ਯੋਗੀ ਹਠ ਛੱਡਣ ਲਈ ਤਿਆਰ ਨਹੀਂ

0
204

ਲਖਨਊ : ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਸ਼ੁੱਕਰਵਾਰ ਕਿਹਾ ਕਿ ਕਾਂਵੜ ਯਾਤਰਾ ਦੇ ਰਾਹ ਵਿਚ ਆਉਂਦੀਆਂ ਸਾਰੀਆਂ ਖਾਣ-ਪੀਣ ਵਾਲੀਆਂ ਦੁਕਾਨਾਂ ਨੂੰ ਮਾਲਕਾਂ ਦੇ ਨਾਂਅ ਲਿਖ ਕੇ ਸ਼ੋਅ ਕਰਨੇ ਪੈਣਗੇ | ਇਸ ਤੋਂ ਪਹਿਲਾਂ ਮੁਜ਼ੱਫਰਨਗਰ ਪ੍ਰਸ਼ਾਸਨ ਨੇ ਵੀ ਅਜਿਹਾ ਹੁਕਮ ਦਿੱਤਾ ਸੀ, ਪਰ ਸਿਆਸਤਦਾਨਾਂ ਦੇ ਵਿਰੋਧ ਤੋਂ ਬਾਅਦ ਕਿਹਾ ਸੀ ਕਿ ਇਹ ਹਰ ਕਿਸੇ ਲਈ ਲਾਜ਼ਮੀ ਨਹੀਂ |
ਨਵੇਂ ਹੁਕਮ ਮੁਤਾਬਕ ਹਰ ਫੂਡ ਸ਼ਾਪ ਤੇ ਰੇਹੜੀ ਵਾਲੇ ਨੂੰ ਮਾਲਕ ਦਾ ਨਾਂਅ ਦਰਸਾਉਣਾ ਪਵੇਗਾ | ਪੁਲਸ ਦੇ ਪਹਿਲੇ ਹੁਕਮ ‘ਤੇ ਭਾਜਪਾ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਵੀ ਕਿਹਾ ਸੀ ਕਿ ਇਸ ਨਾਲ ਛੂਤਛਾਤ ਨੂੰ ਬੜ੍ਹਾਵਾ ਮਿਲੇਗਾ | ਕੁਝ ਹਿਰਸੀ ਅਧਿਕਾਰੀਆਂ ਦਾ ਇਹ ਹੁਕਮ ਛੂਤਛਾਤ ਦੀ ਬਿਮਾਰੀ ਵਧਾਏਗਾ | ਆਸਥਾ ਦਾ ਸਤਿਕਾਰ ਹੋਣਾ ਚਾਹੀਦਾ ਹੈ, ਪਰ ਛੂਤਛਾਤ ਦੀ ਪੁਸ਼ਤਪਨਾਹੀ ਨਹੀਂ ਕਰਨੀ ਚਾਹੀਦੀ |
ਹਾਲਾਂਕਿ ਭਾਜਪਾ ਆਗੂਆਂ ਨੇ ਹੁਕਮਾਂ ਦੀ ਹਮਾਇਤ ਕੀਤੀ ਸੀ, ਨਕਵੀ ਨੇ ਕਾਂਵੜ ਯਾਤਰਾ ਵਿਚ ਆਪਣੀ ਸ਼ਮੂਲੀਅਤ ਦੀ ਪੁਰਾਣੀ ਤਸਵੀਰ ਸਾਂਝੀ ਕਰਦਿਆਂ ਕਿਹਾ ਸੀ ਕਿ ਇਸ ਯਾਤਰਾ ਦੇ ਸਤਿਕਾਰ ਤੇ ਆਸਥਾ ਬਾਰੇ ਕਿਸੇ ਨੂੰ ਲੈਕਚਰ ਦੇਣ ਦੀ ਲੋੜ ਨਹੀਂ | ਏ ਆਈ ਐੱਮ ਆਈ ਐੱਮ ਦੇ ਪ੍ਰਧਾਨ ਅਸਦੁਦੀਨ ਓਵੈਸੀ ਨੇ ਕਿਹਾ ਸੀ ਕਿ ਯੋਗੀ ਦੇ ਅੰਦਰ ਹਿਟਲਰ ਦੀ ਰੂਹ ਆ ਗਈ ਹੈ |
ਮੋਦੀ ਸਰਕਾਰ ਵਿਚ ਮੰਤਰੀ ਤੇ ਲੋਕ ਜਨਸ਼ਕਤੀ ਪਾਰਟੀ (ਰਾਮਵਿਲਾਸ) ਦੇ ਪ੍ਰਧਾਨ ਚਿਰਾਗ ਪਾਸਵਾਨ ਨੇ ਵੀ ਇਨ੍ਹਾਂ ਹੁਕਮਾਂ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਉਹ ਜਾਤ ਤੇ ਧਰਮ ਦੇ ਨਾਂਅ ‘ਤੇ ਵੰਡੀ ਪਾਉਣ ਦੀ ਕਦੇ ਹਮਾਇਤ ਨਹੀਂ ਕਰਨਗੇ | ਸਮਾਜ ਵਿਚ ਦੋ ਜਮਾਤਾਂ ਹਨ—ਅਮੀਰ ਤੇ ਗਰੀਬ | ਵੱਖ-ਵੱਖ ਜਾਤਾਂ ਤੇ ਧਰਮਾਂ ਦੇ ਲੋਕ ਇਨ੍ਹਾਂ ਦੋਹਾਂ ਵਿਚ ਆਉਂਦੇ ਹਨ | ਸਾਨੂੰ ਦੋਹਾਂ ਵਿਚਾਲੇ ਪਾੜਾ ਦੂਰ ਕਰਨ ਦੇ ਯਤਨ ਕਰਨੇ ਚਾਹੀਦੇ ਹਨ |
ਕੇਂਦਰ ਸਰਕਾਰ ਵਿਚ ਭਾਜਪਾ ਦੀ ਭਾਈਵਾਲ ਪਾਰਟੀ ਜਨਤਾ ਦਲ ਯੂ ਦੇ ਕੌਮੀ ਬੁਲਾਰੇ ਕੇ ਸੀ ਤਿਆਗੀ ਨੇ ਕਿਹਾ ਸੀ ਕਿ ਮੁਜ਼ੱਫਰਨਗਰ ਪੁਲਸ ਹੁਕਮ ਵਾਪਸ ਲਵੇ, ਕਿਉਂਕਿ ਇਸ ਨਾਲ ਫਿਰਕੂ ਖਿਚਾਅ ਪੈਦਾ ਹੋਵੇਗਾ ਅਤੇ ਧਰਮ ਦੇ ਆਧਾਰ ‘ਤੇ ਵਿਤਕਰਾ ਨਹੀਂ ਹੋਣਾ ਚਾਹੀਦਾ |
ਕਾਫੀ ਨੁਕਤਾਚੀਨੀ ਤੋਂ ਬਾਅਦ ਮੁਜ਼ੱਫਰਨਗਰ ਪ੍ਰਸ਼ਾਸਨ ਨੇ ਆਪਣਾ ਹੁਕਮ ਸੋਧਦਿਆਂ ਕਿਹਾ ਸੀ ਕਿ ਦੁਕਾਨਦਾਰ ਆਪਣੀ ਮਰਜ਼ੀ ਨਾਲ ਨਾਂਅ ਲਿਖ ਸਕਦੇ ਹਨ, ਪਰ ਸ਼ੁੱਕਰਵਾਰ ਮੁੱਖ ਮੰਤਰੀ ਖੁਦ ਕੁਦ ਪਏ ਤੇ ਹੁਕਮ ਚਾੜ੍ਹ ਦਿੱਤਾ ਕਿ ਸਭ ਨੂੰ ਆਪਣਾ ਨਾਂਅ ਲਿਖਣਾ ਪਵੇਗਾ |
ਯੂ ਪੀ ਦੀ ਦੇਖਾ-ਦੇਖੀ ਉੱਤਰਾਖੰਡ ਦੇ ਹਰਿਦੁਆਰ ਦੀ ਪੁਲਸ ਨੇ ਵੀ ਹੁਕਮ ਦਿੱਤਾ ਹੈ ਕਿ ਕਾਂਵੜ ਯਾਤਰਾ ਦੇ ਰਾਹ ਵਾਲੀਆਂ ਸਾਰੀਆਂ ਦੁਕਾਨਾਂ, ਰੈਸਟੋਰੈਂਟਾਂ, ਹੋਟਲਾਂ, ਢਾਬਿਆਂ ਤੇ ਰੇਹੜੀ-ਫੜ੍ਹੀ ਦੇ ਮਾਲਕਾਂ ਨੂੰ ਆਪਣੇ ਨਾਂਅ ਲਿਖ ਕੇ ਲਾਉਣੇ ਪੈਣਗੇ |

LEAVE A REPLY

Please enter your comment!
Please enter your name here