ਅਜਨਾਲਾ : ਪਿੰਡ ਪੂੰਗਾ ’ਚ ਸੋਮਵਾਰ ਦੁਪਹਿਰ ਸਕੂਲ ਬੱਸ ਦੀ ਟੱਕਰ ਨਾਲ ਬਾਈਕ ਸਵਾਰ ਚਾਰ ਸਾਲਾ ਬੱਚੀ ਸਮੇਤ ਪਰਿਵਾਰ ਦੇ ਤਿੰਨ ਜੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਇਕ ਔਰਤ ਜ਼ਖਮੀ ਹੋ ਗਈ। ਗੁੱਸੇ ’ਚ ਆਏ ਪਰਿਵਾਰਕ ਮੈਂਬਰਾਂ ਨੇ ਪਥਰਾਅ ਤੋਂ ਬਾਅਦ ਬੱਸ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ, ਪਰ ਮੌਕੇ ’ਤੇ ਮੌਜੂਦ ਲੋਕਾਂ ਕਿਸੇ ਤਰ੍ਹਾਂ ਪਰਿਵਾਰਕ ਮੈਂਬਰਾਂ ਨੂੰ ਸਮਝਾ ਕੇ ਥਾਣੇ ਲੈ ਗਏ। ਪਿੰਡ ਪੂੰਗਾ ਦਾ ਰਹਿਣ ਵਾਲਾ ਹੀਰਾ ਮਸੀਹ ਆਪਣੀ ਪਤਨੀ ਸੁਨੀਤਾ ਕੌਰ, ਬੇਟੀ ਸੀਰਤ (4) ਤੇ ਮਾਂ ਸੱਤੀ ਨਾਲ ਇੱਕੋ ਮੋਟਰ ਸਾਈਕਲ ’ਤੇ ਘਰੋਂ ਅਜਨਾਲਾ ਵੱਲ ਨੂੰ ਨਿਕਲਿਆ ਸੀ। ਜਿਵੇਂ ਹੀ ਉਹ ਪਿੰਡੋਂ ਬਾਹਰ ਨਿਕਲੇ ਨਿੱਜੀ ਸਕੂਲ ਬੱਸ ਨਾਲ ਟੱਕਰ ਹੋ ਗਈ। ਸੱਤੀ ਕੌਰ ਨੂੰ ਮਾਮੂਲੀ ਝਰੀਟਾਂ ਲੱਗੀਆਂ। ਡਰਾਈਵਰ ਬੱਸ ਛੱਡ ਕੇ ਭੱਜ ਗਿਆ। ਐਸਪੀ ਹਰਿੰਦਰ ਸਿੰਘ ਨੇ ਡਰਾਈਵਰ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।





