ਯੋਗ ਕਾਰਵਾਈ ਨਾ ਹੋਣ ’ਤੇ ਪ੍ਰੋਜੈਕਟ ਰੱਦ ਕਰਨ ਦੀ ਚੇਤਾਵਨੀ
ਨਵੀਂ ਦਿੱਲੀ : ਰੋਡ ਟਰਾਂਸਪੋਰਟ ਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖ ਕੇ ਜਲੰਧਰ ਤੇ ਲੁਧਿਆਣਾ ਜ਼ਿਲ੍ਹਿਆਂ ਵਿਚ ਹਾਲ ਹੀ ’ਚ ਨੈਸ਼ਨਲ ਹਾਈਵੇਜ਼ ਅਥਾਰਟੀ ਆਫ ਇੰਡੀਆ ਨਾਲ ਜੁੜੇ ਇੰਜੀਨੀਅਰਾਂ ਤੇ ਠੇਕੇਦਾਰਾਂ ’ਤੇ ਹੋਏ ਹਮਲਿਆਂ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਈ ਹੈ। ਉਨ੍ਹਾ ਕਿਹਾ ਕਿ ਉਨ੍ਹਾ ਨੂੰ ਦਿੱਲੀ-ਕਟੜਾ ਐਕਸਪ੍ਰੈੱਸਵੇ ਦੇ ਪ੍ਰੋਜੈਕਟਾਂ ’ਤੇ ਕੰਮ ਕਰਨ ਵਾਲਿਆਂ ’ਤੇ ਦੋ ਹਮਲਿਆਂ ਬਾਰੇ ਦੱਸਿਆ ਗਿਆ ਹੈ। ਜਲੰਧਰ ਜ਼ਿਲ੍ਹੇ ਵਿਚ ਠੇਕੇਦਾਰ ਦੇ ਇੰਜੀਨੀਅਰ ’ਤੇ ਮਾਰੂ ਹਮਲਾ ਕੀਤਾ ਗਿਆ। ਲੁਧਿਆਣਾ ਜ਼ਿਲ੍ਹੇ ਵਿਚ ਠੇਕੇਦਾਰ ਦੇ ਪ੍ਰੋਜੈਕਟ ਕੈਂਪ ’ਤੇ ਸ਼ਰਾਰਤੀਆਂ ਨੇ ਹਮਲਾ ਕੀਤਾ ਅਤੇ ਇੰਜੀਨੀਅਰਾਂ ਨੂੰ ਪ੍ਰੋਜੈਕਟ ਕੈਂਪ ਤੇ ਸਟਾਫ ਨੂੰ ਜਿਊਂਦੇ ਸਾੜ ਦੇਣ ਦੀ ਧਮਕੀ ਦਿੱਤੀ।
ਗਡਕਰੀ ਨੇ ਪੰਜਾਬ ਸਰਕਾਰ ’ਤੇ ਜ਼ੋਰ ਦਿੱਤਾ ਹੈ ਕਿ ਉਹ ਹਮਲਿਆਂ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਐੱਫ ਆਈ ਆਰ ਦਰਜ ਕਰਨ ਸਮੇਤ ਹੋਰ ਜ਼ਰੂਰੀ ਕਦਮ ਫੌਰੀ ਚੁੱਕੇ। ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਤੇ ਹੋਰਨਾਂ ਵਿਚ ਵਿਸ਼ਵਾਸ ਬਹਾਲ ਕਰਨ ਲਈ ਅਜਿਹੇ ਕਦਮ ਚੁੱਕਣੇ ਜ਼ਰੂਰੀ ਹਨ। ਗਡਕਰੀ ਨੇ ਚੇਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਜ਼ਮੀਨ ਐਕੁਆਇਰ ਕਰਨ ਦੇ ਰਹਿੰਦੇ ਮੁੱਦਿਆਂ ਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਠੇਕੇਦਾਰਾਂ ਨੇ ਕੰਮ ਬੰਦ ਕਰਨ ਤੇ ਨੈਸ਼ਨਲ ਹਾਈਵੇ ਅਥਾਰਟੀ ਖਿਲਾਫ ਪੈਸਿਆਂ ਦੇ ਦਾਅਵੇ ਕਰਨ ਦੀ ਗੱਲ ਕਹੀ ਹੈ। ਜੇ ਸਥਿਤੀ ਨਾ ਸੁਧਰੀ ਤਾਂ ਅਥਾਰਟੀ ਨੂੰ 14288 ਕਰੋੜ ਦੇ 293 ਕਿਲੋਮੀਟਰ ਦੀ ਲੰਬਾਈ ਵਿਚ ਪੈਂਦੇ 8 ਹੋਰ ਬੁਰੀ ਤਰ੍ਹਾਂ ਪ੍ਰਭਾਵਤ ਪੋ੍ਰਜੈਕਟ ਰੱਦ ਕਰਨੇ ਪੈ ਸਕਦੇ ਹਨ।
ਇਸੇ ਦੌਰਾਨ ਪੰਜਾਬ ਪੁਲਸ ਦੇ ਆਈ ਜੀ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਸਥਿਤੀ ਕੰਟਰੋਲ ਵਿਚ ਹੈ ਅਤੇ ਮੁੱਖ ਮੰਤਰੀ ਕਰੀਬੀ ਨਜ਼ਰ ਰੱਖ ਰਹੇ ਹਨ। ਗਿੱਲ ਨੇ ਕਿਹਾ ਕਿ ਘਟਨਾਵਾਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਸਿੱਟ) ਬਣਾਈ ਗਈ ਹੈ ਤੇ ਐੱਫ ਆਈ ਆਰ ਪਹਿਲਾਂ ਹੀ ਦਰਜ ਕੀਤੀਆਂ ਜਾ ਚੁੱਕੀਆਂ ਹਨ। ਅਥਾਰਟੀ ਨੂੰ ਲੋੜੀਂਦੀ ਸੁਰੱਖਿਆ ਲਈ ਵੀ ਵਿਚਾਰ ਕਰਾਂਗੇ।



