ਫੋਗਾਟ ਦਾ ਉਲੰਪਿਕ ਪਿੰਡ ਤੱਕ ਪਿੱਛਾ

0
153

ਨਵੀਂ ਦਿੱਲੀ : ਪੈਰਿਸ ਉਲੰਪਿਕ ਵਿਚ ਅਯੋਗ ਠਹਿਰਾਏ ਜਾਣ ਦੇ ਇਕ ਦਿਨ ਬਾਅਦ ਭਲਵਾਨ ਵਿਨੇਸ਼ ਫੋਗਾਟ ਨੇ ਵੀਰਵਾਰ ਦਿੱਲੀ ਹਾਈ ਕੋਰਟ ਵਿਚ ਦੋਸ਼ ਲਾਇਆ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ ਤੇ ਇਸ ਦਾ ਪ੍ਰਧਾਨ ਸੰਜੇ ਸਿੰਘ ਉਲੰਪਿਕ ਪਿੰਡ ਵਿਚ ਉਸ ਦੀ ਕਿਸਮਤ ਬਾਰੇ ਲੁਕਵੇਂ ਢੰਗ ਨਾਲ (ਪ੍ਰਾਕਸੀ) ਫੈਸਲੇ ਕਰ ਰਹੇ ਸਨ। ਫੋਗਾਟ ਦੇ ਵਕੀਲ ਰਾਹੁਲ ਮਹਿਰਾ ਨੇ ਹਾਈ ਕੋਰਟ ਵਿਚ ਇਹ ਵੀ ਕਿਹਾ ਕਿ ਕੇਂਦਰੀ ਖੇਡ ਤੇ ਯੁਵਾ ਮਾਮਲਿਆਂ ਦੇ ਮੰਤਰਾਲੇ ਵੱਲੋਂ ਭਾਰਤੀ ਕੁਸ਼ਤੀ ਫੈਡਰੇਸ਼ਨ ਦੀ ਨਵੀਂ ਚੁਣੀ ਗਈ ਐਗਜ਼ੈਕਟਿਵ ਕਮੇਟੀ ਨੂੰ ਦਸੰਬਰ 2023 ਵਿਚ ਮੁਅੱਤਲ ਕੀਤੇ ਜਾਣ ਦੇ ਬਾਵਜੂਦ ਸੰਜੇ ਸਿੰਘ ਉਲੰਪਿਕ ਵਿਚ ਪੁੱਜਾ ਹੋਇਆ ਸੀ।
ਭਲਵਾਨ ਬਜਰੰਗ ਪੂਨੀਆ, ਵਿਨੇਸ਼ ਫੋਗਾਟ ਤੇ ਹੋਰਨਾਂ ਨੇ ਇਸ ਸਾਲ ਦੇ ਸ਼ੁਰੂ ਵਿਚ ਦਿੱਲੀ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਸੀ ਕਿ ਉਹ ਖੇਡ ਜ਼ਾਬਤੇ ਦੀ ਉਲੰਘਣਾ ਕਰਕੇ ਦਸੰਬਰ 2023 ਵਿਚ ਕਰਾਈਆਂ ਗਈਆਂ ਚੋਣਾਂ ਨੂੰ ਗੈਰਕਾਨੂੰਨੀ ਕਰਾਰ ਦੇਵੇ। ਇਸ ਤੋਂ ਇਲਾਵਾ ਭਾਰਤੀ ਕੁਸ਼ਤੀ ਫੈਡਰੇਸ਼ਨ ਦੀਆਂ ਕਾਰਵਾਈਆਂ ’ਤੇ ਰੋਕ ਲਾਉਣ ਦੀ ਅਰਜ਼ੀ ਵੀ ਦਿੱਤੀ ਸੀ। ਕੋਰਟ ਨੇ ਅਰਜ਼ੀ ’ਤੇ ਫੈਸਲਾ 24 ਮਈ ਨੂੰ ਰਿਜ਼ਰਵ ਰੱਖ ਲਿਆ ਸੀ, ਪਰ ਅਜੇ ਤੱਕ ਨਹੀਂ ਸੁਣਾਇਆ।
ਵੀਰਵਾਰ ਉਪਰੋਕਤ ਭਲਵਾਨਾਂ ਦੇ ਵਕੀਲ ਨੇ ਜਸਟਿਸ ਸਚਿਨ ਦੱਤਾ ਨੂੰ ਬੇਨਤੀ ਕੀਤੀ ਕਿ ਉਹ ਫੈਸਲਾ ਸੁਣਾਉਣ ਦੀ ਤਰੀਕ ਤੈਅ ਕਰਨ। ਐਡਵੋਕੇਟ ਰਾਹੁਲ ਮਹਿਰਾ ਵੱਲੋਂ ਇਹ ਕਹਿਣ ਕਿ ਹੁਣ ਤਾਂ ਭਾਰਤ ਗੋਲਡ ਮੈਡਲ ਵੀ ਗੁਆ ਚੁੱਕਾ ਹੈ, ਫਾਜ਼ਲ ਜੱਜ ਨੇ ਫੈਸਲੇ ਦੀ ਤਰੀਕ ਤੈਅ ਨਹੀਂ ਕੀਤੀ।
ਜਸਟਿਸ ਦੱਤਾ ਇਸ ਵੇਲੇ ਜਸਟਿਸ ਵਿਭੂ ਬਖਰੂ ਨਾਲ ਡਵੀਜ਼ਨ ਬੈਂਚ ਵਿਚ ਬੈਠ ਰਹੇ ਹਨ ਤੇ ਫੈਸਲਾ ਸੁਣਾਉਣ ਲਈ ਖਾਸ ਤੌਰ ’ਤੇ ਵੱਖਰੇ ਬੈਠਣਗੇ। ਜਸਟਿਸ ਦੱਤਾ ਨੇ ਸਿੰਗਲ ਬੈਂਚ ਵਿਚ ਬੈਠਦਿਆਂ ਮਾਰਚ ਤੋਂ ਲੈ ਕੇ ਭਲਵਾਨਾਂ ਦੀਆਂ ਦਲੀਲਾਂ ਲੰਮਾ ਸਮਾਂ ਸੁਣੀਆਂ ਸਨ ਤੇ ਫੈਸਲਾ ਰਾਖਵਾਂ ਰੱਖ ਲਿਆ ਸੀ।
ਮਾਮਲੇ ਦੋ ਹਨ। ਇਕ ਫੈਡਰੇਸ਼ਨ ਦੀਆਂ ਚੋਣਾਂ ਗੈਰਕਾਨੂੰਨੀ ਠਹਿਰਾਉਣਾ ਤੇ ਦੂਜਾ ਵਰਤਮਾਨ ਫੈਡਰੇਸ਼ਨ ਨੂੰ ਕੰਮ ਕਰਨੋਂ ਰੋਕਣਾ। ਚੋਣਾਂ ਗੈਰ-ਕਾਨੂੰਨੀ ਠਹਿਰਾਉਣ ਦਾ ਮਾਮਲਾ ਵੀ ਵੀਰਵਾਰ ਸੁਣਵਾਈ ਲਈ ਜਸਟਿਸ ਪੁਰੁਸ਼ੇਂਦਰਾ ਕੌਰਵ ਅੱਗੇ ਆਇਆ, ਜਿੱਥੇ ਐਡਵੋਕੇਟ ਮਹਿਰਾ ਨੇ ਕਿਹਾ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ ਪ੍ਰਾਕਸੀਆਂ ਵੱਲੋਂ ਚਲਾਈ ਜਾ ਰਹੀ ਹੈ। ਪ੍ਰਧਾਨ ਸੰਜੇ ਸਿੰਘ ਇਸ ਵੇਲੇ ਉਲੰਪਿਕ ਪਿੰਡ ਵਿਚ ਹੈ ਤੇ ਵਿਨੇਸ਼ ਫੋਗਾਟ ਬਾਰੇ ਕੀ ਕਰਨਾ ਹੈ, ਉਸ ਦੇ ਫੈਸਲੇ ਕਰ ਰਿਹਾ ਹੈ। ਕੇਂਦਰ ਸਰਕਾਰ ਦੇ ਸਟੈਂਡਿੰਗ ਵਕੀਲ ਅਨਿਲ ਸੋਨੀ ਨੇ ਸਪੱਸ਼ਟ ਕੀਤਾਅੱਜ ਸਮੁੱਚਾ ਦੇਸ਼ ਫੋਗਾਟ ਨਾਲ ਹੈ। ਮੈਂ ਉਸ ਵਿਰੁੱਧ ਦਲੀਲਬਾਜ਼ੀ ਨਹੀਂ ਕਰਾਂਗਾ। ਜਸਟਿਸ ਕੌਰਵ ਨੇ ਮੁਦਾਲਿਆ ਨੂੰ ਹਦਾਇਤ ਕੀਤੀ ਕਿ ਉਹ ਪਟੀਸ਼ਨ ’ਤੇ ਆਪਣੀਆਂ ਦਲੀਲਾਂ ਹਫਤੇ ਵਿਚ ਨਿਬੇੜਨ ਅਤੇ ਭਲਵਾਨਾਂ ਨੂੰ ਕਿਹਾ ਕਿ ਜੇ ਉਨ੍ਹਾਂ ਜਵਾਬ ਦੇਣੇ ਹਨ ਤਾਂ ਉਹ ਵੀ ਦੇ ਦੇਣ। ਅਗਲੀ ਸੁਣਵਾਈ 12 ਸਤੰਬਰ ਨੂੰ ਹੋਵੇਗੀ। ਐਡਵੋਕੇਟ ਮਹਿਰਾ ਨੇ ਤਰੀਕ ਛੇਤੀ ਪਾਉਣ ’ਤੇ ਜ਼ੋਰ ਦਿੱਤਾ। ਉਨ੍ਹਾ ਕਿਹਾ ਕਿ ਇਹ ਕੌਮੀ ਹਿੱਤ ਦਾ ਮਾਮਲਾ ਹੈ, ਸਮੁੱਚਾ ਦੇਸ਼ ਪ੍ਰੇਸ਼ਾਨ ਹੈ।
ਜਿਨਸੀ ਸ਼ੋਸ਼ਣ ਦੇ ਦੋਸ਼ਾਂ ਕਾਰਨ ਭਾਜਪਾ ਸਾਂਸਦ ਬਿ੍ਰਜ ਭੂਸ਼ਣ ਸ਼ਰਣ ਸਿੰਘ ਵੱਲੋਂ ਪ੍ਰਧਾਨਗੀ ਤੋਂ ਅਸਤੀਫਾ ਦੇਣ ਦੇ ਤਿੰਨ ਦਿਨ ਬਾਅਦ ਫੈਡਰੇਸ਼ਨ ਦੀਆਂ ਚੋਣਾਂ ਕਰਾਈਆਂ ਗਈਆਂ ਸਨ। ਬਿ੍ਰਜ ਭੂਸ਼ਣ ਦਾ ਕਰੀਬੀ ਸੰਜੇ ਸਿੰਘ ਪ੍ਰਧਾਨ ਚੁਣਿਆ ਗਿਆ ਸੀ। ਇਸ ਦਾ ਭਾਰੀ ਵਿਰੋਧ ਹੋਣ ’ਤੇ ਕੇਂਦਰੀ ਖੇਡ ਮੰਤਰੀ ਨੇ ਨਵੀਂ ਚੁਣੀ ਐਗਜ਼ੈਕਟਿਵ ਮੁਅੱਤਲ ਕਰ ਦਿੱਤੀ ਸੀ। ਇਸ ਤੋਂ ਬਾਅਦ ਭਾਰਤੀ ਉਲੰਪਿਕ ਐਸੋਸੀਏਸ਼ਨ ਨੇ 27 ਦਸੰਬਰ 2023 ਨੂੰ ਫੈਡਰੇਸ਼ਨ ਦਾ ਕੰਮ ਚਲਾਉਣ ਲਈ, ਬੈਂਕ ਖਾਤੇ ਦੇਖਣ ਤੇ ਕੌਮਾਂਤਰੀ ਮੁਕਾਬਲਿਆਂ ਲਈ ਭਲਵਾਨਾਂ ਦੀ ਚੋਣ ਕਰਨ ਆਦਿ ਲਈ ਐਡਹਾਕ ਕਮੇਟੀ ਬਣਾਈ ਸੀ। ਇਸ ਸਾਲ ਫਰਵਰੀ ਵਿਚ ਯੂਨਾਈਟਿਡ ਵਰਲਡ ਰੈਸਲਿੰਗ (ਯੂ ਡਬਲਿਊ ਡਬਲਿਊ) ਨੇ ਫੈਡਰੇਸ਼ਨ ਦੀ ਮੁਅੱਤਲੀ ਰੱਦ ਕਰ ਦਿੱਤੀ ਤੇ ਕਿਹਾ ਕਿ ਉਹ ਫੈਡਰੇਸ਼ਨ ਨੂੰ ਹੀ ਸਹੀ ਨੁਮਾਇੰਦਾ ਮੰਨਦੀ ਹੈ। ਇਸ ਨਾਲ ਭਾਰਤੀ ਭਲਵਾਨਾਂ ਨੂੰ ਕੌਮੀ ਝੰਡੇ ਹੇਠ ਕੌਮਾਂਤਰੀ ਮੁਕਾਬਲੇ ਲੜਨ ਦੀ ਖੁੱਲ੍ਹ ਮਿਲ ਗਈ। ਇਸ ਦਾ ਨਤੀਜਾ ਇਹ ਨਿਕਲਿਆ ਕਿ ਫੈਡਰੇਸ਼ਨ ਨੂੰ ਐਡਹਾਕ ਕਮੇਟੀ ਦੇ ਬਰਾਬਰ ਟੀਮ ਚੁਣਨ ਦਾ ਹੱਕ ਮਿਲ ਗਿਆ। ਫਿਰ ਭਾਰਤੀ ਉਲੰਪਿਕ ਐਸੋਸੀਏਸ਼ਨ ਦੀ ਪ੍ਰਧਾਨ ਪੀ ਟੀ ਊਸ਼ਾ ਨੇ ਅਪ੍ਰੈਲ ਵਿਚ ਦਿੱਲੀ ਹਾਈ ਕੋਰਟ ਵਿਚ ਲਿਖ ਕੇ ਦਿੱਤਾ ਕਿ ਯੂ ਡਬਲਿਊ ਡਬਲਿਊ ਨੇ ਫੈਡਰੇਸ਼ਨ ਨੂੰ ਮਾਨਤਾ ਦੇ ਦਿੱਤੀ ਹੈ, ਇਸ ਕਰਕੇ ਐਡਹਾਕ ਕਮੇਟੀ ਦੀ ਲੋੜ ਨਹੀਂ ਰਹੀ। ਦੂਜੇ ਪਾਸੇ ਕੇਂਦਰੀ ਖੇਡ ਮੰਤਰਾਲੇ ਦੇ ਡਾਇਰੈਕਟਰ ਅਨੰਤ ਕੁਮਾਰ ਨੇ ਦਿੱਲੀ ਹਾਈ ਕੋਰਟ ਵਿਚ ਲਿਖ ਕੇ ਦਿੱਤਾ ਕਿ ਸਰਕਾਰ ਦਾ ਫੈਡਰੇਸ਼ਨ ਨੂੰ ਮੁਅੱਤਲ ਕਰਨ ਦਾ ਫੈਸਲਾ ਕਾਇਮ ਹੈ। ਉਹ ਉਸ ਨੂੰ ਮਾਨਤਾ ਨਹੀਂ ਦਿੰਦੀ ਤੇ ਉਸ ਦੀ ਕਿਸੇ ਵੀ ਸਰਗਰਮੀ ਦੀ ਹਮਾਇਤ ਨਹੀਂ ਕਰਦੀ।
ਸੰਨਿਆਸ ਦਾ ਐਲਾਨ
ਪੈਰਿਸ : ਵਿਨੇਸ਼ ਫੋਗਾਟ ਨੇ ਉਲੰਪਿਕ ਤੋਂ ਅਯੋਗ ਕਰਾਰ ਦਿੱਤੇ ਜਾਣ ਮਗਰੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਵਿਨੇਸ਼ ਨੇ ਕਿਹਾ ਕਿ ਉਸ ਵਿੱਚ ਹੁਣ ਹੋਰ ਤਾਕਤ ਨਹੀਂ ਬਚੀ ਹੈ। ਵਿਨੇਸ਼ ਨੂੰ ਲੰਘੇ ਦਿਨ 50 ਕਿਲੋਗ੍ਰਾਮ ਭਾਰ ਵਰਗ ਦੇ ਸੋਨ ਤਮਗੇ ਦੇ ਮੁਕਾਬਲੇ ਤੋਂ ਪਹਿਲਾਂ 100 ਗ੍ਰਾਮ ਵੱਧ ਭਾਰ ਹੋਣ ਕਾਰਨ ਅਯੋਗ ਕਰਾਰ ਦਿੱਤਾ ਗਿਆ ਸੀ। ਵਿਨੇਸ਼ ਨੇ ਮਾਂ ਪ੍ਰੇਮਲਤਾ ਨੂੰ ਮੁਖਾਤਬ ਹੁੰਦਿਆਂ ਐਕਸ ’ਤੇ ਇਕ ਪੋਸਟ ਵਿਚ ਲਿਖਿਆ-ਮਾਂ, ਕੁਸ਼ਤੀ ਜਿੱਤ ਗਈ, ਮੈਂ ਹਾਰ ਗਈ। ਕਿਰਪਾ ਕਰਕੇ ਮੈਨੂੰ ਮਾਫ ਕਰ ਦਿਓ, ਤੁਹਾਡੇ ਸੁਪਨੇ ਅਤੇ ਮੇਰੀ ਹਿੰਮਤ, ਸਭ ਕੁਝ ਟੁੱਟ ਗਿਆ ਹੈ। ਮੇਰੇ ਕੋਲ ਹੁਣ ਹੋਰ ਤਾਕਤ ਨਹੀਂ ਹੈ। ਅਲਵਿਦਾ ਕੁਸ਼ਤੀ 2001-2024। ਮੈਂ ਆਪ ਸਭ ਦੀ ਰਿਣੀ ਰਹਾਂਗੀ। ਮੈਨੂੰ ਮਾਫ ਕਰ ਦਿਓ।

LEAVE A REPLY

Please enter your comment!
Please enter your name here