ਚੰਡੀਗੜ੍ਹ : ਸੀ ਪੀ ਆਈ ਪੰਜਾਬ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਦੱਸਿਆ ਕਿ ਸੂਬਾ ਕੌਂਸਲ ਦੀ ਮੀਟਿੰਗ 10 ਅਗਸਤ (ਸ਼ਨੀਵਾਰ) ਨੂੰ 10 ਵਜੇ ਸਵੇਰੇ ਪਾਰਟੀ ਦਫਤਰ ਅਜੈ ਭਵਨ, ਚੰਡੀਗੜ੍ਹ ਵਿਖੇ ਬੁਲਾਈ ਗਈ ਹੈ। ਲੋੜ ਪੈਣ ’ਤੇ ਮੀਟਿੰਗ ਅਗਲੇ ਦਿਨ ਵੀ ਚਲਾਈ ਜਾ ਸਕਦੀ ਹੈ। ਏਜੰਡਾ : ਸੀ ਪੀ ਆਈ ਦੀ ਕੌਮੀ ਕੌਂਸਲ ਦੀ ਰਿਪੋਰਟਿੰਗ, ਪੰਜਾਬ ਅੰਦਰ ਲੋਕ ਸਭਾ ਚੋਣਾਂ ਦਾ ਰੀਵਿਊ, ਕੌਮੀ ਅਤੇ ਸੂਬਾਈ ਰਾਜਸੀ ਹਾਲਤ, ਪੰਜਾਬ ਦੇ ਮੁੱਦਿਆਂ ’ਤੇ ਪਾਰਟੀ ਵੱਲੋਂ ਵਿਆਪਕ ਜਨਤਕ ਮੁਹਿੰਮ, ਨਵੰਬਰ ਦੇ ਅੱਧ ਤੱਕ ਸਾਰੇ ਸੂਬੇ ਵਿਚ ਰਿਜਨਲ ਪੱਧਰ ’ਤੇ 5 ਵੱਡੀਆਂ ਰੈਲੀਆਂ ਕਰਨ ਦੀ ਤਜਵੀਜ਼, (ਉਸ ਤੋਂ ਪਹਿਲਾਂ ਬਰਾਂਚਾਂ ਦੀਆਂ ਮੀਟਿੰਗਾਂ ਸਮੇਤ ਲੋਕਾਂ ਨਾਲ ਸੰਪਰਕ, ਬਲਾਕ ਪੱਧਰ ਤੇ ਜ਼ਿਲ੍ਹਾ ਪੱਧਰ ਦੀਆਂ ਜਨਰਲ ਬਾਡੀ ਮੀਟਿੰਗਾਂ) ਜਨਤਕ ਜਥੇਬੰਦੀਆਂ ਬਾਰੇ ਰਿਪੋਰਟਿੰਗ ਅਤੇ ਪਾਰਟੀ ਵਿੱਦਿਆ ਬਾਰੇ ਤੇ ਫੁਟਕਲ। 9 ਅਗਸਤ ਨੂੰ ਸੂਬਾ ਸਕੱਤਰੇਤ ਦੀ ਮੀਟਿੰਗ ਦੁਪਹਿਰ 2 ਵਜੇ ਹੋਵੇਗੀ।
ਕਲਕੱਤਾ ’ਵਰਸਿਟੀ ਦੀ ਵੀ ਸੀ ਦਾ 9 ਘੰਟੇ ਘਿਰਾਓ
ਕੋਲਕਾਤਾ : ਤਿ੍ਰਣਮੂਲ ਕਾਂਗਰਸ ਦੀ ਵਿਦਿਆਰਥੀ ਜਥੇਬੰਦੀ ਤਿ੍ਰਣਮੂਲ ਛਾਤਰ ਪ੍ਰੀਸ਼ਦ (ਟੀ ਐੱਮ ਸੀ ਪੀ) ਨੇ ਕਲਕੱਤਾ ਯੂਨੀਵਰਸਿਟੀ ਦੀ ਅੰਤਰਮ ਵਾਈਸ ਚਾਂਸਲਰ ਸ਼ਾਂਤਾ ਦੱਤਾ ਦਾ ਨੌਂ ਘੰਟੇ ਤੋਂ ਵੱਧ ਸਮੇਂ ਤੱਕ ਘਿਰਾਓ ਕੀਤਾ ਅਤੇ ਦਾਅਵਾ ਕੀਤਾ ਕਿ ਉਨ੍ਹਾ ਫੈਸਲਾ ਲੈਣ ਵਾਲੀ ਯੂਨੀਵਰਸਿਟੀ ਦੀ ਸਿਖਰਲੀ ਸੰਸਥਾ ‘ਸਿੰਡੀਕੇਟ’ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜਦਕਿ ਉਨ੍ਹਾ ਦਾ ਕਾਰਜਕਾਲ ਸਮਾਪਤ ਹੋ ਚੁੱਕਾ ਹੈ। ਟੀ ਐੱਮ ਸੀ ਪੀ ਦੇ ਤਰਜਮਾਨ ਅਭੀਰੂਪ ਚਕਰਵਰਤੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ 3 ਵਜੇ ਤੋਂ ਅੱਧੀ ਰਾਤ ਤੱਕ ਘਿਰਾਓ ਕੀਤਾ ਗਿਆ। ਉਸ ਨੇ ਕਿਹਾਕਿਉਂਕਿ ਸਾਡੀਆਂ ਸਮੈਸਟਰ ਪ੍ਰੀਖਿਆਵਾਂ ਇਕ ਦਿਨ ਬਾਅਦ ਸ਼ੁਰੂ ਹੋਣੀਆਂ ਹਨ ਅਤੇ ਦੱਤਾ ਦੀ ਉਮਰ ਤੇ ਸਿਹਤ ਸੰਬੰਧੀ ਸਮੱਸਿਆਵਾਂ ਨੂੰ ਦੇਖਦੇ ਹੋਏ ਅਸੀਂ ਘਿਰਾਓ ਅਣਮਿੱਥੇ ਸਮੇਂ ਤੱਕ ਜਾਰੀ ਨਹੀਂ ਰੱਖਿਆ। ਹਾਲਾਂਕਿ, ਵਿਦਿਆਰਥੀ ਦੱਤਾ ਦੀ ਪ੍ਰਧਾਨਗੀ ’ਚ ਕਦੇ ਵੀ ‘ਸਿੰਡੀਕੇਟ’ ਦੀ ਮੀਟਿੰਗ ਨਹੀਂ ਹੋਣ ਦੇਣਗੇ। ਅਸੀਂ ਇਸ ਨੂੰ ਨਾਜਾਇਜ਼ ਕਰਾਰ ਦਿੰਦੇ ਹਾਂ।
ਵਿਦਿਆਰਥੀ ਦੀ ਕਰਤੂਤ
ਨਵੀਂ ਦਿੱਲੀ : ਪੁਲਸ ਨੇ ਦਿੱਲੀ ਦੇ ਗ੍ਰੇਟਰ ਕੈਲਾਸ਼ ਸਥਿਤ ਸਮਰ ਫੀਲਡ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਈਮੇਲ ਕਰਨ ਵਾਲੇ 14 ਸਾਲਾ ਵਿਦਿਆਰਥੀ ਨੂੰ ਫੜ ਕੇ ਜਦੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਹ ਸਕੂਲ ਨਹੀਂ ਜਾਣਾ ਚਾਹੁੰਦਾ ਸੀ। ਉਸ ਨੇ ਈਮੇਲ ਵਿਚ ਦੋ ਹੋਰ ਸਕੂਲਾਂ ਦਾ ਵੀ ਜ਼ਿਕਰ ਕੀਤਾ ਸੀ, ਤਾਂ ਜੋ ਇਸ ਨੂੰ ਸੱਚਾ ਦਰਸਾਇਆ ਜਾ ਸਕੇ।
ਪੰਜ ਪੁਲਸਮੈਨ ਤੇ ਇਕ ਅਧਿਆਪਕ ਬਰਖਾਸਤ
ਸ੍ਰੀਨਗਰ : ਜੰਮੂ-ਕਸ਼ਮੀਰ ਉਪ ਰਾਜਪਾਲ ਮਨੋਜ ਸਿਨਹਾ ਨੇ ਰਾਸ਼ਟਰ ਵਿਰੋਧੀ ਗਤੀਵਿਧੀਆਂ ’ਚ ਸ਼ਮੂਲੀਅਤ ਦੇ ਦੋਸ਼ ’ਚ ਪੰਜ ਪੁਲਸ ਮੁਲਾਜ਼ਮਾਂ ਸਣੇ ਛੇ ਸਰਕਾਰੀ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਮੁਲਾਜ਼ਮਾਂ ਦੀ ਪਛਾਣ ਹੌਲਦਾਰ ਫਾਰੂਕ ਅਹਿਮਦ ਸ਼ੇਖ, ਸਿਲੈਕਸ਼ਨ ਗਰੇਡ ਸਿਪਾਹੀ ਸੈਫ ਦੀਨ, ਖਾਲਿਦ ਹੁਸੈਨ ਸ਼ਾਹ, ਇਰਸ਼ਾਦ ਅਹਿਮ ਚਾਲਕੂ, ਸਿਪਾਹੀ ਰਹਿਮਤ ਸ਼ਾਹ ਅਤੇ ਅਧਿਆਪਕ ਨਜ਼ਮ ਦੀਨ ਵਜੋਂ ਹੋਈ ਹੈ। ਸਰਕਾਰ ਮੁਤਾਬਕ ਇਨ੍ਹਾਂ ਸਾਰਿਆਂ ਦੀ ਨਸ਼ਾ ਤਸਕਰੀ ਜਾਂ ਤਸਕਰਾਂ ਤੇ ਮਕਬੂਜ਼ਾ ਕਸ਼ਮੀਰ ’ਚ ਬੈਠੇ ਅੱਤਵਾਦੀਆਂ ਨਾਲ ਸੰਬੰਧ ਸਾਹਮਣੇ ਆਏ ਸਨ।