ਇਸਲਾਮਾਬਾਦ : ਫੋਬਰਸ ਐਡਵਾਈਜ਼ਰ ਦੀ ਲਿਸਟ ’ਚ ਪਾਕਿਸਤਾਨ ਦਾ ਕਰਾਚੀ ਸ਼ਹਿਰ ਸੈਰ-ਸਪਾਟੇ ਦੇ ਲਿਹਾਜ ਨਾਲ ਦੂਸਰਾ ਸਭ ਤੋਂ ਖ਼ਤਰਨਾਕ ਸ਼ਹਿਰ ਦੱਸਿਆ ਗਿਆ ਹੈ। ਰੇਟਿੰਗ ’ਚ 100 ’ਚੋਂ ਉਸ ਨੂੰ 93.12 ਅੰਕ ਦਿੱਤੇ ਗਏ ਹਨ। ਇਸ ਲਿਸਟ ’ਚ ਪਹਿਲੇ ਨੰਬਰ ’ਤੇ ਵੈਨੇਜ਼ੂਏਲਾ ਦਾ ਕਰਾਕਾਸ ਸ਼ਹਿਰ ਹੈ। ਇਸ ਲਿਸਟ ’ਚ ਤੀਜੇ ਨੰਬਰ ’ਤੇ ਮਿਆਂਮਾਰ ਦਾ ਯਾਨਗੋਨ ਸ਼ਹਿਰ ਹੈ। ਰਿਪੋਰਟ ਮੁਤਾਬਕ ਇਨਾਂ ਸ਼ਹਿਰਾਂ ’ਚ ਸੈਲਾਨੀਆਂ ਲਈ ਸਭ ਤੋਂ ਵੱਧ ਖ਼ਤਰਾ ਹੈ। ਇੱਥੇ ਅਪਰਾਧ ਦੀ ਦਰ, ਹਿੰਸਾ, ਅੱਤਵਾਦੀ ਧਮਕੀਆਂ ਅਤੇ ਆਰਥਕ ਸਮੱਸਿਆਵਾਂ ਦਾ ਡਰ ਬਣਿਆ ਰਹਿੰਦਾ ਹੈ। ਅਖਬਾਰ ‘ਡਾਨ’ ਮੁਤਾਬਕ ਅਮਰੀਕੀ ਗ੍ਰਹਿ ਮੰਤਰਾਲਾ ਨੇ ਵੀ ਸੁਰੱਖਿਆ ਦੇ ਲਿਹਾਜ਼ ਨਾਲ ਸੈਰ-ਸਪਾਟੇ ਲਈ ਖ਼ਤਰਨਾਕ ਸ਼ਹਿਰਾਂ ਦੀ ਲਿਸਟ ਜਾਰੀ ਕੀਤੀ ਹੈ। ਇਸ ’ਚ ਕਰਾਚੀ ਨੂੰ ਸਭ ਤੋਂ ਖਰਾਬ ਦੱਸਿਆ ਗਿਆ ਸੀ। ਕਰਾਚੀ ਨੂੰ ਇਨਫਰਾਸਟਰਕਚਰ ਸਕਿਉਰਟੀ ਰਿਸਕ ਦੇ ਆਧਾਰ ’ਤੇ ਚੌਥਾ ਸਥਾਨ ਦਿੱਤਾ ਗਿਆ ਸੀ।
ਬੰਗਲਾਦੇਸ਼ ਦਾ ਢਾਕਾ ਸ਼ਹਿਰ ਵੀ ਖ਼ਤਰਨਾਕ ਸ਼ਹਿਰਾਂ ਦੀ ਲਿਸਟ ’ਚ ਛੇਵੇਂ ਸਥਾਨ ’ਤੇ ਹੈ। ਚੌਥੇ ਨੰਬਰ ’ਤੇ ਨਾਇਜੀਰੀਆ ਦਾ ਲਾਗੋਸ, ਪੰਜਵੇਂ ’ਤੇ ਮਨੀਲਾ, ਸੱਤਵੇਂ ’ਤੇ ਕੋਲੰਬੀਆ ਦਾ ਬੋਗੋਟਾ, ਅੱਠਵੇਂ ’ਤੇ ਕਹਿਰਾ, ਨੌਵੇਂ ’ਤੇ ਮੈਕਸੀਕੋ ਸਿਟੀ ਅਤੇ 10ਵੇਂ ’ਤੇ ਇਕਵਾਡੋਰ ਨੂੰ ਖ਼ਤਰਨਾਕ ਸ਼ਹਿਰਾਂ ਦੀ ਸੂਚੀ ’ਚ ਜਗ੍ਹਾ ਦਿੱਤੀ ਗਈ ਹੈ। ਫੋਬਰਸ ਐਡਵਾਈਜ਼ਰ ਨੇ ਦੁਨੀਆ ’ਚ ਸਭ ਤੋਂ ਸੁਰੱਖਿਅਤ ਸ਼ਹਿਰਾਂ ਦੀ ਲਿਸਟ ਵੀ ਜਾਰੀ ਕੀਤੀ ਹੈ। ਇਸ ’ਚ ਸਿੰਗਾਪੁਰ ਪਹਿਲੇ ਸਥਾਨ ’ਤੇ ਹੈ। ਇਸ ਤੋਂ ਬਾਅਦ ਦੂਜਾ ਸਥਾਨ ਜਾਪਾਨ ਦੇ ਟੋਕੀਓ ਦਾ ਹੈ। ਕੈਨੇਡਾ ਦੇ ਟੋਰਾਂਟੋ ਨੂੰ ਤੀਜਾ ਸਭ ਤੋਂ ਸੁਰੱਖਿਅਤ ਸ਼ਹਿਰ ਦੱਸਿਆ ਗਿਆ ਹੈ। ਸੁਰੱਖਿਅਤ ਸ਼ਹਿਰਾਂ ਦੇ ਮਾਮਲੇ ’ਚ ਚੌਥਾ ਸਥਾਨ ਆਸਟ੍ਰੇਲੀਆ ਦੇ ਸਿਡਨੀ, ਪੰਜਵਾਂ ਸਵਿਟਜ਼ਰਲੈਂਡ ਦੇ ਜਿਊਰਿਖ ਨੂੰ ਦਿੱਤਾ ਗਿਆ ਹੈ।