15.7 C
Jalandhar
Thursday, November 21, 2024
spot_img

ਮੋਦੀ ਦੀ ਉਲਟੀ ਗਿਣਤੀ ਸ਼ੁਰੂ

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਜੀਵਨ ਤੇ ਸਿਹਤ ਬੀਮਾ ਸੰਬੰਧੀ ਯੋਜਨਾਵਾਂ ਦੇ ਪ੍ਰੀਮੀਅਮ ਉਤੇ ਲਾਈ ਗਈ ਜੀ ਐੱਸ ਟੀ ਨੂੰ ਵਾਪਸ ਲਿਆ ਜਾਵੇ। ਗਡਕਰੀ ਦੇ ਇਸ ਬਿਆਨ ਨੇ ਭਾਜਪਾ ਵਿੱਚ ਭੁਚਾਲ ਲੈ ਆਂਦਾ ਹੈ। ਗਡਕਰੀ ਨੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਨਾਗਪੁਰ ਡਵੀਜ਼ਨ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਇੰਪਲਾਈਜ਼ ਯੂਨੀਅਨ ਨੇ ਉਨ੍ਹਾ ਨੂੰ ਮੰਗ ਪੱਤਰ ਦੇ ਕੇ ਕਿਹਾ ਹੈ ਕਿ ਜੀਵਨ ਬੀਮਾ ਤੇ ਮੈਡੀਕਲ ਬੀਮਾ ਪ੍ਰੀਮੀਅਰ ’ਤੇ 18 ਫ਼ੀਸਦੀ ਦੀ ਦਰ ਨਾਲ ਜੀ ਐੱਸ ਟੀ ਲਾਇਆ ਗਿਆ ਹੈ। ਯੂਨੀਅਨ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਪਰਵਾਰ ਨੂੰ ਕੁਝ ਸੁਰੱਖਿਆ ਦੇਣ ਲਈ ਜੀਵਨ ਸੰਬੰਧੀ ਸ਼ੱਕ ਦੇ ਜੋਖਮ ਨੂੰ ਕਵਰ ਕਰਨ ਲਈ ਜੀਵਨ ਬੀਮਾ ਖਰੀਦਦਾ ਹੈ। ਇਸ ਉੱਤੇ ਟੈਕਸ ਲਾਉਣਾ ਜ਼ਿੰਦਗੀ ਦੇ ਸੰਸਿਆਂ ’ਤੇ ਟੈਕਸ ਲਾਉਣ ਵਾਂਗ ਹੈ। ਮੈਡੀਕਲ ਪਾਲਸੀ ਕਾਰਨ ਪ੍ਰਾਈਵੇਟ ਹਸਪਤਾਲਾਂ ਨੇ ਇਲਾਜ ਪਹਿਲਾਂ ਹੀ ਮਹਿੰਗਾ ਕੀਤਾ ਹੋਇਆ ਹੈ। ਉੱਪਰੋਂ ਜੀ ਐੱਸ ਟੀ ਨਾਲ ਹੋਰ ਵੀ ਹਾਲਤ ਖਰਾਬ ਹੋ ਜਾਵੇਗੀ। ਜੀ ਐੱਸ ਟੀ ਲੱਗਣ ਤੋਂ ਬਾਅਦ ਹੁਣ ਜਨਤਾ ਨੂੰ ਦੋ ਵਾਰ ਟੈਕਸ ਦੇਣਾ ਪਵੇਗਾ। ਇੱਕ ਵਾਰ ਪ੍ਰੀਮੀਅਮ ਭਰਨ ਸਮੇਂ ਤੇ ਦੂਜਾ ਇਲਾਜ ਦਾ ਬਿੱਲ ਭਰਨ ਸਮੇਂ। ਆਪਣੇ ਪੱਤਰ ਦੇ ਅੰਤ ਵਿੱਚ ਗਡਕਰੀ ਨੇ ਕਿਹਾ ਹੈ, ‘ਉਪਰੋਕਤ ਦੇ ਮੱਦੇਨਜ਼ਰ ਆਪ ਜੀ ਨੂੰ ਅਪੀਲ ਹੈ ਕਿ ਜੀਵਨ ਤੇ ਮੈਡੀਕਲ ਬੀਮਾ ਪ੍ਰੀਮੀਅਮ ਤੋਂ ਜੀ ਐੱਸ ਟੀ ਨੂੰ ਹਟਾਉਣ ਬਾਰੇ ਪਹਿਲ ਦੇ ਅਧਾਰ ਉੱਤੇ ਵਿਚਾਰ ਕੀਤਾ ਜਾਵੇ।’
ਗਡਕਰੀ ਦਾ ਇਹ ਪੱਤਰ ਇਕ ਸਧਾਰਨ ਘਟਨਾ ਨਹੀਂ ਹੈ। ਕੇਂਦਰੀ ਬਜਟ ਵਿੱਤ ਮੰਤਰੀ ਦਾ ਬਜਟ ਨਹੀਂ, ਇਹ ਕੇਂਦਰੀ ਕੈਬਨਿਟ ਦਾ ਬਜਟ ਹੈ, ਨਿਤਿਨ ਗਡਕਰੀ ਜਿਸ ਦਾ ਹਿੱਸਾ ਹਨ। ਇਸ ਤੋਂ ਪਹਿਲਾਂ ਕਦੇ ਕਿਸੇ ਸਰਕਾਰ ਦੌਰਾਨ ਕਿਸੇ ਕੈਬਨਿਟ ਮੰਤਰੀ ਨੇ ਪੱਤਰ ਲਿਖ ਕੇ ਬਜਟ ਦੀ ਅਲੋਚਨਾ ਕੀਤੀ ਹੋਵੇ, ਕਦੇ ਨਹੀਂ ਹੋਇਆ। ਇਹ ਉਸ ਸਮੇਂ ਹੋਇਆ ਹੈ, ਜਦੋਂ ਆਮ ਲੋਕਾਂ ਤੋਂ ਲੈ ਕੇ ਉਦਯੋਗ ਜਗਤ ਤੱਕ ਕੇਂਦਰੀ ਬਜਟ ਬਾਰੇ ਕਿੰਤੂ-ਪ੍ਰੰਤੂ ਕਰ ਰਹੇ ਹਨ।
ਬਹੁਤ ਸਾਰੇ ਟਿੱਪਣੀਕਾਰਾਂ ਦਾ ਇਹ ਮੰਨਣਾ ਹੈ ਕਿ ਇਹ ਪੱਤਰ ਅਸਲ ਵਿੱਚ ਆਰ ਐੱਸ ਐੱਸ ਤੇ ਮੋਦੀ-ਸ਼ਾਹ ਜੁੰਡਲੀ ਵਿਚਕਾਰ ਛਿੜੀ ਹੋਈ ਜੰਗ ਦੀ ਹੀ ਇੱਕ ਕੜੀ ਹੈ। ਇਸੇ ਜੰਗ ਦਾ ਸਿੱਟਾ ਹੈ ਕਿ ਨੱਢਾ ਦਾ ਕਾਰਜਕਾਲ ਮੁੱਕ ਜਾਣ ਦੇ ਬਾਵਜੂਦ ਹਾਲੇ ਤੱਕ ਭਾਜਪਾ ਆਪਣੇ ਪ੍ਰਧਾਨ ਦੀ ਚੋਣ ਨਹੀਂ ਕਰ ਸਕੀ। ਅਸਲ ਵਿੱਚ ਸੰਘ ਸਮਝਦਾ ਹੈ ਕਿ ਮੋਦੀ ਦਾ ਚਿਹਰਾ ਅੱਗੇ ਕਰਕੇ ਭਾਜਪਾ ਕੋਈ ਵੀ ਚੋਣ ਜਿੱਤ ਨਹੀਂ ਸਕਦੀ, ਇਹ ਸੱਚ ਵੀ ਹੈ। ਏ ਡੀ ਆਰ ਦੀ ਹੁਣੇ ਜਿਹੇ ਆਈ ਰਿਪੋਰਟ ਨੂੰ ਜੇ ਸਹੀ ਮੰਨ ਲਿਆ ਜਾਵੇ ਤਾਂ 70 ਤੋਂ ਵੱਧ ਸੀਟਾਂ ਉੱਤੇ ਭਾਜਪਾ ਨੂੰ ਗਿਣਤੀ ਵਿੱਚ ਗੜਬੜ ਕਰਕੇ ਜਿਤਾਇਆ ਗਿਆ ਸੀ। ਇਸ ਦਾ ਮਤਲਬ ਹੈ ਕਿ ਭਾਜਪਾ ਸਹੀ ਤੌਰ ਉੱਤੇ ਸਿਰਫ਼ 170 ਸੀਟਾਂ ਹੀ ਜਿੱਤੀ ਸੀ।
ਸੰਘ ਨੂੰ ਭਾਜਪਾ ਦਾ ਹੀ ਨਹੀਂ, ਆਪਣਾ ਵੀ ਡਰ ਸਤਾ ਰਿਹਾ ਹੈ। ਉਹ ਜਾਣਦਾ ਹੈ ਕਿ ਮੋਦੀ ਦੇ ਮੁਕਾਬਲੇ ਜਨਤਾ ਵਿੱਚ ਰਾਹੁਲ ਗਾਂਧੀ ਦੀ ਮਾਨਤਾ ਲਗਾਤਾਰ ਵਧ ਰਹੀ ਹੈ, ਜਿਹੜਾ ਸੰਘ ਉੱਤੇ ਹਮਲਾ ਕਰਨ ਦਾ ਕੋਈ ਵੀ ਮੌਕਾ ਜਾਣ ਨਹੀਂ ਦਿੰਦਾ। ਸੰਘ ਦੇ ਵਰਕਰ ਵੀ ਪਹਿਲਾਂ ਵਾਲੇ ਨਹੀਂ ਰਹੇ, ਉਨ੍ਹਾਂ ਨੂੰ ਸੱਤਾ ਸੁੱਖ ਭੋਗਣ ਦਾ ਚਸਕਾ ਲੱਗ ਚੁੱਕਾ ਹੈ। ਇਸ ਲਈ ਸੱਤਾ ਨਾ ਰਹੀ ਤਾਂ ਸੰਘ ਅੰਦਰ ਅਜਿਹਾ ਖਿਲਾਰਾ ਪਵੇਗਾ, ਜਿਹੜਾ ਸਮੇਟਣਾ ਔਖਾ ਹੋ ਜਾਵੇਗਾ। ਇਸੇ ਕਾਰਨ ਸੰਘ ਭਾਜਪਾ ਨੂੰ ਮੋਦੀ-ਸ਼ਾਹ ਦੇ ਜੂਲੇ ਹੇਠੋਂ ਕੱਢਣ ਲਈ ਪੂਰਾ ਤਾਣ ਲਾ ਰਿਹਾ ਹੈ। ਇਹ ਹਕੂਮਤੀ ਜੋੜੀ ਪਿਛਲੇ ਦੋ ਮਹੀਨਿਆਂ ਤੋਂ ਪੂਰਾ ਜ਼ੋਰ ਲਾਉਣ ਦੇ ਬਾਵਜੂਦ ਮੁੱਖ ਮੰਤਰੀ ਅਦਿਤਿਆਨਾਥ ਜੋਗੀ ਦਾ ਕੁਝ ਨਹੀਂ ਵਿਗਾੜ ਸਕੀ, ਕਿਉਂਕਿ ਉਸ ਦੇ ਸਿਰ ਉੱਤੇ ਭਾਗਵਤ ਦਾ ਹੱਥ ਹੈ। ਇਸ ਸਮੇਂ ਮੋਦੀ ਚਹੁੰ ਪਾਸਿਓਂ ਘਿਰੇ ਹੋਏ ਹਨ। ਮੋਦੀ ਨੇ ਖੁਦ 75 ਸਾਲ ਦੀ ਉਮਰ ਤੋਂ ਬਾਅਦ ਮਾਰਗ-ਦਰਸ਼ਕ ਮੰਡਲ ਵਿੱਚ ਭੇਜੇ ਜਾਣ ਵਾਲਾ ਨਿਯਮ ਬਣਾਇਆ ਸੀ। ਅਗਲੇ 13 ਮਹੀਨਿਆਂ ਬਾਅਦ ਮੋਦੀ 75 ਸਾਲ ਦੇ ਹੋ ਜਾਣਗੇ। ਅੱਜ ਦੀ ਸਥਿਤੀ ਵਿੱਚ ਉਹ ਇਸ ਨੂੰ ਕਿਵੇਂ ਉਲੰਘਣਗੇ, ਇਹ ਸਮਾਂ ਹੀ ਦੱਸੇਗਾ।
ਮੋਦੀ ਲਈ ਉਸ ਤੋਂ ਪਹਿਲਾਂ ਅਗਲਾ ਇਮਤਿਹਾਨ ਤਿੰਨ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਾਲਾ ਭਵਸਾਗਰ ਪਾਸ ਕਰਨ ਵਾਲਾ ਹੋਵੇਗਾ। ਨਵੰਬਰ ਵਿੱਚ ਹੋਣ ਵਾਲੀਆਂ ਇਨ੍ਹਾਂ ਚੋਣਾਂ ਵਿੱਚ ਦੋ ਰਾਜਾਂ ਹਰਿਆਣਾ ਤੇ ਮਹਾਰਾਸ਼ਟਰ ਵਿੱਚ ਭਾਜਪਾ ਦੀਆਂ ਸਰਕਾਰਾਂ ਹਨ। ਹਾਲਾਤ ਇਨ੍ਹਾਂ ਦੋਹਾਂ ਰਾਜਾਂ ਵਿੱਚ ਭਾਜਪਾ ਲਈ ਮੁਫ਼ੀਦ ਨਹੀਂ ਹਨ। ਹੇਮੰਤ ਸੋਰੇਨ ਨੂੰ ਜੇਲ੍ਹ ਬੰਦ ਕਰੀ ਰੱਖਣ ਨੇ ਝਾਰਖੰਡ ਵਿੱਚ ਵੀ ਭਾਜਪਾ ਲਈ ਰਾਹ ਔਖਾ ਕਰ ਦਿੱਤਾ ਹੈ। ਜੇਕਰ ਇਨ੍ਹਾਂ ਤਿੰਨਾਂ ਰਾਜਾਂ ਵਿੱਚ ਭਾਜਪਾ ਹਾਰ ਜਾਂਦੀ ਹੈ ਤਾਂ ਮੋਦੀ ਦਾ ਪ੍ਰਧਾਨ ਮੰਤਰੀ ਬਣੇ ਰਹਿਣਾ ਸੰਭਵ ਨਹੀਂ। ਨਿਤਿਨ ਗਡਕਰੀ ਹਮੇਸ਼ਾ ਸੰਘ ਦੇ ਲਾਡਲੇ ਰਹੇ ਹਨ। ਇਸ ਕਰਕੇ ਗਡਕਰੀ ਵੱਲੋਂ ਬਜਟ ਦੀ ਅਲੋਚਨਾ, ਅਸਲ ਵਿੱਚ ਸੰਘ ਵੱਲੋਂ ਮੋਦੀ-ਸ਼ਾਹ ਵਿਰੁੱਧ ਛੇੜੀ ਗਈ ਜੰਗ ਨੂੰ ਹੋਰ ਤਿੱਖਾ ਕਰਨ ਦਾ ਇੱਕ ਹਥਿਆਰ ਹੈ।
-ਚੰਦ ਫਤਿਹਪੁਰੀ

Related Articles

LEAVE A REPLY

Please enter your comment!
Please enter your name here

Latest Articles