ਨਵੀਂ ਦਿੱਲੀ : ਸਰਕਾਰ ਨੇ ਬੰਗਲਾਦੇਸ਼ ’ਚ ਅਸਥਿਰ ਹਾਲਾਤ ’ਤੇ ਚਿੰਤਾ ਜ਼ਾਹਰ ਕਰਦੇ ਹੋਏ ਮੰਗਲਵਾਰ ਕਿਹਾ ਕਿ ਉਹ ਗੁਆਂਢੀ ਮੁਲਕ ਦੀ ਸਥਿਤੀ ’ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਰਾਜ ਸਭਾ ’ਚ ਕਿਹਾ ਕਿ ਬੰਗਲਾਦੇਸ਼ ਨਾਲ ਭਾਰਤ ਦੇ ਦਹਾਕਿਆਂ ਤੋਂ ਡੂੰਘੇ ਸੰਬੰਧ ਹਨ। ਉੱਥੋਂ ਦੇ ਹਾਲਾਤ ਨਾਲ ਇੱਥੇ ਵੀ ਚਿੰਤਾ ਪੈਦਾ ਹੋਈ ਹੈ। ਉੱਥੇ ਜੂਨ ’ਚ ਹਾਲਾਤ ਵਿਗੜਨੇ ਸ਼ੁਰੂ ਹੋਏ ਤੇ ਇਹ ਸਿਲਸਿਲਾ ਹੁਣ ਤੱਕ ਜਾਰੀ ਹੈ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਵੀ ਹਾਲਾਤ ਨਹੀਂ ਬਦਲੇ। ਜੋ ਕੁਝ ਗੁਆਂਢੀ ਮੁਲਕ ’ਚ ਹੋਇਆ, ਉਸ ਦਾ ਇਕ ਸੂਤਰੀ ਏਜੰਡਾ ਇਹ ਸੀ ਕਿ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਸਤੀਫਾ ਦੇ ਦੇਣ। ਬੰਗਲਾਦੇਸ਼ ’ਚ ਅਜੇ ਵੀ ਹਾਲਾਤ ਅਸਥਿਰ ਹਨ। ਸਰਕਾਰ ਡਿਪਲੋਮੈਟ ਮਿਸ਼ਨਾਂ ਰਾਹੀਂ ਬੰਗਲਾਦੇਸ਼ ’ਚ ਭਾਰਤੀ ਭਾਈਚਾਰੇ ਨਾਲ ਲਗਾਤਾਰ ਸੰਪਰਕ ’ਚ ਹੈ। ਗੁਆਂਢੀ ਮੁਲਕ ਦੇ ਨਾਲ ਲੱਗਣ ਵਾਲੀ ਸਰਹੱਦ ’ਤੇ ਸੁਰੱਖਿਆ ਬਲਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਚੌਕਸੀ ਵਰਤਣ ਦੇ ਨਿਰਦੇਸ਼ ਦਿੱਤੇ ਗਏ ਹਨ।
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸਰਬ ਪਾਰਟੀ ਮੀਟਿੰਗ ਦੌਰਾਨ ਬੰਗਲਾਦੇਸ਼ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਅਤੇ ਸਰਬਸੰਮਤ ਸਮਰਥਨ ਅਤੇ ਤਾਲਮੇਲ ਲਈ ਸਾਰੀਆਂ ਪਾਰਟੀਆਂ ਦੀ ਸ਼ਲਾਘਾ ਕੀਤੀ। ਜੈਸ਼ੰਕਰ ਨੇ ਦੱਸਿਆ ਕਿ ਭਾਰਤ ਨੇ ਸ਼ੇਖ ਹਸੀਨਾ ਨੂੰ ਮਦਦ ਦਾ ਭਰੋਸਾ ਦਿਵਾਉਂਦੇ ਹੋਏ ਉਨ੍ਹਾ ਨੂੰ ਭਵਿੱਖ ਦੀ ਰਣਨੀਤੀ ਤੈਅ ਕਰਨ ਲਈ ਸਮਾਂ ਦਿੱਤਾ ਹੈ। ਭਾਰਤ ਗੁਆਂਢੀ ਮੁਲਕ ’ਚ ਮੌਜੂਦ 10,000 ਤੋਂ ਵੱਧ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਬੰਗਲਾਦੇਸ਼ੀ ਫੌਜ ਦੇ ਸੰਪਰਕ ’ਚ ਹੈ।