ਨਹੀਂ ਬਣਨ ਦਿਆਂਗੇ ਮੁੰਬਈ ਨੂੰ ਅਡਾਨੀ ਸਿਟੀ : ਊਧਵ

0
186

ਮੁੰਬਈ : ਸ਼ਿਵ ਸੈਨਾ (ਯੂ ਬੀ ਟੀ) ਦੇ ਪ੍ਰਮੁੱਖ ਊਧਵ ਠਾਕਰੇ ਨੇ ਸ਼ਨੀਵਾਰ ਪ੍ਰੈੱਸ ਕਾਨਫਰੰਸ ਕਰਕੇ ਸੂਬਾ ਸਰਕਾਰ ’ਤੇ ਨਿਸ਼ਾਨਾ ਲਾਇਆ। ਇਸ ਦੌਰਾਨ ‘ਅਡਾਨੀ ਧਾਰਾਵੀ ਪ੍ਰੋਜੈਕਟ’ ਉਨ੍ਹਾ ਦੇ ਨਿਸ਼ਾਨੇ ’ਤੇ ਰਿਹਾ। ਠਾਕਰੇ ਨੇ ਕਿਹਾ, ‘ਅਸੀਂ ਮੁੰਬਈ ਨੂੰ ਅਡਾਨੀ ਸਿਟੀ ਨਹੀਂ ਬਣਨ ਦਿਆਂਗੇ।’ ਪ੍ਰੈੱਸ ਕਾਨਫਰੰਸ ’ਚ ਊਧਵ ਠਾਕਰੇ ਨੇ ਕਿਹਾ, ‘ਲਾਡਲੀ ਭੈਣਾ’ ਅਤੇ ਕਈ ਯੋਜਨਾਵਾਂ ਦੇ ਨਾਂਅ ਨਾਲ ਜਨਤਾ ਨੂੰ ਲੁਭਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਉਦਯੋਗਪਤੀ ਗੌਤਮ ਅਡਾਨੀ ’ਤੇ ਨਿਸ਼ਾਨਾ ਲਾਉਂਦੇ ਹੋਏ ਉਨ੍ਹਾ ਕਿਹਾ ਕਿ ਅੱਜ ਮੈਂ ਇੱਕ ਯੋਜਨਾ ਬਾਰੇ ਕਹਿਣ ਆਇਆ ਹੈ, ਉਹ ਯੋਜਨਾ ਹੈ, ‘ਲੜਕਾ ਉਦਯੋਗਪਤੀ ਯੋਜਨਾ।’ ਠਾਕਰੇ ਨੇ ਕਿਹਾ, ‘ਧਾਰਾਵੀ ’ਚ ਅਸੀਂ ਅੰਦੋਲਨ ਕੀਤਾ ਸੀ। ਉਥੋਂ ਦੇ ਲੋਕਾਂ ਨੂੰ 500 ਵਰਗ ਫੁੱਟ ਦਾ ਘਰ ਮਿਲਣਾ ਹੀ ਚਾਹੀਦਾ। ਹਰ ਘਰ ’ਚ ਇੱਕ ਮਾਈਕ੍ਰੋ ਵਪਾਰ ਚਲਦਾ ਹੈ, ਇਸ ਲਈ ਕੀ ਉਪਾਅ ਕੀਤਾ ਜਾਵੇਗਾ। ਇਹ ਮੁੰਬਈ ਦਾ ਨਾਂਅ ‘ਅਡਾਨੀ ਸਿਟੀ’ ਵੀ ਕਰ ਦੇਣਗੇ। ਇਨ੍ਹਾਂ ਦੀ ਕੋਸ਼ਿਸ਼ ਚੱਲ ਰਹੀ ਹੈ, ਉਸ ਨੂੰ ਅਸੀਂ ਹੋਣ ਨਹੀਂ ਦਿਆਂਗੇ। ਉਨ੍ਹਾ ਨੇ ਕਿਹਾ, ‘ਧਾਰਾਵੀ ਦੇ ਲੋਕਾਂ ਨੂੰ ਯੋਗ ਅਤੇ ਆਯੋਗ ਦੇ ਚੱਕਰਵਿਊ ’ਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਡੀ ਸਰਕਾਰ ਸੱਤਾ ’ਚ ਆਵੇਗੀ ਤਾਂ ਅਸੀਂ ਧਾਰਾਵੀ ਦੇ ਲੋਕਾਂ ਨੂੰ ਦੂਜੀ ਜਗ੍ਹਾ ਨਹੀਂ ਵਸਾਵਾਂਗੇ। ਧਾਰਾਵੀ ’ਚ ਹੀ ਕਾਰੋਬਾਰ ਦੀ ਸਹੀ ਵਿਵਸਥਾ ਕੀਤੀ ਜਾਵੇਗੀ।’ ਠਾਕਰੇ ਨੇ ਕਿਹਾਧਾਰਾਵੀ ਦਾ ਵਿਕਾਸ ਹੋਣਾ ਚਾਹੀਦਾ, ਅਡਾਨੀ ਦਾ ਨਹੀਂ। ਜੇਕਰ ਅਡਾਨੀ ਇਹ ਸਭ ਪੂਰਾ ਨਹੀਂ ਕਰ ਸਕਦਾ ਤਾਂ ਦੋਬਾਰਾ ਟੈਂਡਰ ਕਰਾਇਆ ਜਾਵੇ। ਗਲੋਲਬ ਟੈਂਡਰ ਕੱਢਿਆ ਜਾਣਾ ਚਾਹੀਦਾ ਅਤੇ ਪਾਰਦਰਸ਼ਤਾ ਦਾ ਪਾਲਣ ਹੋਣਾ ਚਾਹੀਦਾ। ਜ਼ਿਕਰਯੋਗ ਹੈ ਕਿ ਗੌਤਮ ਅਡਾਨੀ ਨੇ ਮੁੰਬਈ ਦੇ ਸਲੱਮ ਏਰੀਏ ਧਾਰਾਵੀ ਦਾ ਕਾਇਆ-ਕਲਪ ਕਰਨ ਲਈ ਪਹਿਲਾਂ ਬੋਲੀ ਜਿੱਤੀ ਸੀ। ਬੀਤੇ ਸਾਲ ਸਤੰਬਰ ਮਹੀਨੇ ’ਚ ਇਸ ਕੰਮ ਨੂੰ ਅੰਜ਼ਾਮ ਦੇਣ ਲਈ ਉਨ੍ਹਾ ਕੰਪਨੀ ਬਣਾਈ ਸੀ।

LEAVE A REPLY

Please enter your comment!
Please enter your name here