ਤਰਨ ਤਾਰਨ (ਨ ਜ਼ ਸ)
ਸੀ. ਪੀ. ਆਈ. ਤਰਨਤਾਰਨ ਜ਼ਿਲ੍ਹੇ ਦੀ ਕੌਂਸਲ ਮੀਟਿੰਗ ਸੁਖਚੈਨ ਸਿੰਘ ਦੀ ਪ੍ਰਧਾਨਗੀ ਹੇਠ ਬਾਬਾ ਅਰਜਨ ਸਿੰਘ ਗੜਗੱਜ ਭਵਨ ਬਾਠ ਰੋਡ ਤਰਨਤਾਰਨ ਵਿਖੇ ਹੋਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ. ਪੀ. ਆਈ. ਦੇ ਕੌਮੀ ਕੌਂਸਲ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਪੰਜਾਬ ਦੀ ਕਮਿਊਨਿਸਟ ਪਾਰਟੀ ਵੱਲੋਂ ਜਵਾਨੀ ਦੇ ਰੁਜ਼ਗਾਰ, 10 +2 ਤੱਕ ਮੁਫ਼ਤ ਵਿੱਦਿਆ, ਮੁਫ਼ਤ ਸਿਹਤ ਸਹੂਲਤ ਅਤੇ ਲੋਕਾਂ ਨੂੰ ਮੁਫਤ ਘਰ ਬਣਾ ਕੇ ਦੇਣ ਦੇ ਮੁੱਖ ਮਸਲਿਆਂ ਤੋਂ ਇਲਾਵਾ ਚੰਡੀਗੜ੍ਹ ਪੰਜਾਬ ਨੂੰ ਦੇਣ, ਚੰਡੀਗੜ੍ਹ ’ਚੋਂ ਪੰਜਾਬ ਦੇ ਮੁਲਾਜ਼ਮਾਂ ਦੇ ਹੱਕ ਖੋਹਣੇ, ਪੰਜਾਬੀ ਬੋਲੀ ਨੂੰ ਚੰਡੀਗੜ੍ਹ ’ਚ ਪਹਿਲ ਦੇਣੀ, ਭਾਖੜਾ ਪ੍ਰੋਜੈਕਟ ’ਚੋਂ ਪੰਜਾਬ ਦੇ ਮੁਲਾਜ਼ਮਾਂ ਨੂੰ ਪਿੱਛੇ ਕਰਨਾ, ਪੰਜਾਬ ਨੂੰ ਪਾਣੀ ਦੇਣ ਵਰਗੇ ਅਹਿਮ ਮੁੱਦਿਆਂ ਨੂੰ ਲੈ ਕੇ ਲੋਕਾਂ ਤੱਕ ਪਹੁੰਚ ਕਰਨ ਲਈ ਪੜਾਅਵਾਰ ਮੁਹਿੰਮ ਆਰੰਭੀ ਜਾ ਰਹੀ ਹੈ। ਪਹਿਲੇ ਪੜਾਅ ਵਿੱਚ ਦੇਸ਼ ਦੀ ਆਜ਼ਾਦੀ ਵਾਲੇ ਦਿਹਾੜੇ 15 ਅਗਸਤ ਤੋਂ 15 ਸਤੰਬਰ ਤੱਕ ਲਗਾਤਾਰ ਇੱਕ ਮਹੀਨਾ ਪੰਜਾਬ ਭਰ ਦੇ ਪਿੰਡਾਂ ’ਚ ਮੀਟਿੰਗਾਂ ਕੀਤੀਆਂ ਜਾਣਗੀਆਂ।ਦੂਜੇ ਪੜਾਅ ਵਿੱਚ ਪਾਰਟੀ ਮੈਂਬਰਾਂ ਦੀਆਂ ਬਲਾਕ, ਤਹਿਸੀਲ ਅਤੇ ਜ਼ਿਲ੍ਹਾ ਪੱਧਰ ਦੀਆਂ ਜਨਰਲ ਬਾਡੀ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਤੀਜੇ ਪੜਾਅ ਵਿੱਚ ਪੰਜਾਬ ’ਚ ਮਾਝੇ ਦੀ ਅੰਮਿ੍ਰਤਸਰ ਰੈਲੀ ਹੋਵੇਗੀ ਜਿਸ ’ਚ ਅੰਮਿ੍ਰਤਸਰ, ਤਰਨਤਾਰਨ, ਗੁਰਦਾਸਪੁਰ ਤੇ ਪਠਾਨਕੋਟ ਦੇ ਲੋਕਾਂ ਦੀ ਸ਼ਮੂਲੀਅਤ ਹੋਵੇਗੀ।ਇਸੇ ਤਰ੍ਹਾਂ ਲੁਧਿਆਣਾ, ਮੋਗਾ, ਮਾਨਸਾ ਜਾਂ ਬਠਿੰਡਾ ਤੇ ਸੰਗਰੂਰ ਵਿਖੇ ਇਲਾਕਾਈ ਪੱਧਰੀ ਰੈਲੀਆਂ ਨਵੰਬਰ ਤੇ ਦਸੰਬਰ ਦੇ ਸ਼ੁਰੂ ਵਿੱਚ ਹੋਣਗੀਆਂ।ਮੀਟਿੰਗ ਦਾ ਫੈਸਲਾ ਦੱਸਦਿਆਂ ਸੀ. ਪੀ. ਆਈ. ਤਰਨਤਾਰਨ ਜ਼ਿਲ੍ਹੇ ਦੇ ਸਕੱਤਰ ਦਵਿੰਦਰ ਸੋਹਲ ਨੇ ਕਿਹਾ ਕਿ ਬ੍ਰਾਂਚ ਮੀਟਿੰਗਾਂ ਦੀ ਸ਼ੁਰੂਆਤ 15 ਅਗਸਤ ਨੂੰ ਭਿੱਖੀਵਿੰਡ ਤੋਂ ਹੋਵੇਗੀ।ਸੀ. ਪੀ. ਆਈ. ਦੀ ਸਕੱਤਰੇਤ ਮੈਂਬਰ ਦੇਵੀ ਕੁਮਾਰੀ ਨੇ ਕਿਹਾ ਕਿ ਉਕਤ ਪ੍ਰੋਗਰਾਮ ਤੋਂ ਇਲਾਵਾ ਸਰਬ ਭਾਰਤ ਨੌਜਵਾਨ ਸਭਾ, ਏਆਈਐੱਸਐੱਫ, ਪੰਜਾਬ ਖੇਤ ਮਜ਼ਦੂਰ ਸਭਾ, ਕਿਸਾਨ ਸਭਾ, ਏਟਕ ਤੇ ਨਰੇਗਾ ਮਜ਼ਦੂਰਾਂ ਦੀ ਜਥੇਬੰਦੀ ਨੂੰ ਸਰਗਰਮ ਕਰਨ ਲਈ ਪਹਿਲਾਂ ਇਨ੍ਹਾਂ ਦੀਆਂ ਮੀਟਿੰਗਾਂ, ਫਿਰ ਇਨ੍ਹਾਂ ਜਥੇਬੰਦੀਆਂ ਦੀ ਆਗੂ ਟੀਮ ਦੇ ਸਕੂਲ ਲੱਗਣਗੇ ਤੇ ਜ਼ਿਲ੍ਹਾ ਪੱਧਰ ਦੀਆਂ ਕਨਵੈਨਸ਼ਨਾਂ ਵੀ ਕੀਤੀਆਂ ਜਾਣਗੀਆਂ।ਮੀਟਿੰਗ ਨੂੰ ਪਾਰਟੀ ਦੇ ਮੀਤ ਸਕੱਤਰ ਗੁਰਦਿਆਲ ਸਿੰਘ ਖਡੂਰ ਸਾਹਿਬ, ਤਾਰਾ ਸਿੰਘ ਖਹਿਰਾ, ਰਜਿੰਦਰ ਪਾਲ ਕੌਰ, ਸੀਮਾ ਸੋਹਲ ਤੇ ਕਿਰਨਜੀਤ ਕੌਰ ਵਲਟੋਹਾ ਨੇ ਵੀ ਸੰਬੋਧਨ ਕੀਤਾ ।