ਇਸਲਾਮਾਬਾਦ : ਪਾਕਿਸਤਾਨ ਵਿਚ ਹਿੰਦੂਆਂ ਦੀ ਆਬਾਦੀ 2017 ਵਿਚ 35 ਲੱਖ ਤੋਂ ਵਧ ਕੇ 2023 ਵਿਚ 38 ਲੱਖ ਹੋ ਗਈ | ਉਹ ਇਸਲਾਮੀ ਦੇਸ਼ ਵਿਚ ਸਭ ਤੋਂ ਵੱਡਾ ਘੱਟਗਿਣਤੀ ਭਾਈਚਾਰਾ ਹਨ | ਇਹ ਖੁਲਾਸਾ ਪਾਕਿਸਤਾਨ ਦੇ ਅੰਕੜਾ ਬਿਊਰੋ ਵੱਲੋਂ ਆਬਾਦੀ ਤੇ ਘਰਾਂ ਦੀ ਸੱਤਵੀਂ ਮਰਦਮਸ਼ੁਮਾਰੀ ਵਿਚ ਹੋਇਆ ਹੈ | 2023 ਤੱਕ ਦੇਸ਼ ਦੀ ਕੁਲ ਆਬਾਦੀ 24 ਕਰੋੜ ਤੋਂ ਕੁਝ ਵੱਧ (240,458,089) ਸੀ | ਰਿਪੋਰਟ ਮੁਤਾਬਕ ਮੁਸਲਮਾਨਾਂ ਦਾ ਹਿੱਸਾ 2017 ਵਿਚ 96.47 ਫੀਸਦੀ ਤੋਂ ਘਟ ਕੇ 2023 ਵਿਚ 96.35 ਫੀਸਦੀ ‘ਤੇ ਆ ਗਿਆ | ਪਿਛਲੇ ਛੇ ਸਾਲਾਂ ਵਿਚ ਸਾਰੀਆਂ ਘੱਟਗਿਣਤੀਆਂ ਦੀ ਆਬਾਦੀ ਵਧੀ ਹੈ | ਹਾਲਾਂਕਿ ਹਿੰਦੂਆਂ ਦੀ ਆਬਾਦੀ ਵਧੀ ਹੈ ਪਰ ਆਬਾਦੀ ਵਿਚ ਉਨ੍ਹਾਂ ਦਾ ਹਿੱਸਾ 1.73 ਫੀਸਦੀ ਤੋਂ ਘਟ ਕੇ 1.61 ਫੀਸਦੀ ‘ਤੇ ਆ ਗਿਆ | ਅਜਿਹਾ ਹੋਰਨਾਂ ਘੱਟਗਿਣਤੀਆਂ ਦੀ ਆਬਾਦੀ ਵਿਚ ਤੇਜ਼ ਵਾਧਾ ਹੋਣ ਕਰਕੇ ਹੋਇਆ ਹੈ | ਈਸਾਈਆਂ ਦੀ ਆਬਾਦੀ 26 ਲੱਖ ਤੋਂ ਵਧ ਕੇ 33 ਲੱਖ ਹੋ ਗਈ ਹੈ | ਉਨ੍ਹਾਂ ਦਾ ਹਿੱਸਾ 1.27 ਫੀਸਦੀ ਤੋਂ ਵਧ ਕੇ 1.37 ਫੀਸਦੀ ਹੋ ਗਿਆ ਹੈ | ਅਹਿਮਦੀਆ ਦੀ ਆਬਾਦੀ 191,737 (0.09 ਫੀਸਦੀ) ਤੋਂ 29053 ਘਟ ਕੇ 162,684 (0.07 ਫੀਸਦੀ) ‘ਤੇ ਆ ਗਈ ਹੈ | ਸਿੱਖਾਂ ਦੀ ਆਬਾਦੀ 15,998 ਤੇ ਪਾਰਸੀਆਂ ਦੀ 2348 ਹੈ |
ਰਿਪੋਰਟ ਮੁਤਾਬਕ 2050 ਤੱਕ ਦੇਸ਼ ਦੀ ਆਬਾਦੀ ਦੁੱਗਣੀ ਹੋ ਜਾਵੇਗੀ | ਦੇਸ਼ ਵਿਚ 12 ਕਰੋੜ 43 ਲੱਖ 20 ਹਜ਼ਾਰ ਮਰਦ ਤੇ 11 ਕਰੋੜ 71 ਲੱਖ 50 ਹਜ਼ਾਰ ਔਰਤਾਂ ਹਨ | ਸਮਲਿੰਗੀ 20331 ਹਨ | ਦੇਸ਼ ਦੀ ਕੁਲ ਆਬਾਦੀ ਵਿੱਚੋਂ 67 ਫੀਸਦੀ 30 ਸਾਲ ਤੇ 80 ਫੀਸਦੀ 40 ਸਾਲ ਤੋਂ ਹੇਠਾਂ ਦੀ ਉਮਰ ਦੀ ਹੈ | 67 ਸਾਲ ਤੋਂ ਉਪਰ ਸਿਰਫ 3.55 ਫੀਸਦੀ ਹਨ | 2017 ਵਿਚ 66.12 ਫੀਸਦੀ ਵਿਆਹੇ ਹੋਏ ਸਨ, ਜਦਕਿ 2023 ਵਿਚ 63.79 ਫੀਸਦੀ ਵਿਆਹੇ ਹੋਏ ਮਿਲੇ | 2017 ਵਿਚ 0.42 ਫੀਸਦੀ ਤਲਾਕਸ਼ੁਦਾ ਸਨ, ਜਦਕਿ 2023 ਵਿਚ 0.35 ਫੀਸਦੀ ਤਲਾਕਸ਼ੁਦਾ ਨਿਕਲੇ | ਪੇਂਡੂ ਆਬਾਦੀ 1.88 ਫੀਸਦੀ ਤੇ ਸ਼ਹਿਰੀ ਆਬਾਦੀ 3.67 ਫੀਸਦੀ ਵਧੀ ਹੈ |





