ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਖੁੱਲ੍ਹਵਾਇਆ

0
98

ਫਿਲੌਰ (ਨਿਰਮਲ)-ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਕਰੀਬ 45 ਦਿਨਾਂ ਬਾਅਦ ਬੁੱਧਵਾਰ ਮੁੜ ਚਾਲੂ ਹੋ ਗਿਆ। ਕਿਸਾਨ ਜਥੇਬੰਦੀਆਂ ਨੇ ਟੋਲ ਪਲਾਜ਼ਾ ਦੇ ਵਧੇ ਹੋਏ ਰੇਟ ਘਟਾਉਣ ਨੂੰ ਲੈ ਕੇ ਟੋਲ ਪਲਾਜ਼ਾ ਫਰੀ ਕੀਤਾ ਸੀ।ਟੋਲ ਪਲਾਜ਼ਾ ਚਲਾ ਰਹੀ ਕੰਪਨੀ ਨੇ ਇਸ ਸੰਬੰਧੀ ਹਾਈ ਕੋਰਟ ’ਚ ਪਟੀਸ਼ਨ ਪਾਈ ਸੀ। ਹਾਈ ਕੋਰਟ ਦੇ ਆਦੇਸ਼ਾਂ ’ਤੇ ਬੁੱਧਵਾਰ ਕਿਸਾਨ ਜਥੇਬੰਦੀਆਂ ਦੇ ਕਈ ਆਗੂ ਗਿ੍ਰਫਤਾਰ ਕਰ ਕੇ ਟੋਲ ਪਲਾਜ਼ਾ ਚਾਲੂ ਕੀਤਾ ਗਿਆ। ਟੋਲ ਪਲਾਜ਼ਾ ਚਾਲੂ ਕਰਨ ਸਮੇਂ ਵੱਡੀ ਗਿਣਤੀ ’ਚ ਪੁਲਸ ਫੋਰਸ ਮੌਜੂਦ ਸੀ।ਟੋਲ ਪਲਾਜ਼ਾ ਦੀ ਕੰਪਨੀ ਵੱਲੋਂ ਕੋਈ ਵੀ ਰੇਟ ਘਟਾਇਆ ਨਹੀਂ ਗਿਆ। ਟੋਲ ਪਲਾਜ਼ਾ ਚਾਲੂ ਹੋਣ ’ਤੇ ਲੋਕਲ ਪਾਸ ਬਣਾਉਣ ਵਾਲਿਆਂ ਦੀਆਂ ਲਾਈਨਾਂ ਲੱਗ ਗਈਆਂ। ਛੋਟੇ ਭਾਰ ਢੋਣ ਵਾਲੇ ਊਧਮ ਸਿੰਘ ਨੇ ਕਿਹਾ ਕਿ ਉਨ੍ਹਾ ਦੇ ਪਾਸ ਬਣਾਉਣ ਦੇ ਰੇਟ ਵਧਾ ਕੇ 7100 ਰੁਪਏ ਕਰ ਦਿੱਤੇ ਗਏ ਹਨ, ਜੋ ਸਰਾਸਰ ਧੱਕਾ ਹੈ।
ਕਟਾਰੀਆ ਨੇ ਰਾਜਪਾਲ ਵਜੋਂ ਸਹੁੰ ਚੁੱਕੀ
ਚੰਡੀਗੜ੍ਹ : ਭਾਜਪਾ ਦੇ ਸੀਨੀਅਰ ਆਗੂ ਗੁਲਾਬ ਚੰਦ ਕਟਾਰੀਆ ਨੇ ਬੁੱਧਵਾਰ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵਜੋਂ ਹਲਫ ਲਿਆ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਸ਼ੀਲ ਨਾਗੂ ਨੇ ਰਾਜ ਭਵਨ ’ਚ ਕਟਾਰੀਆ ਨੂੰ ਅਹੁਦੇ ਦਾ ਹਲਫ ਦਿਵਾਇਆ। ਇਸ ਮੌਕੇ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਦੇ ਸਾਬਕਾ ਰਾਜਪਾਲ ਵੀ ਪੀ ਸਿੰਘ ਬਦਨੌਰ, ਹਰਪਾਲ ਸਿੰਘ ਚੀਮਾ ਤੇ ਗੁਰਮੀਤ ਸਿੰਘ ਖੁੱਡੀਆਂ ਸਮੇਤ ਪੰਜਾਬ ਦੇ ਕਈ ਮੰਤਰੀ ਮੌਜੂਦ ਸਨ।
ਪ੍ਰੀਤੀ ਸੂਦਨ ਯੂ ਪੀ ਐੱਸ ਸੀ ਦੀ ਚੇਅਰਪਰਸਨ ਨਿਯੁਕਤ
ਨਵੀਂ ਦਿੱਲੀ : ਸਾਬਕਾ ਕੇਂਦਰੀ ਸਿਹਤ ਸਕੱਤਰ ਪ੍ਰੀਤੀ ਸੂਦਨ ਨੂੰ ਕੇਂਦਰੀ ਲੋਕ ਸੇਵਾ ਕਮਿਸ਼ਨ (ਯੂ ਪੀ ਐੱਸ ਸੀ) ਦੀ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਉਹ ਵੀਰਵਾਰ ਨੂੰ ਅਹੁਦਾ ਸੰਭਾਲਣਗੇ। ਉਹ ਮਨੋਜ ਸੋਨੀ ਦੀ ਥਾਂ ਲੈਣਗੇ, ਜਿਨ੍ਹਾ ਨੇ ਹਾਲ ਹੀ ’ਚ ਅਸਤੀਫਾ ਦੇ ਦਿੱਤਾ ਹੈ। ਪ੍ਰੀਤੀ ਸੂਦਨ ਦਾ ਕਾਰਜਕਾਲ ਅਗਲੇ ਸਾਲ ਅਪਰੈਲ ਤੱਕ ਰਹੇਗਾ।
ਹਿਮਾਚਲ ਦੇ ਕਾਂਗਰਸੀ ਵਿਧਾਇਕ ਬਾਲੀ ਤੇ ਹੋਰਨਾਂ ’ਤੇ ਈ ਡੀ ਦੇ ਛਾਪੇ
ਸ਼ਿਮਲਾ : ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਆਯੂਸ਼ਮਾਨ ਭਾਰਤ ਯੋਜਨਾ ’ਚ ਕਥਿਤ ਧੋਖਾਧੜੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਤਹਿਤ ਬੁੱਧਵਾਰ ਹਿਮਾਚਲ ’ਚ ਕਾਂਗਰਸ ਵਿਧਾਇਕ ਆਰ ਐੱਸ ਬਾਲੀ ਅਤੇ ਕੁਝ ਨਿੱਜੀ ਹਸਪਤਾਲਾਂ ਤੇ ਉਨ੍ਹਾਂ ਦੇ ਪ੍ਰੋਮੋਟਰਾਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ। ਈ ਡੀ ਦੀਆਂ ਟੀਮਾਂ ਨੇ ਸ਼ਿਮਲਾ, ਕਾਂਗੜਾ, ਊਨਾ, ਮੰਡੀ ਅਤੇ ਕੁੱਲੂ ਸਮੇਤ 19 ਥਾਵਾਂ ਤੋਂ ਇਲਾਵਾ ਦਿੱਲੀ ਤੇ ਚੰਡੀਗੜ੍ਹ ’ਚ ਬਾਲੀ ਅਤੇ ਕੁਝ ਨਿੱਜੀ ਹਸਪਤਾਲਾਂ ਤੇ ਉਨ੍ਹਾਂ ਦੇ ਪ੍ਰੋਮੋਟਰਾਂ ਦੇ ਟਿਕਾਣਿਆਂ ਦੀ ਤਲਾਸ਼ੀ ਲਈ। ਕਾਂਗੜਾ ਦੇ ਬਾਲੀ ਦੇ ਫੋਰਟਿਸ ਹਸਪਤਾਲ (ਜਿਸ ਦੀ ਪ੍ਰੋਮੋਟਰ ਬਾਲੀ ਦੀ ਕੰਪਨੀ ਹਿਮਾਚਲ ਹੈਲਥਕੇਅਰ ਪ੍ਰਾਈਵੇਟ ਲਿਮਟਿਡ ਹੈ) ਤੋਂ ਇਲਾਵਾ ਬਾਲਾਜੀ ਹਸਪਤਾਲ ਅਤੇ ਇਸ ਦੇ ਪ੍ਰੋਮੋਟਰ ਰਾਜੇਸ਼ ਸਰਮਾ ਦੇ ਟਿਕਾਣਿਆਂ ’ਤੇ ਵੀ ਛਾਪੇ ਮਾਰੇ ਗਏ। ਰਾਜੇਸ਼ ਸ਼ਰਮਾ ਨੂੰ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦਾ ਕਰੀਬੀ ਮੰਨਿਆ ਜਾਂਦਾ ਹੈ। ਉਸਨੇ ਹਾਲ ਹੀ ’ਚ ਹੋਈ ਦੇਹਰਾ ਵਿਧਾਨ ਸਭਾ ਜ਼ਿਮਨੀ ਚੋਣ ’ਚ ਸੁੱਖੂ ਦੀ ਪਤਨੀ ਕਮਲੇਸ਼ ਠਾਕੁਰ ਦੇ ਹੱਕ ’ਚ ਟਿਕਟ ਲਈ ਆਪਣੀ ਦਾਅਵੇਦਾਰੀ ਛੱਡ ਦਿੱਤੀ ਸੀ।
ਖੇੜਕਰ ਵਿਰੁੱਧ ਸਖਤ ਕਾਰਵਾਈ
ਨਵੀਂ ਦਿੱਲੀ : ਯੂ ਪੀ ਐੱਸ ਸੀ ਨੇ ਪ੍ਰੋਬੇਸ਼ਨਰੀ ਆਈ ਏ ਐੱਸ ਅਧਿਕਾਰੀ ਪੂਜਾ ਖੇੜਕਰ ਦੀ ਅਸਥਾਈ ਉਮੀਦਵਾਰੀ ਨੂੰ ਰੱਦ ਕਰ ਦਿੱਤਾ ਹੈ ਅਤੇ ਉਸ ’ਤੇ ਭਵਿੱਖ ਦੀਆਂ ਸਾਰੀਆਂ ਪ੍ਰੀਖਿਆਵਾਂ/ਚੋਣ ਲਈ ਵੀ ਰੋਕ ਲਾ ਦਿੱਤੀ ਹੈ। ਉਸ ਨੇ ਕਿਹਾ ਕਿ ਮੌਜੂਦ ਰਿਕਾਰਡ ਦੀ ਧਿਆਨ ਨਾਲ ਜਾਂਚ ਕੀਤੀ ਗਈ ਹੈ, ਜਿਸ ਦੌਰਾਨ ਖੇੜਕਰ ਨੂੰ ਸੀ ਐੱਸ ਈ-2022 ਨਿਯਮਾਂ ਦੇ ਉਪਬੰਧਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ ਹੈ, ਜਿਸ ਕਾਰਨ ਸਿਵਲ ਸੇਵਾਵਾਂ ਪ੍ਰੀਖਿਆ-2022 ਲਈ ਉਸ ਦੀ ਅਸਥਾਈ ਉਮੀਦਵਾਰੀ ਨੂੰ ਰੱਦ ਕਰ ਦਿੱਤਾ ਗਿਆ ਹੈ। ਪੂਜਾ ਖੇੜਕਰ ਨੂੰ 30 ਜੁਲਾਈ ਨੂੰ ਦੁਪਹਿਰ 3:30 ਵਜੇ ਤੱਕ ਆਪਣਾ ਜਵਾਬ ਦਾਖਲ ਕਰਨ ਦਾ ਆਖਰੀ ਮੌਕਾ ਦਿੱਤਾ ਗਿਆ ਸੀ, ਪਰ ਉਹ ਨਿਰਧਾਰਤ ਸਮੇਂ ਦੌਰਾਨ ਆਪਣਾ ਸਪੱਸ਼ਟੀਕਰਨ ਪੇਸ਼ ਨਹੀਂ ਕਰ ਸਕੀ।
ਅਮਰਨਾਥ ਯਾਤਰਾ ਦਾ ਨਵਾਂ ਰਿਕਾਰਡ
ਜੰਮੂ : ਅਮਰਨਾਥ ਯਾਤਰਾ ਦੌਰਾਨ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੇ ਪਿਛਲੇ ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਹੁਣ ਤੱਕ 4.71 ਲੱਖ ਸ਼ਰਧਾਲੂ ਦਰਸ਼ਨਾਂ ਲਈ ਪੁੱਜੇ ਹਨ, ਜਦੋਂ ਕਿ ਪਿਛਲੇ ਵਰ੍ਹੇ 4.45 ਲੱਖ ਸ਼ਰਧਾਲੂਆਂ ਨੇ ਦਰਸ਼ਨ ਕੀਤੇ ਸਨ। ਇਸ ਸਾਲ ਦੀ ਯਾਤਰਾ 19 ਅਗਸਤ ਨੂੰ ਸਾਉਣ ਮਹੀਨੇ ਦੀ ਪੂਰਨਮਾਸ਼ੀ ਅਤੇ ਰੱਖੜੀ ਦੇ ਤਿਓਹਾਰ ਨਾਲ ਸਮਾਪਤ ਹੋਵੇਗੀ।

LEAVE A REPLY

Please enter your comment!
Please enter your name here