ਚੰਡੀਗੜ੍ਹ : ਖੱਬੀਆਂ ਪਾਰਟੀਆਂ ਨੇ ਵਧ ਰਹੀ ਮਹਿੰਗਾਈ ਅਤੇ ਬੇਰੁਜ਼ਗਾਰੀ ਵਿਰੁੱਧ ਦੇਸ਼-ਵਿਆਪੀ ਪੱਧਰ ‘ਤੇ 25 ਮਈ ਤੋਂ 31 ਮਈ ਤੱਕ ਰੋਸ ਹਫਤਾ ਮਨਾਉਣ ਦਾ ਸੱਦਾ ਦਿੱਤਾ ਹੈ | ਬੰਤ ਸਿੰਘ ਬਰਾੜ ਸੂਬਾ ਸਕੱਤਰ ਪੰਜਾਬ ਸੀ ਪੀ ਆਈ, ਸੁਖਵਿੰਦਰ ਸਿੰਘ ਸੇਖੋਂ ਸੂਬਾ ਸਕੱਤਰ ਪੰਜਾਬ ਸੀ ਪੀ ਆਈ (ਐੱਮ) ਅਤੇ ਰਾਜਵਿੰਦਰ ਰਾਣਾ ਸੂਬਾ ਸਕੱਤਰ ਅਤੇ ਗੁਰਮੀਤ ਸਿੰਘ ਬਖਤੂਪੁਰਾ ਕੇਂਦਰੀ ਕਮੇਟੀ ਮੈਂਬਰ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਨੇ ਪੰਜਾਬ ਵਿਚ ਆਪਣੀਆਂ ਇਕਾਈਆਂ ਨੂੰ ਸੱਦਾ ਦਿੱਤਾ ਕਿ ਕੌਮੀ ਪੱਧਰ ਉਤੇ ਦਿੱਤੇ ਗਏ ਸੱਦੇ ਨੂੰ ਪੂਰੇ ਜ਼ੋਰ ਨਾਲ ਸਾਂਝੀ ਤਿਆਰੀ ਕਰਕੇ ਅਮਲ ਵਿਚ ਲਿਆਂਦਾ ਜਾਵੇ ਅਤੇ ਮਹਿੰਗਾਈ ਅਤੇ ਬੇਜ਼ਗਾਰੀ ਹੇਠ ਪਿਸ ਰਹੇ ਲੋਕਾਂ ਦੀ ਆਵਾਜ਼ ਚੁੱਕੀ ਜਾਵੇ | ਉਹਨਾਂ ਕਿਹਾ ਕਿ ਪਿਛਲੇ ਸਾਲਾਂ ਵਿਚ ਪੈਟਰੋਲ, ਡੀਜ਼ਲ ਦੀਆਂ ਕੀਮਤਾਂ 70 ਫੀਸਦੀ ਵਧੀਆਂ ਹਨ, ਹੁਣ ਕੇਂਦਰ ਦੀ ਭਾਜਪਾ ਸਰਕਾਰ ਨੇ ਕੀਮਤਾਂ ਵਿਚ ਮਾਮੂਲੀ ਕਟੌਤੀ ਕਰਕੇ ਊਠ ਤੋਂ ਛਾਨਣੀ ਲਾਹੁਣ ਵਾਲਾ ਕੰਮ ਕੀਤਾ ਹੈ | ਸਬਜ਼ੀਆਂ ਦੀਆਂ ਕੀਮਤਾਂ 20 ਫੀਸਦੀ, ਰਸੋਈ ਵਾਲੀ ਗੈਸ 23 ਫੀਸਦੀ ਵਧ ਗਈਆਂ ਹਨ | ਖੱਬੀਆਂ ਪਾਰਟੀਆਂ ਨੇ ਮੰਗ ਕੀਤੀ ਕਿ ਪੈਟਰੋਲ ਅਤੇ ਡੀਜ਼ਲ ਉਤੇ ਲੱਗੇ ਸਭ ਸਰਚਾਰਜ ਅਤੇ ਸੈੱਸ ਵਾਪਸ ਲਏ ਜਾਣ | ਪੰਜਾਬ ਦੀ ਮਾਨ ਸਰਕਾਰ ਵੀ ਟੈਕਸ ਘਟਾ ਕੇ ਇਹਨਾਂ ਕੀਮਤਾਂ ਨੂੰ ਸਾਧਾਰਨ ਆਦਮੀ ਦੀ ਪਹੁੰਚ ਵਿਚ ਲਿਆਉਣ ਲਈ ਮਦਦ ਕਰੇ | ਸਾਰੀਆਂ ਵਸਤਾਂ ਦੀ ਵੰਡ ਸਰਵਜਨਕ ਵੰਡ ਪ੍ਰਣਾਲੀ ਰਾਹੀਂ ਕਰਕੇ ਇਸ ਪ੍ਰਣਾਲੀ ਨੂੰ ਤਕੜਾ ਕੀਤਾ ਜਾਵੇ | ਆਮਦਨ ਕਰ ਭਰਨ ਤੋਂ ਹੇਠਾਂ ਵਾਲੇ ਪਰਵਾਰਾਂ ਨੂੰ ਪ੍ਰਤੀ ਮਹੀਨਾ 7500 ਪਏ ਨਕਦ ਦਿਤੇ ਜਾਣ | ਨਰੇਗਾ ਲਈ ਵਧੇਰੇ ਰਕਮਾਂ ਰੱਖੀਆਂ ਜਾਣ | ਬੇਰੁਜ਼ਗਾਰੀ ਭੱਤਾ ਦੇਣ ਲਈ ਕੇਂਦਰੀ ਕਾਨੂੰਨ ਬਣਾਇਆ ਜਾਵੇ | ਖਾਲੀ ਆਸਾਮੀਆਂ ਭਰੀਆਂ ਜਾਣ | ਪੰਜਾਬ ਦੀ ਆਪ ਸਰਕਾਰ ਲੱਲਾ-ਪੱਪਾ ਕਰਨ ਦੀ ਥਾਂ ਸੰਜੀਦਗੀ ਨਾਲ ਕੀਤੇ ਵਾਅਦੇ ਤੁਰਨ ਦੇ ਰਸਤੇ ਚੱਲੇ ਅਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰੇ | ਕਮਿਊਨਿਸਟ ਆਗੂਆਂ ਨੇ ਆਪਣੀਆਂ ਜ਼ਿਲ੍ਹਾ ਇਕਾਈਆਂ ਨੂੰ ਹਦਾਇਤ ਕੀਤੀ ਕਿ ਤੁਰੰਤ ਸਾਂਝੀਆਂ ਮੀਟਿੰਗਾਂ ਕਰਕੇ ਵਧ ਰਹੀ ਮਹਿੰਗਾਈ ਵਿਰੁੱਧ ਸਾਂਝੀ ਤਿਆਰੀ ਨਾਲ ਮੁਹਿੰਮ ਚਲਾਈ ਜਾਵੇ |