ਹਸੀਨਾ ਬੰਗਲਾਦੇਸ਼ ’ਚੋਂ ਉਡੰਤਰ, ਸੈਨਾ ਦਾ ਕੰਟਰੋਲ

0
142

ਹਸੀਨਾ ਬੰਗਲਾਦੇਸ਼ ’ਚੋਂ ਉਡੰਤਰ, ਸੈਨਾ ਦਾ ਕੰਟਰੋਲ
ਢਾਕਾ : ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵਾਜਿਦ ਸਰਕਾਰ ਦੇ ਖਿਲਾਫ ਜਾਰੀ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਸੋਮਵਾਰ ਅਸਤੀਫਾ ਦੇ ਕੇ ਦੇਸ਼ ਛੱਡ ਗਈ। ਵਿਵਾਦਤ ਕੋਟਾ ਵਿਵਸਥਾ ਨੂੰ ਲੈ ਕੇ ਹੋ ਰਹੇ ਪ੍ਰਦਰਸ਼ਨਾਂ ਤੋਂ ਬਾਅਦ ਸ਼ੇਖ ਹਸੀਨਾ ਨੂੰ ਅਸਤੀਫਾ ਦੇਣ ਲਈ ਮਜਬੂਰ ਹੋਣਾ ਪਿਆ।
ਹਸੀਨਾ ਸੀ-130 ਟਰਾਂਸਪੋਰਟ ਜਹਾਜ਼ ਵਿਚ ਗਾਜ਼ੀਆਬਾਦ ਦੇ ਹਿੰਡਨ ਏਅਰ ਬੇਸ ’ਤੇ ਉੱਤਰੀ। ਭਾਰਤੀ ਹਵਾਈ ਸੈਨਾ ਦੇ ਜਹਾਜ਼ ਸਰਹੱਦ ਤੋਂ ਉਸ ਦੇ ਜਹਾਜ਼ ਨੂੰ ਲੈ ਕੇ ਆਏ। ਡਿਪਲੋਮੈਟਿਕ ਸੂਤਰਾਂ ਮੁਤਾਬਕ ਉਸ ਨੇ ਇੱਥੋਂ ਲੰਡਨ ਜਾਣਾ ਸੀ। ਬੰਗਲਾਦੇਸ਼ ਦੀ ਬੇਨਤੀ ’ਤੇ ਭਾਰਤ ਨੇੇ ਹਸੀਨਾ ਨੂੰ ਸੁਰੱਖਿਅਤ ਲਾਂਘਾ ਮੁਹੱਈਆ ਕਰਾਉਣ ਦਾ ਫੈਸਲਾ ਕੀਤਾ।
ਦੇਸ਼ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਸੈਨਾ ਮੁਖੀ ਜਨਰਲ ਵਕਾਰ-ਉਜ਼-ਜ਼ਮਾਂ ਨੇ ਐਲਾਨ ਕੀਤਾਮੈਂ (ਦੇਸ਼ ਦੀ) ਸਾਰੀ ਜ਼ਿੰਮੇਵਾਰੀ ਲੈ ਰਿਹਾ ਹਾਂ, ਕਿਰਪਾ ਕਰਕੇ ਸਹਿਯੋਗ ਕਰੋ। ਹਸੀਨਾ ਨੇ ਦੇਸ਼ ਛੱਡ ਦਿੱਤਾ ਹੈ। ਅੰਤਰਮ ਸਰਕਾਰ ਬਣਾਈ ਜਾਵੇਗੀ। ਮੈਂ ਸਿਆਸੀ ਨੇਤਾਵਾਂ ਨੂੰ ਮਿਲਿਆਂ ਹਾਂ ਅਤੇ ਉਨ੍ਹਾਂ ਨੂੰ ਦੱਸ ਦਿੱਤਾ ਹੈ ਕਿ ਸੈਨਾ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਸੰਭਾਲੇਗੀ। ਸੈਨਾ ਅਤੇ ਪੁਲਸ ਨੂੰ ਪ੍ਰਦਰਸ਼ਨਕਾਰੀਆਂ ’ਤੇ ਗੋਲੀ ਨਾ ਚਲਾਉਣ ਲਈ ਕਿਹਾ ਹੈ।
ਆਰਮੀ ਚੀਫ ਜਨਰਲ ਵਕਾਰ-ਉਜ਼-ਜ਼ਮਾਂ ਵੱਲੋਂ ਸੱਦੀ ਗਈ ਮੀਟਿੰਗ ’ਚ ਅਵਾਮੀ ਲੀਗ ਦੇ ਆਗੂ ਸ਼ਾਮਲ ਨਹੀਂ ਹੋਏ, ਪਰ ਮੁੱਖ ਆਪੋਜ਼ੀਸ਼ਨ ਜਾਤੀਆ ਪਾਰਟੀ ਦੇ ਦੋ ਆਗੂ ਸ਼ਾਮਲ ਹੋਏ। ਜਾਤੀਆ ਪਾਰਟੀ ਰਿਟਾਇਰਡ ਜਨਰਲ ਹੁਸੈਨ ਮੁਹੰਮਦ ਇਰਸ਼ਾਦ ਨੇ 1986 ’ਚ ਬਣਾਈ ਸੀ। ਇਰਸ਼ਾਦ ਨੇ ਜਨਰਲ ਹੁੰਦਿਆਂ 1982 ਵਿਚ ਫੌਜੀ ਰਾਜ ਪਲਟਾ ਕਰਕੇ ਸੱਤਾ ’ਤੇ ਕਬਜ਼ਾ ਕਰ ਲਿਆ ਸੀ ਤੇ ਦਸੰਬਰ 1983 ਤੱਕ ਚੀਫ ਮਾਰਸ਼ਲ ਲਾਅ ਐਡਮਨਿਸਟ੍ਰੇਟਰ ਵਜੋਂ ਰਾਜ ਕੀਤਾ।
ਇਸੇ ਦੌਰਾਨ ਬੰਗਲਾਦੇਸ਼ ਦੇ ਹਿੰਸਕ ਘਟਨਾਕ੍ਰਮ ਦੇ ਚਲਦਿਆਂ ਭਾਰਤ ਨੇ ਬੀ ਐੱਸ ਐੱਫ ਨੂੰ ਸੋਮਵਾਰ 4096 ਕਿਲੋਮੀਟਰ ਲੰਮੇ ਭਾਰਤ-ਬੰਗਲਾਦੇਸ਼ ਬਾਰਡਰ ’ਤੇ ਹਾਈ ਅਲਰਟ ਜਾਰੀ ਕੀਤਾ। ਬੀ ਐੱਸ ਐੱਫ ਦੇ ਡੀ ਜੀ ਦਲਜੀਤ ਸਿੰਘ ਚੌਧਰੀ ਅਤੇ ਹੋਰ ਸੀਨੀਅਰ ਕਮਾਂਡਰ ਸੁਰੱਖਿਆ ਦਾ ਜਾਇਜ਼ਾ ਲੈਣ ਲਈ ਕੋਲਕਾਤਾ ਪੁੱਜ ਗਏ ਸਨ। ਬਾਰਡਰ ’ਤੇ ਤਾਇਨਾਤ ਸਾਰੇ ਜਵਾਨਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ।
1947 ਵਿਚ ਪੈਦਾ ਹੋਈ 76 ਸਾਲਾ ਹਸੀਨਾ ਜਨਵਰੀ ਵਿਚ ਲਗਾਤਾਰ ਚੌਥੀ ਵਾਰ ਪ੍ਰਧਾਨ ਮੰਤਰੀ ਬਣੀ ਸੀ। ਇਸ ਚੋਣ ਦਾ ਸਾਰੀਆਂ ਆਪੋਜ਼ੀਸ਼ਨ ਪਾਰਟੀਆਂ ਨੇ ਬਾਈਕਾਟ ਕੀਤਾ ਸੀ। ਉਸ ਨੇ ਚੋਣਾਂ ਤੋਂ ਪਹਿਲਾਂ ਹਜ਼ਾਰਾਂ ਆਪੋਜ਼ੀਸ਼ਨ ਮੈਂਬਰਾਂ ਨੂੰ ਜੇਲ੍ਹਾਂ ਵਿਚ ਡੱਕ ਦਿੱਤਾ ਸੀ। 2008 ਵਿਚ ਅਵਾਮੀ ਲੀਗ ਦੀ ਜਿੱਤ ਤੋਂ ਲੈ ਕੇ ਉਹ ਹੀ ਪ੍ਰਧਾਨ ਮੰਤਰੀ ਰਹੀ। ਉਸ ਨੇ ਦੇਸ਼ ਵਿਚ ਸਭ ਤੋਂ ਲੰਮਾ ਸਮਾਂ ਰਾਜ ਕੀਤਾ। ਉਸ ਨੇ ਬਰਤਾਨੀਆ ਦੀ ਮਾਰਗਰੇਟ ਥੈਚਰ ਤੇ ਭਾਰਤ ਦੀ ਇੰਦਰਾ ਗਾਂਧੀ ਨਾਲੋਂ ਵੀ ਵੱਧ ਚੋਣਾਂ ਜਿੱਤੀਆਂ ਤੇ ਦੁਨੀਆ ਦੀ ਸਭ ਤੋਂ ਵੱਧ ਰਾਜ ਕਰਨ ਵਾਲੀ ਪ੍ਰਧਾਨ ਮੰਤਰੀ ਰਹੀ। ਅਵਾਮੀ ਲੀਗ ਉਸ ਦੇ ਪਿਤਾ ਮੁਜੀਬਉਰ ਰਹਿਮਾਨ ਨੇ ਬਣਾਈ ਸੀ ਤੇ ਉਹ 1981 ਤੋਂ ਇਸ ਦੀ ਪ੍ਰਧਾਨ ਰਹੀ। ਸਭ ਤੋਂ ਪਹਿਲਾਂ ਹਸੀਨਾ ਨੇ 1996 ਤੋਂ 2001 ਤੱਕ ਰਾਜ ਕੀਤਾ, ਪਰ 2001 ਵਿਚ ਖਾਲਿਦਾ ਜ਼ਿਆ ਨੇ ਉਸ ਨੂੰ ਸੱਤਾ ਤੋਂ ਬੇਦਖਲ ਕਰ ਦਿੱਤਾ । ਪਹਿਲੀ ਮਿਆਦ ਵਿਚ ਉਸ ਨੇ ਉਦਾਰੀਕਰਨ ਦਾ ਰਾਹ ਫੜਦਿਆਂ ਦੇਸ਼ ਵਿਚ ਕਾਫੀ ਵਿਦੇਸ਼ੀ ਪੂੰਜੀ ਨਿਵੇਸ਼ ਕਰਵਾਇਆ। ਇਸ ਦੌਰਾਨ ਕੱਪੜਿਆਂ ਦੀ ਬਰਾਮਦ ਕਾਫੀ ਵਧੀ, ਪਰ ਫਿਰ ਸਿਆਸੀ ਵਿਰੋਧੀਆਂ, ਖਾਸਕਰ ਜਮਾਤੇ ਇਸਲਾਮੀ ਉੱਤੇ ਛਾਪਿਆਂ ਤੋਂ ਬਾਅਦ ਉਸ ’ਤੇ ਮਨੁੱਖੀ ਹੱਕਾਂ ਦੀ ਉਲੰਘਣਾ ਦੇ ਦੋਸ਼ ਲੱਗੇ। ਦੂਜੀ ਵਾਰ ਸੱਤਾ ਵਿਚ ਆਉਣ ਦੌਰਾਨ 2006 ਤੋਂ 2008 ਤੱਕ ਦੇਸ਼ ’ਚ ਗੜਬੜ ਕਾਰਨ ਸੱਤਾ ਫੌਜ ਨੇ ਸੰਭਾਲ ਲਈ ਸੀ। 2009 ਵਿਚ ਉਹ ਫਿਰ ਹੂੰਝਾ ਫੇਰ ਜਿੱਤ ਨਾਲ ਸੱਤਾ ਵਿਚ ਆਈ ਤੇ ਸੱਤਾ ’ਤੇ ਜਕੜ ਬਣਾਉਦੀ ਗਈ। ਉਸ ’ਤੇ ਅਗਲੀਆਂ ਚੋਣਾਂ ਵਿਚ ਹੇਰਾਫੇਰੀ ਤੇ ਧੱਕੇਸ਼ਾਹੀ ਦੇ ਦੋਸ਼ ਵੀ ਲੱਗੇ।
1975 ਵਿਚ ਬੰਗਲਾਦੇਸ਼ ਦੇ ਵੇਲੇ ਦੇ ਰਾਸ਼ਟਰਪਤੀ ਸ਼ੇਖ ਮੁਜੀਬੁਰ ਰਹਿਮਾਨ ਦੇ ਫੌਜੀ ਰਾਜ ਪਲਟੇ ਵਿਚ ਕਤਲ ਸਮੇਂ ਹਸੀਨਾ ਨੇ ਆਪਣੀ ਮਾਂ ਤੇ ਤਿੰਨ ਭਰਾਵਾਂ ਨੂੰ ਗੁਆਇਆ ਸੀ। ਹਸੀਨਾ ਤੇ ਉਸ ਦੀ ਭੈਣ ਸ਼ੇਖ ਰੇਹਾਨਾ ਫੌਜੀ ਪਲਟੇ ਸਮੇਂ ਦੇਸ਼ ਵਿੱਚੋਂ ਬਾਹਰ ਸਨ। ਪਿਤਾ ਦੇ ਕਤਲ ਤੋਂ ਬਾਅਦ ਦੋਹਾਂ ਭੈਣਾਂ ਨੇ ਪੱਛਮੀ ਜਰਮਨੀ ਵਿਚ ਬੰਗਲਾਦੇਸ਼ ਦੇ ਰਾਜਦੂਤ ਦੇੇ ਘਰ ਪਨਾਹ ਲਈ ਸੀ। ਫਿਰ ਭਾਰਤ ਵਿਚ ਸਿਆਸੀ ਪਨਾਹ ਲਈ। ਹਸੀਨਾ 1981 ਵਿਚ ਬੰਗਲਾਦੇਸ਼ ਪਰਤੀ ਸੀ। 2004 ਵਿਚ ਇਕ ਰੈਲੀ ਦੌਰਾਨ ਗ੍ਰਨੇਡ ਹਮਲੇ ਵਿਚ ਉਹ ਬਚ ਗਈ, ਜਦਕਿ ਕਈ ਲੋਕ ਮਾਰੇ ਗਏ ਸਨ। ਕਾਫੀ ਚਿਰ ਸੱਤਾ ਵਿਚ ਰਹਿਣ ਦੇ ਬਾਵਜੂਦ ਉਸ ਦੇ ਵਿਰੋਧੀ ਕਹਿੰਦੇ ਰਹੇ ਕਿ ਉਹ ਤਾਨਾਸ਼ਾਹ ਬਣਦੀ ਜਾ ਰਹੀ ਹੈ ਤੇ ਜਮਹੂਰੀਅਤ ਲਈ ਖਤਰਾ ਹੈ। ਕਈ ਵਿਸ਼ਲੇਸ਼ਕ ਵਰਤਮਾਨ ਸੰਕਟ ਲਈ ਉਸ ਦੀ ਤਾਨਾਸ਼ਾਹੀ ਤੇ ਸੱਤਾ ਦੀ ਭੁੱਖ ਨੂੰ ਜ਼ਿੰਮੇਵਾਰ ਮੰਨਦੇ ਹਨ।ਬੰਗਲਾਦੇਸ਼ ਵਿਚ ਸੋਮਵਾਰ ਜੋ ਹੋਇਆ, 2021 ਵਿਚ ਅਫਗਾਨਿਸਤਾਨ ਤੇ 2022 ਵਿਚ ਸ੍ਰੀਲੰਕਾ ’ਚ ਵੀ ਉਸੇ ਤਰ੍ਹਾਂ ਹੋਇਆ ਸੀ, ਜਦੋਂ ਹਾਕਮ ਦੇਸ਼ ਵਿੱਚੋਂ ਭੱਜ ਗਏ ਸਨ। ਹਸੀਨਾ ਦਾ ਭੱਜਣਾ ਭਾਰਤ ’ਤੇ ਦੂਰਰਸ ਅਸਰ ਪਾਉਣ ਵਾਲਾ ਹੈ। ਉਹ ਭਾਰਤ ਦੀ ਦੋਸਤ ਰਹੀ ਅਤੇ ਭਾਰਤ ਨੇ ਬੰਗਲਾਦੇਸ਼ ਦੇ ਬਾਹਰੋਂ ਅਪਰੇਟ ਕਰਨ ਵਾਲੇ ਦਹਿਸ਼ਤਗਰਦਾਂ ਖਿਲਾਫ ਉਸ ਨਾਲ ਮਿਲ ਕੇ ਕੰਮ ਕੀਤਾ। ਪਿਛਲੇ ਦਿਨਾਂ ’ਚ ਬੰਗਲਾਦੇਸ਼ ’ਚ ਬੇਚੈਨੀ, ਚੋਣਾਂ ਵਿਚ ਰਿਗਿੰਗ ਤੇ ਉਸ ਵਿਰੁੱਧ ਹੋਰ ਦੋਸ਼ਾਂ ਦੇ ਦਰਮਿਆਨ ਭਾਰਤ ਇਹੀ ਕਹਿੰਦਾ ਰਿਹਾ ਕਿ ਇਹ ਬੰਗਲਾਦੇਸ਼ ਦਾ ਅੰਦਰੂਨੀ ਮਾਮਲਾ ਹੈ। ਇਹ ਇਕ ਤਰ੍ਹਾਂ ਨਾਲ ਉਸ ਦੀ ਹਮਾਇਤ ਕਰਨਾ ਸੀ। ਜਦੋਂ ਬੰਗਲਾਦੇਸ਼ ਨੈਸ਼ਨਲ ਪਾਰਟੀ-ਜਮਾਤ ਜਾਂ ਫੌਜ ਨੇ ਬੰਗਲਾਦੇਸ਼ ਵਿਚ ਰਾਜ ਕੀਤਾ, ਉਦੋਂ ਭਾਰਤ ਵਿਰੋਧੀ ਦਹਿਸ਼ਤਗਰਦ ਭਾਰਤ-ਬੰਗਲਾਦੇਸ਼ ਸਰਹੱਦ ਤੋਂ ਕਾਰਵਾਈਆਂ ਕਰਦੇ ਸਨ। ਇਹ ਸਥਿਤੀ ਹੁਣ ਫਿਰ ਪੈਦਾ ਹੋ ਸਕਦੀ ਹੈ ਅਤੇ ਭਾਰਤ ਲਈ ਇਹ ਸੰਕਟ ਪੈਦਾ ਕਰੇਗੀ। ਪਾਕਿਸਤਾਨ ਵੱਲੋਂ ਦਹਿਸ਼ਤਗਰਦਾਂ ਦੇ ਹਮਲੇ ਪਹਿਲਾਂ ਹੀ ਤੇਜ਼ ਹੋਏ ਪਏ ਨੇ। ਲੱਦਾਖ ਵਿਚ ਚੀਨ ਨਾਲ ਪੰਗਾ ਚੱਲ ਰਿਹਾ ਹੈ। ਮਿਆਂਮਾਰ ਦੀ ਸਰਹੱਦ ’ਤੇ ਹਾਲਤ ਵੀ ਕਾਫੀ ਵਿਸਫੋਟਕ ਹੈ।

LEAVE A REPLY

Please enter your comment!
Please enter your name here