ਡੋਡਾ : ਜੰਮੂ ’ਚ ਵਧਦੇ ਅੱਤਵਾਦੀ ਹਮਲਿਆਂ ਵਿਚਾਲੇ ਭਾਰਤੀ ਫੌਜ ਨੇ ਲਗਭਗ 500 ਪੈਰਾ ਸਪੈਸ਼ਲ ਫੋਰਸ ਕਮਾਂਡੋ ਨੂੰ ਤਾਇਨਾਤ ਕੀਤਾ ਹੈ। ਰੱਖਿਆ ਸੂਤਰਾਂ ਨੇ ਦੱਸਿਆ ਕਿ ਜੰਮੂ ਰੀਜ਼ਨ ’ਚ ਪਾਕਿਸਤਾਨ ਦੇ 50-55 ਅੱਤਵਾਦੀ ਲੁਕੇ ਹੋਣ ਦਾ ਸ਼ੱਕ ਹੈ। ਫੌਜ ਨੂੰ ਇਸ ਨਾਲ ਜੁੜੇ ਇੰਟੈਲੀਜੈਂਸ ਇਨਪੁਟ ਮਿਲੇ ਹਨ, ਜਿਸ ਤੋਂ ਬਾਅਦ ਉਨ੍ਹਾਂ ਮੋਰਚਾ ਸੰਭਾਲ ਲਿਆ ਹੈ। ਇੰਟੈਲੀਜੈਂਸ ਏਜੰਸੀਆਂ ਵੀ ਅੱਤਵਾਦੀਆਂ ਨੂੰ ਸਮਰਥਨ ਕਰਨ ਵਾਲੇ ਓਵਰਗਰਾਊਂਡ ਵਰਕਰਾਂ ਨੂੰ ਖ਼ਤਮ ਕਰਨ ਲਈ ਕੰਮ ਕਰ ਰਹੀਆਂ ਹਨ।
ਗਸ਼ਤ ਦੌਰਾਨ ਅਫ਼ਸਰ ਤੇ ਜਵਾਨ ਦੀ ਗਰਮੀ ਕਾਰਨ ਮੌਤ
ਅਹਿਮਦਾਬਾਦ : ਸੀਮਾ ਸੁਰੱਖਿਆ ਬਲ ਦੇ ਅਫ਼ਸਰ ਅਤੇ ਇਕ ਜਵਾਨ ਦੀ ਹਰਾਮੀ ਨਾਲਾ ਖੇਤਰ ਵਿੱਚ ਗਸ਼ਤ ਦੌਰਾਨ ਗਰਮੀ ਕਾਰਨ ਮੌਤ ਹੋ ਗਈ।ਜਾਣਕਾਰੀ ਅਨੁਸਾਰ ਅਸਿਸਟੈਂਟ ਕਮਾਂਡੈਂਟ ਵਿਸ਼ਵਾਦਿਓ ਅਤੇ ਹੈੱਡ ਕਾਂਸਟੇਬਲ ਦਿਆਲ ਰਾਮ ਗਸ਼ਤ ਦੌਰਾਨ ਡੀਹਾਈਡ੍ਰੇਸ਼ਨ ਦਾ ਸ਼ਿਕਾਰ ਹੋ ਕੇ ਡਿੱਗ ਗਏ। ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਭੁਜ ਵਿੱਚ ਇੱਕ ਸਿਹਤ ਕੇਂਦਰ ਵਿੱਚ ਲਿਜਾਇਆ ਗਿਆ, ਪਰ ਬਚਾਇਆ ਨਹੀਂ ਜਾ ਸਕਿਆ।
ਮਲੇਸ਼ੀਆ ਦੇ ਸੁਲਤਾਨ ਇਬਰਾਹਿਮ ਇਸਕੰਦਰ ਨੇ ਰਾਜਗੱਦੀ ਸੰਭਾਲੀ
ਕੋਆਲਾਲੰਪੁਰ : ਮਲੇਸ਼ੀਆ ਦੇ ਨਵੇਂ ਰਾਜਾ ਸੁਲਤਾਨ ਇਬਰਾਹਿਮ ਇਸਕੰਦਰ ਨੇ ਰਾਜਗੱਦੀ ਸੰਭਾਲ ਲਈ। ਉਹ ਇੱਕ ਅਰਬਪਤੀ ਕਾਰੋਬਾਰੀ ਹਨ। 65 ਸਾਲਾ ਸੁਲਤਾਨ ਇਬਰਾਹਿਮ ਇਸਕੰਦਰ ਨੇ ਕਿਹਾ ਕਿ ਉਹ ਨਿਰਪੱਖਤਾ ਅਤੇ ਨਿਆਂ ਦੇ ਨਾਲ ਰਾਜਭਾਗ ਸੰਭਾਲਣਗੇ। ਮਲੇਸ਼ੀਆ ’ਚ ਆਪਣੇ ਤਰ੍ਹਾਂ ਦੀ ਅਨੋਖੀ ਰਾਜਾਸ਼ਾਹੀ ਹੈ, ਜਿਸ ’ਚ ਨੌਂ ਸੂਬਿਆਂ ਦੇ ਸ਼ਾਹੀ ਪਰਵਾਰਾਂ ਵਿਚਾਲੇ ਰਾਜਗੱਦੀ ਦੀ ਜ਼ਿੰਮੇਵਾਰੀ ਵਾਰੀ-ਵਾਰੀ ਵੰਡੀ ਜਾਂਦੀ ਹੈ। ਹਰ ਇੱਕ ਰਾਜਾ ਨੂੰ ਰਾਜ ਕਰਨ ਲਈ ਪੰਜ ਸਾਲ ਦਾ ਸਮਾਂ ਦਿੱਤਾ ਜਾਂਦਾ ਹੈ। ਮੌਜੂਦਾ ਰਾਜਾ ਦੇਸ਼ ਦੇ ਜੋਹੋਰ ਸੂਬੇ ਤੋਂ ਹੈ। ਮੰਨਿਆ ਜਾਂਦਾ ਹੈ ਕਿ ਉਨ੍ਹਾ ਕੋਲ ਪੰਜ ਅਰਬ ਤੋਂ ਵੱਧ ਦੀ ਦੌਲਤ ਹੈ।
ਬਿਕਰਮ ਮਜੀਠੀਆ ਸਿੱਟ ਅੱਗੇ ਨਹੀਂ ਹੋਏ ਪੇਸ਼
ਚੰਡੀਗੜ੍ਹ : ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਸ਼ਨੀਵਾਰ ਐੱਸ ਆਈ ਟੀ ਅੱਗੇ ਪੇਸ਼ ਨਹੀਂ ਹੋਏ, ਇਸ ਬਾਰੇ ਮਜੀਠੀਆ ਦੇ ਵਕੀਲ ਦਮਨਬੀਰ ਸਿੰਘ ਸੋਬਤੀ ਵੱਲੋਂ ਐੱਸ ਆਈ ਟੀ ਨੂੰ ਪੱਤਰ ਭੇਜ ਕੇ ਜਾਣਕਾਰੀ ਦਿੱਤੀ ਗਈ।ਐੱਸ ਆਈ ਟੀ ਨੂੰ ਭੇਜੇ ਪੱਤਰ ’ਚ ਕਿਹਾ ਗਿਆ ਹੈ ਕਿ 23 ਜੁਲਾਈ ਨੂੰ ਸੁਪਰੀਮ ਕੋਰਟ ’ਚ ਅਹਿਮ ਮਾਮਲੇ ਦੀ ਪੇਸ਼ੀ ਹੋਣ ਕਰਕੇ ਮਜੀਠੀਆ ਆਪਣੇ ਵਕੀਲਾਂ ਦੀ ਟੀਮ ਨਾਲ ਮਸ਼ਵਰਾ ਕਰਨ ਦਿੱਲੀ ਪੁੱਜੇ ਹੋਏ ਹਨ, ਇਸ ਲਈ ਉਹ ਸਿੱਟ ਕੋਲ ਪੇਸ਼ ਨਹੀਂ ਹੋ ਸਕਦੇ। ਮਜੀਠੀਆ ਦੇ ਵਕੀਲ ਸੋਬਤੀ ਨੇ ਸਿੱਟ ਨੂੰ 20 ਜੁਲਾਈ ਨੂੰ ਪੇਸ਼ ਹੋਣ ਲਈ ਭੇਜੇ ਸੰਮਨ ਦਾ ਜਵਾਬ ਦਿੰਦਿਆਂ ਕਿਹਾ ਕਿ 18 ਜੁਲਾਈ ਨੂੰ ਅੰਮਿ੍ਰਤਸਰ ਕੋਰਟ ਵਿੱਚ ਪੇਸ਼ੀ ਹੋਣ ਕਰਕੇ ਪਟਿਆਲਾ ਨਹੀਂ ਆ ਸਕੇ, ਜਿਸ ’ਤੇ ਸਿੱਟ ਨੇ ਜਾਣਬੁੱਝ ਕੇ 20 ਜੁਲਾਈ ਨੂੰ ਅਗਲੀ ਤਰੀਕ ਰੱਖੀ ਹੈ।ਵਕੀਲ ਅਨੁਸਾਰ ਰੁਝੇਵਿਆਂ ਦਾ ਪਤਾ ਹੋਣ ਦੇ ਬਾਵਜੂਦ ਤੇ ਸੁਪਰੀਮ ਕੋਰਟ ਦੇ ਮਾਮਲੇ ਵਿੱਚ ਵਿਘਨ ਪਾਉਣ ਲਈ ਮਜੀਠੀਆ ਨੂੰ ਮਿੱਥੀਆਂ ਤਰੀਕਾਂ ’ਤੇ ਬੁਲਾਇਆ ਜਾ ਰਿਹਾ ਹੈ, ਤਾਂ ਕਿ ਉਹ ਅਦਾਲਤ ’ਚ ਪੇਸ਼ ਨਾ ਹੋ ਸਕਣ।




