25 C
Jalandhar
Sunday, September 8, 2024
spot_img

ਫਿਰਕੂ ਧਰੁਵੀਕਰਨ

ਲੋਕ ਸਭਾ ਚੋਣਾਂ ਵਿੱਚ ਬਹੁਸੰਮਤੀ ਹਾਸਲ ਨਾ ਕਰ ਸਕਣ ਦੇ ਬਾਵਜੂਦ ਭਾਜਪਾ ਆਪਣੀ ਫਿਰਕੂ ਧਰੁਵੀਕਰਨ ਦੀ ਨੀਤੀ ਨੂੰ ਹੋਰ ਤੇਜ਼ ਕਰਨ ਵਿੱਚ ਲੱਗ ਚੁੱਕੀ ਹੈ | ਚੋਣਾਂ ਤੋਂ ਬਾਅਦ ਭੀੜਤੰਤਰ ਹੱਤਿਆਵਾਂ ਲਗਾਤਾਰ ਜਾਰੀ ਹਨ | ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਕਾਂਵੜ ਯਾਤਰਾ ਮਾਰਗ ਬਾਰੇ ਜਾਰੀ ਕੀਤਾ ਗਿਆ ਹਾਲੀਆ ਹੁਕਮ ਇਸੇ ਦਿਸ਼ਾ ਵੱਲ ਵਧਣ ਦਾ ਸਬੂਤ ਹੈ | ਇਸ ਹੁਕਮ ਰਾਹੀਂ ਕਾਂਵੜ ਯਾਤਰਾ ਦੇ ਰਸਤੇ ਵਿੱਚ ਪੈਂਦੇ ਸਭ ਦੁਕਾਨਦਾਰਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੀਆਂ ਦੁਕਾਨਾਂ ਦੇ ਬਾਹਰ ਆਪਣੇ ਨਾਂ ਲਿਖਣ ਤਾਂ ਕਿ ਕਾਂਵੜੀਆਂ ਨੂੰ ਪਤਾ ਲੱਗ ਸਕੇ ਕਿ ਕਿਹੜੀ ਦੁਕਾਨ ਜਾਂ ਰੇਹੜੀ ਮੁਸਲਮਾਨ ਦੀ ਹੈ ਤੇ ਕਿਹੜੀ ਹਿੰਦੂ ਦੀ | ਇਹ ਸਿੱਧੇ ਤੌਰ ਉਤੇ ਮੁਸਲਮਾਨ ਦੁਕਾਨਦਾਰਾਂ ਦੇ ਆਰਥਿਕ ਬਾਈਕਾਟ ਲਈ ਜਾਰੀ ਕੀਤਾ ਗਿਆ ਫੁਰਮਾਨ ਹੈ |
ਇਸ ਹੁਕਮ ਬਾਰੇ ਸਰਕਾਰ ਦੀ ਦਲੀਲ ਵੀ ਹਾਸੋਹੀਣੀ ਹੈ | ਉਸ ਨੇ ਕਿਹਾ ਹੈ ਕਿ ਢਾਬਿਆਂ ਉਤੇ ਹਲਾਲ ਜਾਂ ਝਟਕਾ ਲਿਖੇ ਜਾਣ ‘ਤੇ ਜਦੋਂ ਕੋਈ ਇਤਰਾਜ਼ ਨਹੀਂ ਕਰਦਾ ਤਦ ਨਾਂ ਲਿਖੇ ਜਾਣ ਵਿੱਚ ਕੀ ਬੁਰਾਈ ਹੈ | ਇਸ ਦਾ ਜਵਾਬ ਹੈ ਕਿ ਕਿਸੇ ਹੋਟਲ ਉੱਤੇ ਸ਼ੁੱਧ ਸ਼ਾਕਾਹਾਰੀ, ਝਟਕਾ ਜਾਂ ਹਲਾਲ ਲਿਖੇ ਜਾਣ ਨਾਲ ਗਾਹਕ ਨੂੰ ਆਪਣੀ ਪਸੰਦ ਦਾ ਭੋਜਨ ਚੁਣਨ ਵਿੱਚ ਸਹਾਇਤਾ ਹੁੰਦੀ ਹੈ ਪਰ ਗਾਹਕ ਇਹ ਨਹੀਂ ਪੱੁਛਦਾ ਕਿ ਹੋਟਲ ਦੇ ਮਾਲਕ ਜਾਂ ਰਸੋਈਏ ਦਾ ਨਾਂ ਕੀ ਹੈ | ਭਾਰਤ ਵਿੱਚ ਵੱਡੇ ਮੀਟ ਵਪਾਰੀ ਹਿੰਦੂ ਹਨ | ਕੀ ਉਨ੍ਹਾਂ ਵੱਲੋਂ ਵੇਚਿਆ ਜਾਂਦਾ ਮੀਟ ਦਾਲ-ਸਬਜ਼ੀ ਬਣ ਜਾਂਦਾ ਹੈ ਤੇ ਮੁਹੰਮਦ ਤੇ ਰਫੀਕ ਵੱਲੋਂ ਵੇਚੇ ਅੰਬ ਗੋਸ਼ਤ ਬਣ ਜਾਣਗੇ | ਸਰਕਾਰ ਦੇ ਇਸ ਆਦੇਸ਼ ਦਾ ਅਸਰ ਇਹ ਹੋਇਆ ਹੈ ਕਿ ਮੁਜ਼ੱਫਰਨਗਰ ਦੇ ਦੁਕਾਨਦਾਰਾਂ ਨੇ ਆਪਣੇ ਮੁਸਲਮਾਨ ਮੁਲਾਜ਼ਮਾਂ ਨੂੰ ਕੰਮ ਤੋਂ ਹਟਾ ਦਿੱਤਾ ਹੈ | ਇਹੋ ਹੀ ਭਾਜਪਾ ਚਾਹੁੰਦੀ ਹੈ |
ਅਸਲ ਵਿੱਚ ਭਾਜਪਾ ਸ਼ਾਸਤ ਰਾਜ ਸਰਕਾਰਾਂ ਤੇ ਸਰਕਾਰੀ ਮਸ਼ੀਨਰੀ ਮੁਸਲਮਾਨਾਂ ਉੱਪਰ ਜਬਰ ਲਈ ਸਦਾ ਮੌਕੇ ਦੀ ਤਲਾਸ਼ ਵਿੱਚ ਰਹਿੰਦੀ ਹੈ | ਹੁਣ ਉਸ ਨੇ ਫਲਸਤੀਨ ਦੇ ਝੰਡੇ ਲਹਿਰਾਉਣ ਨੂੰ ਵੀ ਜੁਰਮ ਕਰਾਰ ਦੇ ਦਿੱਤਾ ਹੈ | ਪਿਛਲੇ ਦਿਨੀਂ ਮੱਧ ਪ੍ਰਦੇਸ਼, ਬਿਹਾਰ, ਜੰਮੂ-ਕਸ਼ਮੀਰ ਤੇ ਉੱਤਰ ਪ੍ਰਦੇਸ਼ ਵਿੱਚ ਇਸ ਜੁਰਮ ਵਿੱਚ ਮੁਸਲਮਾਨ ਨੌਜਵਾਨਾਂ ਦੀਆਂ ਗਿ੍ਫ਼ਤਾਰੀਆਂ ਹੋ ਚੁੱਕੀਆਂ ਹਨ |
ਭਾਰਤ ਦੇ ਫਲਸਤੀਨ ਨਾਲ ਹਮੇਸ਼ਾ ਚੰਗੇ ਸੰਬੰਧ ਰਹੇ ਹਨ | ਭਾਰਤ 1988 ਵਿੱਚ ਫਲਸਤੀਨ ਦੇਸ਼ ਨੂੰ ਮਾਨਤਾ ਦੇਣ ਵਾਲੇ ਪਹਿਲੇ ਦੇਸ਼ਾਂ ਵਿੱਚ ਸ਼ਾਮਲ ਹੈ | ਫਲਸਤੀਨ ਦੇ ਮੁੱਦੇ ‘ਤੇ ਭਾਰਤ ਦਾ ਸਮਰਥਨ ਅੱਜ ਵੀ ਸਾਡੀ ਵਿਦੇਸ਼ ਨੀਤੀ ਦਾ ਅਹਿਮ ਅੰਗ ਹੈ | ਨਵੀਂ ਦਿੱਲੀ ਵਿੱਚ ਫਲਸਤੀਨ ਦਾ ਬਾਕਾਇਦਾ ਦੂਤਾਵਾਸ ਹੈ | ਹਾਲੇ ਹੁਣੇ 15 ਜੁਲਾਈ ਨੂੰ ਭਾਰਤ ਨੇ ਫਲਸਤੀਨੀ ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਦੀ ਰਾਹਤ ਏਜੰਸੀ ਨੂੰ 25 ਲੱਖ ਡਾਲਰ ਦਾਨ ਵਜੋਂ ਦਿੱਤੇ ਹਨ |
ਅਕਤੂਬਰ 2023 ਵਿੱਚ ਇਜ਼ਰਾਈਲ ਵੱਲੋਂ ਕੀਤੇ ਗਏ ਹਮਲੇ ਵਿੱਚ ਹੁਣ ਤੱਕ 36 ਹਜ਼ਾਰ ਫਲਸਤੀਨੀ ਮਾਰੇ ਜਾ ਚੁੱਕੇ ਹਨ | ਇਨ੍ਹਾਂ ਵਿੱਚ ਬਹੁਤੇ ਬਜ਼ੁਰਗ, ਬੱਚੇ ਤੇ ਔਰਤਾਂ ਹਨ | ਇਸ ਨਸਲਘਾਤ ਵਿਰੁੱਧ ਫਲਸਤੀਨੀਆਂ ਨਾਲ ਇੱਕਜੁਟਤਾ ਅਪਰਾਧ ਨਹੀਂ ਮਾਨਵਵਾਦੀ ਪਹੁੰਚ ਹੈ |
ਮੁਹੱਰਮ ਤੋਂ ਪਹਿਲਾਂ ਇਕ ਜਲੂਸ ਦੌਰਾਨ ਫਲਸਤੀਨੀ ਝੰਡੇ ਲਹਿਰਾਉਣ ਦੇ ਦੋਸ਼ ਵਿੱਚ ਬਿਹਾਰ ਦੇ ਨਵਾਦਾ ਤੇ ਦਰਭੰਗਾ ਵਿੱਚ 4 ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਹੈਰਾਨੀ ਦੀ ਗੱਲ ਇਹ ਹੈ ਕਿ ਕੁਝ ਕੇਸਾਂ ਵਿੱਚ ਭਾਜਪਾ, ਬਜਰੰਗ ਦਲ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੈਂਬਰਾਂ ਵੱਲੋਂ ਕੀਤੀਆਂ ਗਈਆਂ ਸ਼ਿਕਾਇਤਾਂ ਉਤੇ ਯੂ ਏ ਪੀ ਏ ਵਰਗੀਆਂ ਸਖ਼ਤ ਧਾਰਾਵਾਂ ਹੇਠ ਕੇਸ ਦਰਜ ਕੀਤੇ ਗਏ ਹਨ |
ਸ੍ਰੀਨਗਰ ਦੇ ਸਾਂਸਦ ਆਗਾ ਰੂਹੁਲਾ ਮੇਂਹਦੀ ਨੇ ਕਿਹਾ, ਫਲਸਤੀਨ ਦਾ ਸਮਰਥਨ ਕਰਨਾ ਅਪਰਾਧ ਨਹੀਂ, ਭਾਰਤ ਦੀ ਵਿਦੇਸ਼ ਨੀਤੀ ਦੇ ਅਨੁਕੂਲ ਹੈ | ਜੇਕਰ ਫਲਸਤੀਨ ਦਾ ਸਮਰਥਨ ਕਰਨ ‘ਤੇ ਯੂ ਏ ਪੀ ਏ ਲਾਇਆ ਜਾਂਦਾ ਹੈ ਤਾਂ ਸਰਕਾਰ ਦੇ ਇਰਾਦੇ ਸਪੱਸ਼ਟ ਹੋ ਜਾਂਦੇ ਹਨ | ਅਸਲ ਵਿੱਚ ਫਲਸਤੀਨ ਤਾਂ ਇੱਕ ਬਹਾਨਾ ਹੈ, ਮਕਸਦ ਤਾਂ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣਾ ਹੈ |
-ਚੰਦ ਫਤਿਹਪੁਰੀ

Related Articles

LEAVE A REPLY

Please enter your comment!
Please enter your name here

Latest Articles