ਇਸ ਸਮੇਂ ਸੰਸਾਰ ਮੰਚ ‘ਤੇ ਰੂਸ-ਯੁਕਰੇਨ ਯੁੱਧ ਤੇ ਇਜ਼ਰਾਈਲ ਵੱਲੋਂ ਗਾਜ਼ਾ ਵਿੱਚ ਫਲਸਤੀਨੀਆਂ ਦਾ ਕੀਤਾ ਜਾ ਰਿਹਾ ਘਾਣ ਸਮੁੱਚੇ ਸਮਾਜ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ | ਇਸ ਮੌਕੇ ਇਨ੍ਹਾਂ ਝਗੜਿਆਂ ਨੂੰ ਸੁਲਝਾਉਣ ਲਈ ਚੀਨ ਨੇ ਕੋਸ਼ਿਸ਼ਾਂ ਆਰੰਭ ਦਿੱਤੀਆਂ ਹਨ | ਪਿਛਲੇ ਮਹੀਨੇ 22 ਜਲਾਈ ਨੂੰ ਚੀਨ ਦੀ ਵਿਚੋਲਗੀ ਰਾਹੀਂ ਫਲਸਤੀਨ ਦੇ ਵੱਖ-ਵੱਖ ਗੁੱਟਾਂ ਦਰਮਿਆਨ ਸਮਝੌਤਾ ਹੋ ਗਿਆ ਹੈ | ਪਿਛਲੇ ਸਮੇਂ ਦੌਰਾਨ ਗਾਜ਼ਾ ਖੇਤਰ ਹਮਾਸ ਤੇ ਵੈਸਟ ਬੈਂਕ ਖੇਤਰ ਫਤਿਹ ਗਰੁੱਪ ਦੇ ਕਬਜ਼ੇ ਵਿੱਚ ਸੀ | ਹੁਣ ਹੋਏ ਸਮਝੌਤੇ ਵਿੱਚ ਦੋਵੇਂ ਗਰੁੱਪ ਮਿਲ ਕੇ ਗਾਜ਼ਾ ਤੇ ਵੈਸਟ ਬੈਂਕ ਵਿੱਚ ਸਾਂਝੀ ਸਰਕਾਰ ਚਲਾਉਣ ਲਈ ਸਹਿਮਤ ਹੋ ਗਏ ਹਨ | ਇਸ ਸਮਝੌਤੇ ‘ਤੇ ਇਨ੍ਹਾਂ ਦੋਵਾਂ ਤੋਂ ਬਿਨਾਂ 12 ਹੋਰ ਫਲਸਤੀਨੀ ਗਰੁੱਪਾਂ ਨੇ ਵੀ ਦਸਤਖਤ ਕੀਤੇ ਹਨ | ਫਤਿਹ ਤੇ ਹਮਾਸ ਪੁਰਾਣੇ ਵਿਰੋਧੀ ਰਹੇ ਹਨ ਤੇ ਇਨ੍ਹਾਂ ਦਾ ਆਪਸੀ ਟਕਰਾਅ ਵੀ ਹੁੰਦਾ ਰਿਹਾ ਹੈ | ਸਾਰੇ ਫਲਸਤੀਨੀ ਗਰੁੱਪਾਂ ਦੇ ਇੱਕ ਮੰਚ ‘ਤੇ ਆਉਣ ਤੋਂ ਬਾਅਦ ਫਲਸਤੀਨੀ ਮੁੱਦੇ ਪ੍ਰਤੀ ਸੰਸਾਰ ਸਹਿਮਤੀ ਨੂੰ ਤਾਕਤ ਮਿਲੇਗੀ | ਇਜ਼ਰਾਈਲ ਤੇ ਫਲਸਤੀਨ ਦਰਮਿਆਨ ਲੰਮੇ ਸਮੇਂ ਤੋਂ ਤੁਰੇ ਆ ਰਹੇ ਝਗੜੇ ਨੂੰ ਹੱਲ ਕਰਨ ਲਈ ਵੀ ਇਹ ਸਹਾਈ ਹੋਵੇਗਾ | ਇਜ਼ਰਾਈਲ-ਫਲਸਤੀਨ ਵਿੱਚ ਚਲ ਰਹੇ ਹਾਲੀਆ ਸੰਘਰਸ਼ ਵਿੱਚ ਪੱਛਮੀ ਦੇਸ਼ਾਂ ਦੀਆਂ ਸਰਕਾਰਾਂ ਇੱਕਪਾਸੜ ਰਵੱਈਏ ਰਾਹੀਂ ਇਜ਼ਰਾਈਲ ਦੀ ਪਿੱਠ ‘ਤੇ ਖੜ੍ਹੀਆਂ ਹਨ, ਜਦੋਂ ਕਿ ਚੀਨ ਉੱਥੇ ਹਮੇਸ਼ਾ ਦੋ ਰਾਸ਼ਟਰਾਂ ਦੇ ਸਿਧਾਂਤ ਦਾ ਸਮਰਥਨ ਕਰਦਾ ਰਿਹਾ ਹੈ |
ਚੀਨ ਨੇ ਆਪਣੀ ਆਰਥਿਕਤਾ ਮਜ਼ਬੂਤ ਕਰਨ ਤੋਂ ਬਾਅਦ ਸੰਸਾਰ ਦੇ ਪ੍ਰਮੁੱਖ ਮਸਲਿਆਂ ਨੂੰ ਸੁਲਝਾਉਣ ਲਈ ਸਰਗਰਮ ਭੂਮਿਕਾ ਨਿਭਾਉਣੀ ਸ਼ੁਰੂ ਕਰ ਦਿੱਤੀ ਹੈ |
ਚੀਨ ਦੇ ਮੌਜੂਦਾ ਰਾਸ਼ਟਰਪਤੀ ਸ਼ੀ ਜਿਨਪਿੰਗ 2013 ਵਿੱਚ ਦੇਸ਼ ਦੇ ਮੁਖੀ ਬਣੇ ਸਨ | ਉਦੋਂ ਤੋਂ ਹੀ ਚੀਨ ਨੇ ਕੌਮਾਂਤਰੀ ਮਸਲਿਆਂ ਨੂੰ ਨਿਬੇੜਨ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਸੀ | ਇਸ ਤੋਂ ਪਹਿਲਾਂ ਚੀਨ ਕੌਮਾਂਤਰੀ ਮਸਲਿਆਂ ਵਿੱਚ ਉਲਝਣ ਤੋਂ ਬਚਦਾ ਰਿਹਾ ਸੀ | 2013 ਵਿੱਚ ਜਦੋਂ ਚੀਨ ਨੇ ਬੈਲਟ ਐਂਡ ਰੋਡ ਇਨੀਸ਼ਿਏਟਿਵ (ਬੀ ਆਰ ਆਈ) ਸ਼ੁਰੂ ਕੀਤਾ ਤਾਂ ਹਾਲਤਾਂ ਇਕਦਮ ਬਦਲ ਗਈਆਂ ਸਨ | ਬੈਲਟ ਐਂਡ ਰੋਡ ਪਹਿਲ ਰਾਹੀਂ ਚੀਨ ਦਾ ਦੱਖਣ ਏਸ਼ੀਆ, ਮੱਧ ਪੂਰਬ ਤੇ ਪੂਰਬੀ ਅਫ਼ਰੀਕਾ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਵੱਡਾ ਨਿਵੇਸ਼ ਹੈ, ਇਸ ਲਈ ਇਨ੍ਹਾਂ ਖਿੱਤਿਆਂ ਵਿੱਚ ਸ਼ਾਂਤੀ ਸਥਾਪਤ ਹੋਣੀ ਉਸ ਦੇ ਆਪਣੇ ਹਿੱਤਾਂ ਨਾਲ ਵੀ ਜੁੜੀ ਹੋਈ ਹੈ |
ਪਿਛਲੇ ਸਾਲ ਚੀਨ ਦੇ ਜਤਨਾਂ ਨਾਲ ਜਦੋਂ ਦੋ ਕੱਟੜ ਵਿਰੋਧੀਆਂ ਈਰਾਨ ਤੇ ਸਾਊਦੀ ਅਰਬ ਨੇ ਆਪਸ ਵਿੱਚ ਗਲਵਕੜੀਆਂ ਪਾ ਲਈਆਂ ਸਨ ਤਾਂ ਪੱਛਮੀ ਦੇਸ਼ ਹੈਰਾਨ ਰਹਿ ਗਏ ਸਨ | ਪਿਛਲੇ ਸਾਲ ਮਾਰਚ ਮਹੀਨੇ ਦੋਹਾਂ ਦੇਸ਼ਾਂ ਵਿਚਕਾਰ ਚੀਨ ਦੀ ਵਿਚੋਲਗੀ ਨਾਲ ਹੋਏ ਸਮਝੌਤੇ ਤੋਂ ਬਾਅਦ ਜਾਰੀ ਹੋਏ ਤਿੰਨ ਧਿਰੀ ਬਿਆਨ ਵਿੱਚ ਕਿਹਾ ਗਿਆ ਸੀ ਕਿ ਅੱਜ ਦੋਹਾਂ ਦੇਸ਼ਾਂ ਵਿੱਚ ਡਿਪਲੋਮੈਟਿਕ ਸੰਬੰਧ ਬਹਾਲ ਹੋ ਗਏ ਹਨ | ਇਹ ਚੀਨ ਦੀ ਵੱਡੀ ਪ੍ਰਾਪਤੀ ਸੀ | ਖਾੜੀ ਦੇ ਦੋ ਲੰਮੇ ਸਮੇਂ ਦੇ ਦੁਸ਼ਮਣ ਦੇਸ਼ਾਂ ਵਿੱਚ ਦੁਸ਼ਮਣੀ ਦਾ ਅੰਤ ਕਰਕੇ ਚੀਨ ਨੇ ਦੁਨੀਆ ਨੂੰ ਦਿਖਾ ਦਿੱਤਾ ਸੀ ਕਿ ਉਹ ਵੱਡੇ ਤੋਂ ਵੱਡੇ ਝਗੜੇ ਨੂੰ ਵੀ ਹੱਲ ਕਰ ਸਕਦਾ ਹੈ | ਪਿਛਲੇ ਇਕ ਦਹਾਕੇ ਦੌਰਾਨ ਚੀਨ ਨੇ ਬੰਗਲਾਦੇਸ਼ ਤੇ ਮਿਆਂਮਾਰ, ਅਫ਼ਗਾਨਿਸਤਾਨ ਤੇ ਪਾਕਿਸਤਾਨ ਅਤੇ ਕੋਰੀਆ ਤੇ ਦੱਖਣੀ ਸੁਡਾਨ ਵਿਚਲੇ ਝਗੜਿਆਂ ਨੂੰ ਨਿਬੇੜਨ ਵਿੱਚ ਵੀ ਸਰਗਰਮ ਭੂਮਿਕਾ ਨਿਭਾਈ ਸੀ | ਇਹੋ ਨਹੀਂ, ਚੀਨ ਦਾ ਸੀਰੀਆ, ਜ਼ਿੰਬਾਬਵੇ ਤੇ ਰਵਾਂਡਾ ਵਿੱਚ ਚਲੇ ਆ ਰਹੇ ਘਰੇਲੂ ਝਗੜਿਆਂ ਨੂੰ ਹੱਲ ਕਰਨ ਵਿੱਚ ਵੀ ਅਹਿਮ ਯੋਗਦਾਨ ਰਿਹਾ ਹੈ | ਪਿਛਲੇ ਦਿਨੀਂ ਯੂਕਰੇਨ ਦੇ ਵਿਦੇਸ਼ ਮੰਤਰੀ ਦੀ ਚੀਨ ਯਾਤਰਾ ਤੋਂ ਇਹ ਸਮਝਣਾ ਔਖਾ ਨਹੀਂ ਕਿ ਰੂਸ-ਯੂਕਰੇਨ ਯੁੱਧ ਖ਼ਤਮ ਕਰਾਉਣ ਲਈ ਵੀ ਚੀਨ ਸਰਗਰਮੀ ਨਾਲ ਕੰਮ ਕਰ ਰਿਹਾ ਹੈ | ਇਸ ਸਮੇਂ ਚੀਨ ਇੱਕ ਅਜਿਹੀ ਸ਼ਕਤੀ ਵਜੋਂ ਸਥਾਪਤ ਹੋ ਰਿਹਾ ਹੈ, ਜਿਹੜਾ ਇਕ ਸ਼ਾਂਤੀਪੂਰਨ ਬਹੁਪੱਖੀ ਤੇ ਪਸਾਰਵਾਦ ਤੋਂ ਰਹਿਤ ਵਿਸ਼ਵ ਵਿਵਸਥਾ ਸਥਾਪਤ ਕਰਨ ਲਈ ਜਤਨਸ਼ੀਲ ਹੈ |
ਪੱਛਮੀ ਦੇਸ਼ ਚੀਨ ਦੇ ਵਧ ਰਹੇ ਪ੍ਰਭਾਵ ਤੋਂ ਚਿੜ੍ਹੇ ਹੋਏ ਹਨ | ਇਸ ਦਾ ਸਭ ਤੋਂ ਵੱਡਾ ਸਬੂਤ ਹਮਾਸ ਤੇ ਫਤਿਹ ਵਿੱਚ ਹੋਏ ਸਮਝੌਤੇ ਤੋਂ ਇੱਕ ਹਫ਼ਤੇ ਬਾਅਦ ਹੀ ਹਮਾਸ ਆਗੂ ਇਸਮਾਈਲ ਹਨੀਯੇਹ ਦੀ ਈਰਾਨ ਵਿੱਚ ਕੀਤੀ ਗਈ ਹੱਤਿਆ ਤੋਂ ਮਿਲਦਾ ਹੈ | ਭਾਵੇਂ ਇਜ਼ਰਾਈਲ ਨੇ ਹਨੀਯੇਹ ਦੀ ਹੱਤਿਆ ਤੋਂ ਇਨਕਾਰ ਕੀਤਾ ਹੈ, ਪਰ ਹਮਾਸ ਨੇ ਇਸ ਦਾ ਦੋਸ਼ ਇਜ਼ਰਾਈਲ ਸਿਰ ਮੜਿ੍ਹਆ ਹੈ | ਇਸ ਹੱਤਿਆ ਦਾ ਮਕਸਦ ਚੀਨ ਦੀਆਂ ਇਜ਼ਰਾਈਲ-ਫਲਸਤੀਨ ਮੁੱਦੇ ਨੂੰ ਸੁਲਝਾਉਣ ਦੀਆਂ ਕੋਸ਼ਿਸ਼ਾਂ ਨੂੰ ਤਾਰਪੀਡੋ ਕਰਨਾ ਜਾਪਦਾ ਹੈ |
-ਚੰਦ ਫਤਿਹਪੁਰੀ