ਮੋਹਾਲੀ (ਗੁਰਜੀਤ ਬਿੱਲਾ)
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਡਾ. ਸਤਿਬੀਰ ਬੇਦੀ ਨੇ ਮੰਗਲਵਾਰ ਨਿੱਜੀ ਕਾਰਨਾਂ ਕਰਕੇ ਅਚਾਨਕ ਅਸਤੀਫਾ ਦੇ ਦਿੱਤਾ। ਉਨ੍ਹਾ ਨੂੰ ਪਿਛਲੇ ਸਾਲ 18 ਫਰਵਰੀ ਨੂੰ ਚੇਅਰਮੈਨ ਬਣਾਇਆ ਗਿਆ ਸੀ। ਪੰਜਾਬ ਸਰਕਾਰ ਨੇ ਅਸਤੀਫਾ ਪ੍ਰਵਾਨ ਕਰ ਲਿਆ ਹੈ ਅਤੇ ਫਿਲਹਾਲ ਦਫਤਰੀ ਕੰਮਕਾਜ ਚਲਾਉਣ ਲਈ ਉਨ੍ਹਾ ਦੀ ਥਾਂ ਸਿੱਖਿਆ ਵਿਭਾਗ ਦੇ ਸਕੱਤਰ ਨੂੰ ਬੋਰਡ ਦੇ ਚੇਅਰਮੈਨ ਦਾ ਵਾਧੂ ਚਾਰਜ ਦਿੱਤਾ ਹੈ। ਸਿੱਖਿਆ ਬੋਰਡ ਆਫੀਸਰ ਵੈੱਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰਬੰਸ ਸਿੰਘ ਢੋਲੇਵਾਲ ਨੇ ਕਿਹਾ ਕਿ ਡਾ. ਬੇਦੀ ਦੇ ਯਤਨਾਂ ਸਦਕਾ ਸਿੱਖਿਆ ਬੋਰਡ ਦੀ ਆਰਥਿਕਤਾ ਲੀਹਾਂ ’ਤੇ ਆ ਰਹੀ ਸੀ ।
ਸਿੱਖਿਆ ਬੋਰਡ ਵੱਲੋਂ ਪਹਿਲੀ ਵਾਰ ਸਾਰੇ ਬੋਰਡਾਂ ਨਾਲੋਂ ਨਤੀਜਾ ਪਹਿਲਾਂ ਘੋਸ਼ਿਤ ਕਰਵਾ ਕੇ ਕੀਰਤੀਮਾਨ ਸਥਾਪਤ ਕੀਤਾ ਗਿਆ। ਉਨ੍ਹਾ ਕਿਹਾ ਕਿ ਜਦੋਂ ਦੇਸ਼ ਵਿੱਚ ਪ੍ਰੀਖਿਆਵਾਂ ਦੇ ਪਰਚੇ ਲੀਕ ਹੋਣ ਦੀਆਂ ਖਬਰਾ ਆ ਰਹੀਆਂ ਹਨ ਤਾਂ ਡਾ. ਬੇਦੀ ਵੱਲੋਂ ਪ੍ਰਸ਼ਨ ਪੱਤਰ ਵੰਡਣ ਸੰਬੰਧੀ ਵੱਡੇ ਪੱਧਰ ’ਤੇ ਸੁਧਾਰ ਕੀਤੇ ਗਏ, ਜਿਸ ਨਾਲ ਕਿਤੇ ਵੀ ਪਰਚਾ ਲੀਕ ਜਾਂ ਕੋਈ ਹੋਰ ਸ਼ਿਕਾਇਤ ਪ੍ਰਾਪਤ ਨਹੀਂ ਹੋਈ। ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੀਆਂ ਪ੍ਰੀਖਿਆਵਾਂ ਇਕ ਦਿਨ ਕਰਵਾਉਣ ਦੇ ਫੈਸਲੇ ਦੀ ਸਮੁੱਚੇ ਸਿੱਖਿਆ ਜਗਤ ਵਿੱਚ ਸ਼ਲਾਘਾ ਕੀਤੀ ਗਈ। ਡਾਕਟਰ ਬੇਦੀ ਇਕ ਮਹੀਨੇ ਦੀ ਮੈਡੀਕਲ ਛੁੱਟੀ ’ਤੇ ਚੱਲ ਰਹੇ ਸਨ। ਸੂਤਰਾਂ ਦਾ ਕਹਿਣਾ ਹੈ ਕਿ ਉਹਨਾ ਦਾ ਪੰਜਾਬ ਦੇ ਇਕ ਕੈਬਨਿਟ ਮੰਤਰੀ ਨਾਲ ਕਿਸੇ ਮਾਮਲੇ ਨੂੰ ਲੈ ਕੇ ਟਕਰਾਅ ਸੀ, ਜਿਸ ਕਾਰਨ ਉਨ੍ਹਾ ਛੁੱਟੀ ਦੌਰਾਨ ਹੀ ਟੈਲੀਫੋਨ ’ਤੇ ਅਸਤੀਫਾ ਭੇਜ ਦਿੱਤਾ।