ਤੇ ਉਸ ਦੀਆਂ ਇਤਿਹਾਦੀ ਪਾਰਟੀਆਂ 24 ਵਿੱਚੋਂ 15 ਸੀਟਾਂ ਜਿੱਤ ਸਕੀਆਂ, ਜਦਕਿ ਕਾਂਗਰਸ ਨੇ 7 ਸੀਟਾਂ ਜਿੱਤੀਆਂ। ਕਾਂਗਰਸ ਕੋਲ ਪਹਿਲਾਂ 4 ਸੀਟਾਂ ਸਨ। ਸਰਮਾ ਨੇ ਨਿਤਾਰਾ ਕੀਤਾ ਸੀ ਕਿ ਉੱਤਰ-ਪੂਰਬ ਵਿਚ ਇਕ ਖਾਸ ਧਰਮ ਭਾਜਪਾ ਦੀਆਂ ਸਰਕਾਰਾਂ ਦੇ ਖਿਲਾਫ ਭੁਗਤਿਆ।





