ਜਲੰਧਰ (ਸ਼ੈਲੀ ਐਲਬਰਟ)
ਭਾਰਤ ਦੇ ਸਿਰਮੌਰ ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ 15 ਸਾਲ ਤੋਂ ਪਿ੍ਰੰਸੀਪਲ ਡਾ. ਜਗਰੂਪ ਸਿੰਘ ਨੇ ਸੰਸਥਾ ਨੂੰ ਬਚਾਉਣ ਲਈ ਪੰਜਾਬ ਸਰਕਾਰ ਨੂੰ ਜਜ਼ਬਾਤੀ ਅਪੀਲ ਕੀਤੀ ਹੈ।
ਉਨ੍ਹਾ ਕਿਹਾ ਕਿ ਇਹ ਸਰਕਾਰੀ ਸਹਾਇਤਾ ਪ੍ਰਾਪਤ ਬਹੁ-ਤਕਨੀਕੀ ਕਾਲਜ ਡੀ ਏ ਵੀ ਮੈਨੇਜਮੈਂਟ ਕਮੇਟੀ ਦੀ ਦੇਖ-ਰੇਖ ਹੇਠਾਂ 1954 ਤੋਂ ਚੱਲ ਰਿਹਾ ਹੈ, ਜਿਸ ਨੂੰ ਸਰਕਾਰ ਵੱਲੋਂ 95 ਫੀਸਦੀ ਗ੍ਰਾਂਟ ਦਿੱਤੀ ਜਾਂਦੀ ਹੈ।ਇਸ ਤਰ੍ਹਾਂ ਦੀ ਸਹਾਇਤਾ ਪ੍ਰਾਪਤ ਬਹੁ-ਤਕਨੀਕੀ ਕਾਲਜ ਪੰਜਾਬ ਵਿਚ ਚਾਰ ਹੀ ਹਨ। ਬਾਕੀ ਤਿੰਨ ਹਨਥਾਪਰ ਪੋਲੀਟੈਕਨਿਕ, ਪਟਿਆਲਾ, ਰਾਮਗੜ੍ਹੀਆ ਪੋਲੀਟੈਕਨਿਕ ਫਗਵਾੜਾ ਅਤੇ ਗੁਰੂ ਨਾਨਕ ਦੇਵ ਪੋਲੀਟੈਕਨਿਕ ਲੁਧਿਆਣਾ । ਇਹ ਚਾਰੇ ਹੀ ਪੰਜਾਬ ਦੇ ਸਭ ਤੋਂ ਪੁਰਾਣੇ ਅਤੇ ਮੁੱਢਲੇ ਕਾਲਜ ਹਨ, ਜਿਨ੍ਹਾਂ ਅਕਾਦਮਿਕ, ਸੱਭਿਆਚਾਰਕ, ਸਪੋਰਟਸ, ਪਲੇਸਮੈਂਟ ਅਤੇ ਰਿਸਰਚ ਵਿਚ ਆਪਣਾ ਲੋਹਾ ਮਨਵਾਇਆ ਹੈ। ਇਹ ਚਾਰੇ ਤਕਨੀਕੀ ਸਿੱਖਿਆ ਦੇ ਥੰਮ੍ਹ ਹਨ, ਜਿਹੜੇ ਤਕਨੀਕੀ ਸਿੱਖਿਆ ਦੇ ਆਕਾਸ਼ ’ਤੇ ਉਦੋਂ ਤੋਂ ਜਗਮਗਾ ਰਹੇ ਹਨ, ਜਦੋਂ ਪੰਜਾਬ ’ਚ ਸਰਕਾਰੀ ਜਾਂ ਪ੍ਰਾਈਵੇਟ ਖੇਤਰ ਵਿੱਚ ਕੋਈ ਵੀ ਤਕਨੀਕੀ ਕਾਲਜ ਨਹੀਂ ਸੀ। ਦਾਖਲਾ ਲੈਣ ਲਈ ਵਿਦਿਆਰਥੀ ਸਭ ਤੋਂ ਪਹਿਲਾਂ ਇਨ੍ਹਾਂ ਦਾ ਹੀ ਰੱਖ ਕਰਦੇੇ ਹਨ, ਪਰ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੀਆਂ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਨੇ ਇਨ੍ਹਾਂ ਤੋਂ ਮੂੰਹ ਮੋੜ ਲਿਆ ਹੈ। ਨਾ ਤਾਂ ਨਵੇਂ ਪੇ ਕਮਿਸ਼ਨ ਦੀਆਂ ਸਿਫਾਰਸ਼ਸ਼ ਲਾਗੂ ਕੀਤੀਆਂ ਹਨ, ਨਾ ਹੀ ਨਵੀਂਆਂ ਪੋਸਟਾਂ ਭਰਨ ਦੀ ਮਨਜ਼ੂਰੀ ਦਿੱਤੀ ਜਾ ਰਹੀ ਹੈ। 2008 ਤੋਂ ਬਾਅਦ ਕਿਸੇ ਸਰਕਾਰ ਨੇ ਕੋਈ ਵੀ ਪੋਸਟ ਭਰਨ ਦੀ ਮਨਜ਼ੂਰੀ ਨਹੀਂ ਦਿੱਤੀ। ਕਿੰਨੇ ਹੀ ਸਟਾਫ਼ ਮੈਂਬਰ ਰਿਟਾਇਰ ਹੋ ਗਏ, ਕਿੰਨੇ ਹੀ ਅੱਲ੍ਹਾ ਨੂੰ ਪਿਆਰੇ ਹੋ ਗਏ, ਪਰ ਬਦਲਵੇਂ ਪ੍ਰਬੰਧ ਕਰਨ ਲਈ ਕੋਈ ਮਨਜ਼ੂਰੀ ਨਹੀਂ ਮਿਲੀ। ਇਹ ਚਾਰੇ ਹੀ ਆਪਣੇ ਖਰਚੇ ’ਤੇ ਦਾਲ-ਦਲੀਆ ਕਰਕੇ ਚਲਾ ਰਹੇ ਹਨ, ਪਰ ਕੁਆਲਿਟੀ ਡਿੱਗਣ ਨਹੀਂ ਦਿੱਤੀ। ਹੁਣ 70-80 ਸਟਾਫ ਹੀ ਇਨ੍ਹਾਂ ਚੌਹਾਂ ਬਹੁ-ਤਕਨੀਕੀ ਕਾਲਜਾਂ ਵਿੱਚ ਰੈਗੂਲਰ ਰਹਿ ਗਿਆ ਹੈ। ਬਜਟ ਵੀ ਕੋਈ ਬਹੁਤਾ ਨਹੀਂ, ਕਰੋੜਾਂ ਰੁਪਏ ਖਰਚੇ ਗਏ, ਨਵੇਂ ਪੋਲੀਟੈਕਨਿਕ ਖੋਲ੍ਹੇ ਗਏ, ਪਰ ਪੰਜਾਬ ਨੇ ਆਪਣੇ ਮਿਆਰੀ ਚਾਰ ਪੋਲੀਟੈਕਨਿਕ ਸੰਭਾਲਣ ਦੀ ਕੋਸ਼ਿਸ਼ ਨਹੀਂ ਕੀਤੀ, ਸਗੋਂ ਵੱਖ- ਵੱਖ ਪਾਬੰਦੀਆਂ ਤੇ ਸ਼ਰਤਾਂ ਲਗਾ ਕੇ ਇਨ੍ਹਾਂ ਨੂੰ ਕੀੜੀ ਵਰਗੀ ਚਾਲ ਤੁਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਸਟਾਫ ਨੂੰ ਡੀ ਏ ਸੀ ਪੀ ਨਹੀ, ਕੋਈ ਪੈਨਸ਼ਨ ਨਹੀਂ। ਸਿਰਫ ਤੇ ਸਿਰਫ 94 ਅਡਹਾਕ (ਕੰਟਰੈਕਟ) ਪੋਸਟਾਂ ਚਾਰ ਕਾਲਜਾਂ ਨੂੰ ਸਾਲਾਨਾ ਦਿੱਤੀਆਂ ਜਾ ਰਹੀਆਂ ਹਨ।ਕੁਝ ਸਾਲਾਂ ਵਿੱਚ ਪੋਸਟਾਂ ਭਰਨ ਦੀ ਮਨਜ਼ੂਰੀ ਨਹੀਂ ਮਿਲਦੀ ਤਾਂ ਸਿਰਫ ਐਡਹਾਕ ਫੈਕਲਟੀ ਰਹਿ ਜਾਵੇਗੀ ਤੇ ਕੋਈ ਵੀ ਰੈਗੂਲਰ ਸਟਾਫ ਨਹੀਂ ਰਹੇਗਾ। ਤਕਨੀਕੀ ਸਿੱਖਿਆ ਦੇ ਇਤਿਹਾਸ ਦੀ ਇਹ ਅਨਮੋਲ ਵਿਰਾਸਤ ਤਬਾਹ ਹੋ ਜਾਵੇਗੀ।ਇਕੱਲੇ ਮੇਹਰਚੰਦ ਪੋਲੀਟੈਕਨਿਕ ਨੇ ਇਨ੍ਹਾਂ ਸੱਤਰ ਸਾਲਾਂ ਵਿੱਚ 36000 ਤੋਂ ਵੱਧ ਇੰਜੀਨੀਅਰ ਪੈਦਾ ਕੀਤੇ, ਜੋ ਚੀਫ ਇੰਜੀਨੀਅਰ ਤੇ ਐੱਸ ਈ ਤੱਕ ਬਣ ਕੇ ਰਿਟਾਇਰ ਹੋਏ ਤੇ ਕਈ ਅਜੇ ਵੀ ਸੇਵਾਵਾਂ ਦੇ ਰਹੇ ਹਨ। ਜੇ ਚਾਰ ਕਾਲਜਾਂ ਨੂੰ ਮਿਲਾ ਲਈਏ ਤਾਂ ਲੱਖ ਤੋਂ ਵੀ ਵੱਧ ਇੰਜੀਨੀਅਰਾਂ ਦੀ ਗਿਣਤੀ ਬਣਦੀ ਹੈ, ਜੋ ਇਹਨਾਂ ਵਿਚੋਂ ਪੜ੍ਹ ਕੇ ਪੰਜਾਬ ਅਤੇ ਹਿੰਦੁਸਤਾਨ ਦੇ ਸਰਬਪੱਖੀ ਵਿਕਾਸ ’ਚ ਯੋਗਦਾਨ ਪਾ ਰਹੇ ਹਨ।
ਪਿ੍ਰੰਸੀਪਲ ਜਗਰੂਪ ਸਿੰਘ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਮੁਖਾਤਬ ਹੁੁੰਦਿਆਂ ਕਿਹਾ ਕਿ ਇਸ ਸਾਲ ਮੇਹਰਚੰਦ ਪੋਲੀਟੈਕਨਿਕ ਕਾਲਜ ਪਲੈਟੀਨਮ ਜੁਬਲੀ ਮਨਾ ਰਿਹਾ ਹੈ, ਜਿਸ ਦੇ ਉਦਘਾਟਨ ਲਈ ਕਾਲਜ ਮੱੁਖ ਮੰਤਰੀ ਭਗਵੰਤ ਮਾਨ ਨੂੰ ਬੁਲਾਉਣਾ ਚਾਹੁੰਦਾ ਹੈ।ਗੁਜ਼ਾਰਿਸ਼ ਹੈ ਕਿ ਇਨ੍ਹਾਂ ਚਾਰ ਸੁਨਹਿਰੀ ਖਾਨਾਂ ਦੀ ਸਾਰ ਲਓ। ਇਨ੍ਹਾਂ ’ਚ ਖਾਲੀ ਪਈਆਂ ਪੋਸਟਾਂ ਭਰਨ ਦੀ ਮਨਜ਼ੂਰੀ ਦਿਓ। ਪੇ ਕਮਿਸ਼ਨ ਲਾਗੂ ਕਰੋ, ਪਲੈਟੀਨਮ ਜੁਬਲੀ ’ਤੇ ਇਸ ਤੋਂ ਵਧੀਆ ਗਿਫਟ ਨਹੀਂ ਹੋ ਸਕਦਾ। ਜੇ ਇਹ ਚਾਰੇ ਪੋਲੀਟੈਕਨਿਕ ਆਉਣ ਵਾਲੇ ਸਮੇਂ ਵਿੱਚ ਇਤਿਹਾਸ ਦੇ ਪੰਨਿਆਂ ’ਚ ਦਫ਼ਨ ਹੋ ਗਏ ਤਾਂ ਆਉਣ ਵਾਲੀ ਪੀੜ੍ਹੀ ਸਵਾਲ ਪੁੱਛੇਗੀ।





