ਗੁਰੂ ਹਰਸਹਾਏ (ਮਨਦੀਪ ਸੋਢੀ)
ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਥਾਨਕ ਗੁਰੂ ਸ਼ਿਵ ਸ਼ਾਮ ਕਮਿਊਨਿਟੀ ਹਾਲ ਵਿੱਚ ‘ਪੰਜਾਬ ਦੇ ਪਾਣੀ ਸੰਕਟ ਦਾ ਵਿਗਿਆਨਕ ਹੱਲ-ਸਤਲੁਜ ਵਾਟਰ ਬੈਂਕ’ ਵਿਸ਼ੇ ’ਤੇ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੀ ਪ੍ਰਧਾਨਗੀ ਰਾਜ ਬਹਾਦਰਕੇ ਅਤੇ ਰਮਨ ਧਰਮੂਵਾਲਾ ਨੇ ਕੀਤੀ।ਸੈਮੀਨਾਰ ਨੂੰ ਸੰਬੋਧਨ ਕਰਨ ਲਈ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਜਗਰੂਪ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਉਹਨਾ ਨਾਲ ਸਰਬ ਭਾਰਤ ਨੌਜਵਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਢਾਬਾਂ, ਚਰਨਜੀਤ ਛਾਂਗਾਰਾਏ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਮਨ ਧਰਮੂਵਾਲਾ ਵੀ ਸਨ। ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਮੁੱਖ ਬੁਲਾਰੇ ਜਗਰੂਪ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਪਾਣੀ ਸੰਕਟ ਦਿਨੋਂ-ਦਿਨ ਗੰਭੀਰ ਹੁੰਦਾ ਜਾ ਰਿਹਾ ਹੈ, ਪਰ ਮੌਕੇ ਦੀ ਸਰਕਾਰ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਪਾਣੀ ਬਚਾਉਣ ਦੇ ਨਾਂਅ ’ਤੇ ਸਿਰਫ ਰਾਜਨੀਤੀ ਹੀ ਕੀਤੀ ਜਾ ਰਹੀ ਹੈ, ਜਿਸ ਨਾਲ ਮੌਜੂਦਾ ਪਾਣੀ ਸੰਕਟ ਹੱਲ ਹੋਣ ਵਾਲਾ ਨਹੀਂ, ਇਸ ਲਈ ਅੱਜ ਪਾਣੀ ’ਤੇ ਰਾਜਨੀਤੀ ਨਹੀਂ, ਸਗੋਂ ਪਾਣੀ ਦੀ ਸੰਭਾਲ ਦੀ ਠੋਸ ਨੀਤੀ ਬਣਾਉਣ ਦੀ ਸਖ਼ਤ ਜਰੂਰਤ ਹੈ। ਸਮੇਂ ਦੀਆਂ ਸਰਕਾਰਾਂ ਦੀ ਪਾਣੀ ਸੰਭਾਲ ਪ੍ਰਤੀ ਸੰਜੀਦਗੀ ਦੀ ਘਾਟ ਕਾਰਨ ਹੀ ਅੱਜ ਪੰਜਾਬ ਨੂੰ ਪਾਣੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਅੱਜ ਵੀ ਪੰਜਾਬ ਵਿੱਚ ਪਾਣੀ ਦੀ ਘਾਟ ਨਹੀਂ, ਸਗੋਂ ਹਰ ਸਾਲ ਬਾਰਸ਼ਾਂ ਦਾ ਅਰਬਾਂ ਘਣਮੀਟਰ ਪਾਣੀ ਸੁਚੱਜੀ ਸੰਭਾਲ ਦੀ ਘਾਟ ਕਾਰਨ ਹੜ੍ਹਾਂ ਦੇ ਰੂਪ ਵਿੱਚ ਸਾਡਾ ਭਾਰੀ ਨੁਕਸਾਨ ਕਰਦਾ ਹੈ ਅਤੇ ਬਾਕੀ ਵਿਅਰਥ ਚਲਿਆ ਜਾਂਦਾ ਹੈ। ਸਤਲੁਜ ਦਰਿਆ ’ਤੇ ਵਾਟਰ ਬੈਂਕ ਬਣਾ ਕੇ ਬਾਰਸ਼ਾਂ ਦਾ ਅਰਬਾਂ ਗਣਮੀਟਰ ਪਾਣੀ ਸੰਭਾਲਿਆ ਜਾ ਸਕਦਾ ਹੈ ਤੇ ਧਰਤੀ ’ਚ ਮੁੜ ਰਿਚਾਰਜ ਕੀਤਾ ਜਾ ਸਕੇਗਾ। ਇਸ ਸਟੋਰ ਕੀਤੇ ਪਾਣੀ ਨਾਲ ਮਨੁੱਖਤਾ ਦੀ ਭਲਾਈ ਕੀਤੀ ਜਾ ਸਕਦੀ ਹੈ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਚਰਨਜੀਤ ਛਾਂਗਾਰਾਏ ਅਤੇ ਸੂਬਾ ਪ੍ਰਧਾਨ ਪਰਮਜੀਤ ਢਾਬਾਂ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦਾ ਜੀਵਨ ਫਲਸਫਾ ਦੇਸ਼ ਦੀ ਜਵਾਨੀ ਅਤੇ ਇਨਕਲਾਬੀ ਕਾਰਕੁਨਾਂ ਲਈ ਰਾਹ ਦਸੇਰਾ ਹੈ। ਸ਼ਹੀਦ ਊਧਮ ਸਿੰਘ ਸਿਰਫ ਗੋਲੀ ਚਲਾਉਣ ਵਾਲਾ ਮਨੁੱਖ ਨਹੀਂ ਸੀ, ਉਹ ਸਮਾਜਵਾਦੀ ਵਿਚਾਰਧਾਰਾ ਨੂੰ ਪ੍ਰਣਾਇਆ ਸੀ। ਉਸ ਨੇ ਗਦਰ ਲਹਿਰ ਨੂੰ ਪੜ੍ਹਿਆ ਅਤੇ ਗ੍ਰਹਿਣ ਕੀਤਾ। ਆਗੂਆਂ ਕਿਹਾ ਕਿ ਸ਼ਹੀਦ ਊਧਮ ਸਿੰਘ ਦੇਸ਼ ਵਿੱਚੋਂ ਬਰਤਾਨਵੀ ਰਾਜ ਨੂੰ ਖਤਮ ਕਰਕੇ ਭਾਰਤੀ ਲੋਕਾਂ ਦਾ ਰਾਜ ਸਥਾਪਤ ਕਰਨਾ ਚਾਹੁੰਦਾ ਸੀ। ਸ਼ਹੀਦ ਊਧਮ ਸਿੰਘ ਦੀ ਵਿਚਾਰਧਾਰਾ ’ਤੇ ਪਹਿਰਾ ਦੇਣ ਲਈ ਦੇਸ਼ ਵਿੱਚ ਸਭ ਲਈ ਰੁਜ਼ਗਾਰ ਦੀ ਗਾਰੰਟੀ ਕਰਦਾ ਕਾਨੂੰਨ ‘ਬਨੇਗਾ’ (ਭਗਤ ਸਿੰਘ ਕੌਮੀ ਰੁਜ਼ਗਾਰ ਗਾਰੰਟੀ ਕਾਨੂੰਨ) ਪਾਸ ਕਰਵਾਉਣ ਲਈ ਨੌਜਵਾਨਾਂ ਨੂੰ ਇੱਕ ਪਲੇਟਫਾਰਮ ’ਤੇ ਇਕੱਠਾ ਹੋ ਕੇ ਸਰਗਰਮੀ ਤੇਜ਼ ਕਰਨੀ ਚਾਹੀਦੀ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਰਮਨ ਧਰਮੂਵਾਲਾ, ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਮੀਤ ਸਕੱਤਰ ਹਰਭਜਨ ਛੱਪੜੀਵਾਲਾ, ਸੂਬਾ ਕੌਂਸਲ ਮੈਂਬਰ ਸ਼ੁਬੇਗ ਝੰਗੜਭੈਣੀ, ਸੰਦੀਪ ਜੋਧਾ, ਬਲਵੰਤ ਚੋਹਾਣਾ, ਗੁਰਦਿਆਲ ਸਿੰਘ, ਜਰਨੈਲ ਢਾਬਾਂ, ਬਲਵਿੰਦਰ ਮਹਾਲਮ, �ਿਸ਼ਨ ਧਰਮੂਵਾਲਾ, ਪਿਆਰਾ ਮੇਘਾ, ਅਧਿਆਪਕ ਆਗੂ ਵਰਿਆਮ ਘੁੱਲਾ, ਜਸਵਿੰਦਰ ਬਹਾਦਰਕੇ, ਸੁਦਾਗਰ ਸਿੰਘ, ਰੇਖਾ ਰਾਣੀ ਬਹਾਦਰਕੇ, ਸੁਰਿੰਦਰ ਬਾਹਮਣੀਵਾਲਾ, ਸੁਖਚੈਨ ਲਮੋਚੜ ਕਲਾਂ, ਮਨਪ੍ਰੀਤ ਬਾਹਮਣੀਵਾਲਾ, ਸੌਰਵ ਢਾਬਾਂ, ਰਾਜੂ ਟਾਹਲੀਵਾਲਾ, ਅਕਾਸ਼ ਬਾਹਮਣੀਵਾਲਾ, ਪਰਮਜੀਤ ਸਿੰਘ ਤੇ ਕਰਨੈਲ ਬੱਗੇ ਕੇ ਆਦਿ ਆਗੂ ਹਾਜ਼ਰ ਸਨ।