ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਵੱਡੀ ਰਾਹਤ ਦਿੰਦਿਆਂ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ, ਜਿਸ ’ਚ ਕਥਿਤ ਜ਼ਮੀਨ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਹੇਮੰਤ ਨੂੰ ਜ਼ਮਾਨਤ ਦੇਣ ਦੇ ਹਾਈ ਕੋਰਟ ਦੇ ਹੁਕਮ ਨੂੰ ਚੁਣੌਤੀ ਦਿੱਤੀ ਗਈ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਝਾਰਖੰਡ ਹਾਈ ਕੋਰਟ ਦਾ 28 ਜੂਨ ਨੂੰ ਸੋਰੇਨ ਨੂੰ ਜ਼ਮਾਨਤ ਦੇਣ ਦਾ ਹੁਕਮ ਤਰਕਪੂਰਨ ਫੈਸਲਾ ਸੀ। ਜਸਟਿਸ ਬੀ ਆਰ ਗਵਈ ਅਤੇ ਕੇ ਵੀ ਵਿਸ਼ਵਨਾਥਨ ਦੀ ਬੈਂਚ ਨੇ ਕਿਹਾ ਕਿ ਉਹ ਝਾਰਖੰਡ ਹਾਈ ਕੋਰਟ ਦੇ ਹੁਕਮਾਂ ਵਿਚ ਦਖਲ ਨਹੀਂ ਦੇਣਗੇ।
ਰਾਖਵਾਂਕਰਨ ਬਾਰੇ ਹਾਈ ਕੋਰਟ ਦੇ ਫੈਸਲੇ ’ਤੇ ਰੋਕ ਤੋਂ ਨਾਂਹ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਪਟਨਾ ਹਾਈ ਕੋਰਟ ਦੇ ਉਸ ਫੈਸਲੇ ’ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਤਹਿਤ ਬਿਹਾਰ ਵਿਚ ਦਲਿਤਾਂ, ਆਦਿਵਾਸੀਆਂ ਅਤੇ ਪੱਛੜੇ ਵਰਗਾਂ ਲਈ ਰਾਖਵਾਂਕਰਨ 50 ਫੀਸਦੀ ਤੋਂ ਵਧਾ ਕੇ 65 ਫੀਸਦੀ ਕਰਨ ਵਾਲੇ ਸੋਧੇ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਗਿਆ ਸੀ। ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਬਿਹਾਰ ਸਰਕਾਰ ਲਈ ਝਟਕਾ ਮੰਨਿਆ ਜਾ ਰਿਹਾ ਹੈ। ਹਾਲਾਂਕਿ ਚੀਫ ਜਸਟਿਸ ਡੀ ਵਾਈ ਚੰਦਰਚੂੜ, ਜਸਟਿਸ ਜੇ ਬੀ ਪਾਦਰੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਨੇ ਬਿਹਾਰ ਸਰਕਾਰ ਵੱਲੋਂ ਪਟਨਾ ਹਾਈਕੋਰਟ ਦੇ ਫੈਸਲੇ ਖਿਲਾਫ ਦਾਇਰ ਕੀਤੀਆਂ 10 ਪਟੀਸ਼ਨਾਂ ’ਤੇ ਸੁਣਵਾਈ ਕਰਨ ਲਈ ਸਹਿਮਤੀ ਦਿੱਤੀ ਹੈ। ਸੁਪਰੀਮ ਕੋਰਟ ਨੇ ਪਟੀਸ਼ਨਾਂ ’ਤੇ ਨੋਟਿਸ ਜਾਰੀ ਨਹੀਂ ਕੀਤਾ ਅਤੇ ਅਪੀਲ ਦੀ ਇਜਾਜ਼ਤ ਦਿੰਦਿਆਂ ਕਿਹਾ ਕਿ ਇਨ੍ਹਾਂ ’ਤੇ ਸੁਣਵਾਈ ਸਤੰਬਰ ਮਹੀਨੇ ਵਿਚ ਕੀਤੀ ਜਾਵੇਗੀ।
ਧਮਾਕੇ ਨਾਲ ਚਾਰ ਮੌਤਾਂ
ਸ੍ਰੀਨਗਰ : ਸੋਪੋਰ ਦੀ ਸ਼ੇਰ ਕਾਲੋਨੀ ਵਿਚ ਸੋਮਵਾਰ ਕਬਾੜ ਡੀਲਰ ਦੀ ਦੁਕਾਨ ਵਿਖੇ ਧਮਾਕੇ ਨਾਲ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਜਦੋਂ ਕੁਝ ਜਣੇ ਟਰੱਕ ਤੋਂ ਕਬਾੜ ਉਤਾਰ ਰਹੇ ਸਨ ਤਾਂ ਧਮਾਕਾ ਹੋ ਗਿਆ। ਦੋ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੋ ਹੋਰਨਾਂ ਨੇ ਬਾਅਦ ਵਿਚ ਦਮ ਤੋੜ ਦਿੱਤਾ। ਮਿ੍ਰਤਕਾਂ ਦੀ ਪਛਾਣ ਨਜ਼ੀਰ ਅਹਿਮਦ ਨਦਰੂ (40), ਆਜ਼ਿਮ ਅਸ਼ਰਫ ਮੀਰ (20), ਆਦਿਲ ਰਸ਼ੀਦ ਭੱਟ (23) ਅਤੇ ਮੁਹੰਮਦ ਅਜ਼ਹਰ (25) ਵਜੋਂ ਹੋਈ ਹੈ। ਇਹ ਸਾਰੇ ਸ਼ੇਰ ਕਾਲੋਨੀ ਦੇ ਰਹਿਣ ਵਾਲੇ ਸਨ। ਧਮਾਕੇ ਦੇ ਕਾਰਨ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ।
21 ਕਾਂਵੜੀਏ ਬਚਾਏ
ਦੇਹਰਾਦੂਨ : ਭਾਰੀ ਮੀਂਹ ਦੌਰਾਨ ਬੁੱਢਾ ਕੇਦਾਰ ਖੇਤਰ ’ਚ ਭਟਕਣ ਕਾਰਨ ਫਸੇ 21 ਕਾਂਵੜੀਆਂ ਨੂੰ ਐੱਸ ਡੀ ਆਰ ਐੱਫ ਟੀਮ ਨੇ ਸੁਰੱਖਿਅਤ ਬਾਹਰ ਲਿਆਂਦਾ ਹੈ। ਐਤਵਾਰ ਰਾਤ ਗੰਗੋਤਰੀ ਤੋਂ ਪਰਤਣ ਮੌਕੇ 21 ਕਾਂਵੜੀਆਂ ਦੇ ਇਕ ਗਰੁੱਪ ਦੇ ਰਸਤਾ ਭਟਕਣ ਬਾਰੇ ਸੂਚਨਾ ਮਿਲੀ ਸੀ, ਜੋ ਕਿ ਬਾਅਦ ਵਿਚ ਬੁੱਢਾ ਕੇਦਾਰ ਤੋਂ ਤਿੰਨ ਕਿਲੋਮੀਟਰ ਦੂਰ ਝਾਲਾ ਨਾਂਅ ਦੀ ਜਗ੍ਹਾ ’ਤੇ ਮਿਲੇ।
ਚਾਰ ਕਾਂਵੜੀਆਂ ਦੀ ਮੌਤ
ਨਵੀਂ ਦਿੱਲੀ : ਮੱਧ ਪ੍ਰਦੇਸ਼ ਦੇ ਮੁਰੈਨਾ ਵਿਚ ਸੋਮਵਾਰ ਸਵੇਰ ਇਕ ਟਰੱਕ ਨੇ ਟਰੈਕਟਰ-ਟਰਾਲੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋ ਕਾਂਵੜੀਆਂ ਦੀ ਮੌਤ ਹੋ ਗਈ ਤੇ 14 ਜ਼ਖਮੀ ਹੋ ਗਏ। ਬਰੇਲੀ-ਮਥੁਰਾ ਹਾਈਵੇਅ ਉੱਤੇ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਹੋਈ ਟੱਕਰ ਵਿੱਚ ਦੋ ਕਾਂਵੜੀਆਂ ਦੀ ਮੌਤ ਹੋ ਗਈ। ਕਾਂਵੜੀਏ ਅੰਕਿਤ (30) ਅਤੇ ਅਨਿਲ (25) ਗੰਗਾ ਦੇ ਕਛਲਾ ਘਾਟ ਤੋਂ ਪਾਣੀ ਲੈ ਕੇ ਵਾਪਸ ਆ ਰਹੇ ਸਨ।