ਅੰਮਿ੍ਰਤਸਰ : ਪੰਜ ਸਿੰਘ ਸਾਹਿਬਾਨ ਦੇ 15 ਜੁਲਾਈ ਦੇ ਫੈਸਲੇ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕ ਸਰਕੂਲਰ ਜਾਰੀ ਕਰਕੇ ਕਿਹਾ ਹੈ ਕਿ ਗੁਰਦੁਆਰਾ ਸਾਹਿਬਾਨ ’ਚ ਲੱਗਣ ਵਾਲੇ ਨਿਸ਼ਾਨ ਸਾਹਿਬ ਦੇ ਚੋਲੇ ਦਾ ਰੰਗ ਰਹਿਤ ਮਰਿਆਦਾ ਮੁਤਾਬਕ ਬਸੰਤੀ ਜਾਂ ਸੁਰਮਈ ਹੋਵੇ। ਚੋਲੇ ਦੇ ਰੰਗ ਨੂੰ ਲੈ ਕੇ ਪੈਦਾ ਹੋਈ ਦੁਬਿਧਾ ਨੂੰ ਦੂਰ ਕਰਨ ਲਈ ਸਿੰਘ ਸਾਹਿਬਾਨ ਨੇ ਫੈਸਲਾ ਕੀਤਾ ਸੀ।
ਜ਼ਿਕਰਯੋਗ ਹੈ ਕਿ ਜ਼ਿਆਦਾਤਰ ਗੁਰਦੁਆਰਿਆਂ ਵਿਚ ਕੇਸਰੀ ਨਿਸ਼ਾਨ ਸਾਹਿਬ ਹੀ ਚੜ੍ਹਾਇਆ ਜਾਂਦਾ ਹੈ, ਜਦੋਂਕਿ ਕੇਸਰੀ ਨਿਸ਼ਾਨ ਭਗਵੇਂ ਦਾ ਭੁਲੇਖਾ ਪਾਉਦਾ ਹੈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਫੈਸਲਾ ਕਿਸੇ ਧਰਮ ਜਾਂ ਭਗਵੇਂ ਰੰਗ ਦੇ ਖਿਲਾਫ ਨਹੀਂ ਹੈ, ਸਿਰਫ ਰਹਿਤ ਮਰਿਆਦਾ ਦੀ ਇੰਨ-ਬਿੰਨ ਪਾਲਣਾ ਲਈ ਹੈ। ਉਨ੍ਹਾ ਕਿਹਾ ਕਿ ਸਰਕੂਲਰ ਨੂੰ ਕਿਸੇ ਧਰਮ ਨਾਲ ਜੋੜ ਕੇ ਬੇਲੋੜਾ ਵਿਵਾਦ ਨਾ ਪੈਦਾ ਕੀਤਾ ਜਾਵੇ। ਫੈਸਲਾ ਕੋਈ ਨਵਾਂ ਨਹੀਂ ਹੈ। ਇਸ ਤੋਂ ਇਲਾਵਾ ਉਨ੍ਹਾ ਇਹ ਵੀ ਕਿਹਾ ਕਿ ਨਿਸ਼ਾਨ ਸਾਹਿਬ ਦੇ ਸਿਰੇ ’ਤੇ ਸਰਬਲੋਹ ਦਾ ਭਾਲਾ ਜਾਂ ਖੰਡਾ ਹੋਵੇ।
ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਸੰਤੀ ਨਿਸ਼ਾਨ ਸਾਹਿਬ ਚੜ੍ਹਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਨੇ ਕਿਹਾ ਹੈ ਕਿ ਦਿੱਲੀ ਕਮੇਟੀ ਤੇ ਸਿੰਘ ਸਭਾਵਾਂ ਨੂੰ ਵੀ ਤੁਰੰਤ ਕੇਸਰੀ ਚੋਲੇ ਹਟਾ ਕੇ ਬਸੰਤੀ ਚੋਲੇ ਵਾਲੇ ਨਿਸ਼ਾਨ ਸਾਹਿਬ ਚੜ੍ਹਾਉਣੇ ਚਾਹੀਦੇ ਹਨ।