ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਰਾਉ ਆਈ ਏ ਐੱਸ ਕੋਚਿੰਗ ਹਾਦਸੇ ਦੀ ਜਾਂਚ ਸੀ ਬੀ ਆਈ ਨੂੰ ਸੌਂਪ ਦਿੱਤੀ ਤੇ ਨਾਲ ਹੀ ਸੈਂਟਰਲ ਵਿਜੀਲੈਂਸ ਕਮੇਟੀ ਦੇ ਅਧਿਕਾਰੀ ਨੂੰ ਜਾਂਚ ਦੀ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ | ਕੋਚਿੰਗ ਸੈਂਟਰ ਦੀ ਬੇਸਮੈਂਟ ਵਿਚ ਲਾਇਬ੍ਰੇਰੀ ‘ਚ 27 ਜੁਲਾਈ ਨੂੰ ਪਾਣੀ ਭਰਨ ਕਾਰਨ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ | ਸੁਣਵਾਈ ਦੌਰਾਨ ਕੋਰਟ ਨੇ ਕਿਹਾ ਕਿ ਲੋਕਾਂ ਨੂੰ ਜਾਂਚ ‘ਤੇ ਸ਼ੱਕ ਨਾ ਹੋਵੇ, ਨਾਲ ਹੀ ਹਾਦਸੇ ਦੀ ਗੰਭੀਰਤਾ ਤੇ ਸਰਕਾਰੀ ਮੁਲਾਜ਼ਮਾਂ ਦੇ ਭਿ੍ਸ਼ਟਾਚਾਰ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਨੂੰ ਚਲਦਿਆਂ ਉਸਨੇ ਇਹ ਫੈਸਲਾ ਕੀਤਾ ਹੈ | ਕੁਟੁੰਬ ਟਰੱਸਟ ਦੀ ਪਟੀਸ਼ਨ ‘ਤੇ ਹਾਈ ਕੋਰਟ ਦੇ ਐਕਟਿੰਗ ਚੀਫ ਜਸਟਿਸ ਮਨਮੋਹਨ ਤੇ ਜਸਟਿਸ ਤੁਸ਼ਾਰ ਰਾਓ ਦੀ ਬੈਂਚ ਨੇ ਸੁਣਵਾਈ ਕੀਤੀ | ਬੈਂਚ ਨੇ ਦਿੱਲੀ ਪੁਲਸ ਦੀ ਝਾੜਝੰਬ ਕਰਦਿਆਂ ਕਿਹਾ ਕਿ ਤੁਸੀਂ ਸੜਕ ਤੋਂ ਲੰਘ ਰਹੇ ਬੰਦੇ ਨੂੰ ਕਿਵੇਂ ਗਿ੍ਫਤਾਰ ਕਰ ਸਕਦੇ ਹੋ | ਤੁਹਾਨੂੰ ਮੁਆਫੀ ਮੰਗਣੀ ਚਾਹੀਦੀ ਹੈ | ਪੁਲਸ ਦੀ ਇੱਜ਼ਤ ਤਦ ਹੁੰਦੀ ਹੈ ਜਦੋਂ ਉਹ ਅਪਰਾਧੀ ਨੂੰ ਗਿ੍ਫਤਾਰ ਕਰਦੀ ਹੈ ਤੇ ਬੇਗੁਨਾਹ ਨੂੰ ਛੱਡਦੀ ਹੈ | ਜੇ ਤੁਸੀਂ ਬੇਗੁਨਾਹ ਨੂੰ ਗਿ੍ਫਤਾਰ ਕਰਦੇ ਹੋ ਤੇ ਦੋਸ਼ੀ ਨੂੰ ਛੱਡਦੇ ਹੋ ਤਾਂ ਇਹ ਦੁਖ ਦੀ ਗੱਲ ਹੈ | ਸ਼ੁਕਰ ਹੈ, ਤੁਸੀਂ ਬਰਸਾਤੀ ਪਾਣੀ ਦਾ ਚਲਾਨ ਨਹੀਂ ਕੱਟਿਆ | ਇਸਦੇ ਬਾਅਦ ਦਿੱਲੀ ਪੁਲਸ ਨੇ ਮੁਆਫੀ ਮੰਗੀ | ਪੁਲਸ ਨੇ ਘਟਨਾ ਵਾਲੇ ਦਿਨ ਕੋਚਿੰਗ ਸੈਂਟਰ ਦੇ ਬਾਹਰ ਐੱਸ ਯੂ ਵੀ ਲੈ ਕੇ ਨਿਕਲਣ ਵਾਲੇ ਮਨੁਜ ਕਥੂਰੀਆ ਨੂੰ ਇਹ ਕਹਿ ਕੇ ਗਿ੍ਫਤਾਰ ਕੀਤਾ ਸੀ ਕਿ ਉਸਦੀ ਗੱਡੀ ਨੇ ਪਾਣੀ ਦਾ ਪ੍ਰੈਸ਼ਰ ਵਧਾਇਆ ਤੇ ਉਹ ਕੋਚਿੰਗ ਸੈਂਟਰ ਵਿਚ ਵੜ ਗਿਆ | ਹਾਲਾਂਕਿ ਮਨੁਜ ਨੂੰ ਇਕ ਅਗਸਤ ਨੂੰ ਜ਼ਮਾਨਤ ਮਿਲ ਗਈ ਸੀ |