ਤਲਵੰਡੀ ਸਾਬੋ (ਜਗਦੀਪ ਗਿੱਲ)
ਸਾਧ ਕੋਲੋਂ ਮੁੰਡਾ ਲੈਣ ਗਈ ਇੱਕ ਬੇਔਲਾਦ ਬੀਬੀ ਦੀ ਸੋਸ਼ਲ ਮੀਡੀਆ ਉਪਰ ਵਾਇਰਲ ਹੋ ਰਹੀ ਵੀਡੀਓ ਨੇ ਨਾ ਸਿਰਫ ਸਾਡੇ ਪੂਰੇ ਸੱਭਿਆ ਸਮਾਜ ਨੂੰ ਉਗਲਾਂ ਟੁਕਣ ਲਾ ਦਿੱਤਾ ਹੈ, ਸਗੋਂ ਸਰਕਾਰ ਨੂੰ ਵੀ ਵੱਡੇ ਸਵਾਲਾਂ ਦੇ ਘੇਰੇ ਵਿੱਚ ਲਿਆ ਖੜ੍ਹਾ ਕਰ ਦਿੱਤਾ ਹੈ।
ਸੋਸ਼ਲ ਮੀਡੀਆ ਉੱਪਰ ਚੱਲ ਰਹੀ ਚਰਚਾ ਅਨੁਸਾਰ ਪੰਜਾਬ ਦੇ ਇੱਕ ਪਿੰਡ ਦੀ ਉਕਤ ਬੀਬੀ ਪਿਛਲੇ ਦਿਨੀ ਪੁੱਤਰ ਦੀ ਭੁੱਖ ਦੇ ਚਲਦਿਆਂ ਸਿਆਣੇ ਸਮਝੇ ਜਾਂਦੇ ਇੱਕ ਸਾਧ ਦੇ ਡੇਰੇ ਉੱਪਰ ਗਈ ਸੀ। ਉਹ ਉਸ ਵੇਲੇ ਉਕਤ ਬੂਬਨੇ ਦੀ ਹਵਸ ਦਾ ਸ਼ਿਕਾਰ ਹੋ ਗਈ, ਜਦੋਂ ਚਲਾਕ ਕਿਸਮ ਦਾ ਉਹ ਸਾਧ ਉਸ ਨੂੰ ਘਰ ਤੋਂ ਦੂਰ ਇਸ਼ਨਾਨ ਕਰਵਾਉਣ ਦਾ ਅਧਿਆਤਮੀ ਟਰਪੱਲ ਮਾਰ ਕੇ ਖੇਤਾਂ ਵਿਚਲੀ ਇੱਕ ਮੋਟਰ ਉੱਪਰ ਲੈ ਗਿਆ।
ਅਸੀਂ ਉਕਤ ਵੀਡੀਓ ਦੀ ਅਸਲੀਅਤ ਦੀ ਖੁਦ ਪੁਸ਼ਟੀ ਨਹੀਂ ਕਰਦੇ, ਫਿਰ ਵੀ ਇਹ ਇੱਕ ਵੱਡੀ ਜਾਂਚ ਦਾ ਵਿਸ਼ਾ ਹੈ ਕਿ ਇੱਕ ਅਬਲਾ ਔਰਤ ਦੀ ਇੱਜ਼ਤ ਨੂੰ ਕਥਿਤ ਦੁਆਨੀ ਦੇ ਇੱਕ ਔਲੀਏ ਨੇ ਇਹ ਕਹਿੰਦਿਆਂ ਤਾਰ-ਤਾਰ ਕਰਕੇ ਰੱਖ ਦਿੱਤਾ ਕਿ ਉਹ ਰਿਧੀਆਂ-ਸਿਧੀਆਂ ਦਾ ਮਾਲਕ ਹੋਣ ਦੇ ਚਲਦਿਆਂ ਬੱਚਿਆਂ ਵਰਗੀਆਂ ਮਿੱਠੀਆਂ ਮੁਰਾਦਾਂ ਦੇਣ ਦੇ ਸਮਰੱਥ ਹੈ।
ਲੰਮੇ ਸਮੇਂ ਤੋਂ ਤਰਕਸ਼ੀਲ ਸੁਸਾਇਟੀ ਪੰਜਾਬ ਅਤੇ ਉਸ ਵਰਗੀਆਂ ਕਈ ਹੋਰ ਜਨਤਕ ਜਥੇਬੰਦੀਆਂ ਅੰਧ-ਵਿਸ਼ਵਾਸਾਂ ਦੀ ਆੜ ਵਿੱਚ ਕੁਕਰਮ ਕਮਾ ਰਹੇ ਲੋਕਾਂ ਵਿਰੁੱਧ ਕੋਈ ਅਸਰਦਾਰ ਕਾਨੂੰਨ ਬਣਵਾਉਣ ਲਈ ਸਰਕਾਰਾਂ ਦਾ ਪਿੱਟ-ਸਿਆਪਾ ਕਰਦੀਆਂ ਆ ਰਹੀਆਂ ਹਨ, ਪਰ ਕਿਸੇ ਦੇ ਕੰਨ ’ਤੇ ਜੂੰ ਸਰਕੀ ਨਜ਼ਰੀਂ ਨਹੀਂ ਪੈ ਰਹੀ।
ਹੋਰ ਤਾਂ ਹੋਰ ਸਰਕਾਰੀ ਪੱਖ ਤੇ ਵਿਰੋਧੀ ਖੇਮੇ ਵਿੱਚ ਵਿਚਰਦੀਆਂ ਪੰਜਾਬ ਦੀਆਂ ਤਮਾਮ ਤ੍ਰੀਮਤਾਂ ਵਿੱਚੋਂ ਵੀ ਅੰਧ-ਵਿਸ਼ਵਾਸਾਂ ਵਿਰੁੱਧ ਆਵਾਜ਼ ਉਠਾਉਣ ਜਾਂ ਅਸੰਬਲੀ ਵਿੱਚ ਕਾਨੂੰਨ ਬਣਵਾ ਕੇ ਔਰਤਾਂ ਦੇ ਹਿੱਤਾਂ ਦੀ ਰਾਖੀ ਕਰਦੀ ਕੋਈ ਔਰਤ ਹਾਲੇ ਤੱਕ ਨਜ਼ਰੀਂ ਨਹੀਂ ਪੈ ਰਹੀ।




