33.9 C
Jalandhar
Saturday, October 19, 2024
spot_img

ਉੱਸਰਦਾ-ਉੱਸਰਦਾ ਤੀਜੀ ਵਾਰ ਡਿੱਗਿਆ

ਪਟਨਾ : ਅਗੁਵਾਨੀ ਘਾਟ ਤੇ ਸੁਲਤਾਨਗੰਜ ਵਿਚਾਲੇ ਗੰਗਾ ’ਤੇ ਉੱਸਰ ਰਿਹਾ ਫੋਰ-ਲੇਨ ਪੁਲ ਦਾ ਇਕ ਹਿੱਸਾ ਸ਼ਨੀਵਾਰ ਸਵੇਰੇ ਢਹਿ ਗਿਆ। ਸੜਕ ਉਸਾਰੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਪੁਲ ਤੀਜੀ ਵਾਰ ਡਿੱਗਿਆ ਹੈ। ਐਤਕੀਂ ਗੰਗਾ ਵਿਚ ਪਾਣੀ ਵਧਣ ਕਾਰਨ ਥੰਮ੍ਹ ਨੰਬਰ 9 ਤੇ 10 ਵਿਚਕਾਰਲਾ ਹਿੱਸਾ ਡਿੱਗਿਆ ਹੈ। ਐੱਸ ਪੀ ਸਿੰਗਲਾ ਕੰਸਟ੍ਰਕਸ਼ਨ ਪ੍ਰਾ. ਲਿਮਟਿਡ ਵੱਲੋਂ ਬਿਹਾਰ ਰਾਜ ਪੁਲ ਨਿਰਮਾਣ ਨਿਗਮ ਲਿਮਟਿਡ ਲਈ ਇਹ ਪੁਲ 1710 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਆਈ ਆਈ ਟੀ ਰੁੜਕੀ ਦੇ ਮਾਹਰਾਂ ਨੇ ਕਿਹਾ ਸੀ ਕਿ ਪੁਲ ਦਾ ਡਿਜ਼ਾਈਨ ਠੀਕ ਨਹੀਂ। ਇਸ ਦੇ ਬਾਵਜੂਦ ਵਿਭਾਗ ਨੇ ਕੰਪਨੀ ਨੂੰ ਬਲੈਕ ਲਿਸਟ ਕਰਨ ਦੀ ਥਾਂ ਉਸੇ ਤੋਂ ਕੰਮ ਕਰਾਉਣਾ ਠੀਕ ਸਮਝਿਆ। ਕੁਝ ਲੋਕਾਂ ਨੇ ਪਟਨਾ ਹਾਈ ਕੋਰਟ ਵਿਚ ਪਹੁੰਚ ਕਰਕੇ ਕਿਹਾ ਸੀ ਕਿ ਘਟੀਆ ਮਟੀਰੀਅਲ ਵਰਤਿਆ ਜਾ ਰਿਹਾ ਹੈ, ਪਰ ਸਰਕਾਰ ਨੇ ਪਰਵਾਹ ਨਹੀਂ ਕੀਤੀ।
ਵੇਣੂਗੋਪਾਲ ਪੀ ਏ ਸੀ ਦੇ ਚੇਅਰਮੈਨ
ਨਵੀਂ ਦਿੱਲੀ : ਮੁੱਖ ਸੰਸਦੀ ਕਮੇਟੀਆਂ ਦਾ ਐਲਾਨ ਕਰਦੇ ਹੋਏ ਲੋਕ ਸਭਾ ਸਕੱਤਰੇਤ ਨੇ ਕਿਹਾ ਹੈ ਕਿ ਲੋਕ ਲੇਖਾ ਕਮੇਟੀ (ਪੀ ਏ ਸੀ) ਦੀ ਅਗਵਾਈ ਕਾਂਗਰਸ ਨੇਤਾ ਕੇ ਸੀ ਵੇਣੂਗੋਪਾਲ ਕਰਨਗੇ। ਭਾਜਪਾ ਦੇ ਸੰਜੇ ਜੈਸਵਾਲ ਅਨੁਮਾਨ ਕਮੇਟੀ ਦੀ ਪ੍ਰਧਾਨਗੀ ਕਰਨਗੇ, ਜਦੋਂ ਕਿ ਉਨ੍ਹਾ ਦੀ ਪਾਰਟੀ ਦੇ ਸਹਿਯੋਗੀ ਬੈਜਯੰਤ ਪਾਂਡਾ ਪਬਲਿਕ ਅੰਡਰਟੇਕਿੰਗਜ਼ ਕਮੇਟੀ ਦੇ ਮੁਖੀ ਹੋਣਗੇ। ਇਹ ਤਿੰਨੋਂ ਸੰਸਦ ਦੀਆਂ ਪ੍ਰਮੁੱਖ ਵਿੱਤੀ ਕਮੇਟੀਆਂ ਹਨ, ਜਿਨ੍ਹਾਂ ਦਾ ਕੰਮ ਸਰਕਾਰ ਦੇ ਖਾਤਿਆਂ ਅਤੇ ਜਨਤਕ ਅਦਾਰਿਆਂ ਦੇ ਕੰਮਕਾਜ ’ਤੇ ਨਜ਼ਰ ਰੱਖਣਾ ਹੈ। ਤਿੰਨੋਂ ਕਮੇਟੀਆਂ ਦਾ ਕਾਰਜਕਾਲ ਇੱਕ ਸਾਲ ਦਾ ਹੁੰਦਾ ਹੈ ਅਤੇ ਇਨ੍ਹਾਂ ’ਚ ਲੋਕ ਸਭਾ ਅਤੇ ਰਾਜ ਸਭਾ ਦੋਵਾਂ ਦੇ ਮੈਂਬਰ ਸ਼ਾਮਲ ਹੁੰਦੇ ਹਨ, ਜਿਨ੍ਹਾਂ ਦੀ ਚੋਣ ਦੋਵਾਂ ਸਦਨਾਂ ਦੁਆਰਾ ਕੀਤੀ ਜਾਂਦੀ ਹੈ।
ਐੱਕਸਪ੍ਰੈੱਸ ਦੇ 20 ਡੱਬੇ ਉਤਰੇ
ਲਖਨਊ : ਵਾਰਾਨਸੀ ਤੋਂ ਅਹਿਮਦਾਬਾਦ ਜਾ ਰਹੀ ਸਾਬਰਮਤੀ ਐੱਕਸਪ੍ਰੈੱਸ ਦੇ ਘੱਟੋ-ਘੱਟ 20 ਡੱਬੇ ਸ਼ੁੱਕਰਵਾਰ ਦੇਰ ਰਾਤ ਕਰੀਬ ਢਾਈ ਵਜੇ ਕਾਨਪੁਰ ਦੇ ਗੋਵਿੰਦਪੁਰੀ ਸਟੇਸ਼ਨ ਨੇੜੇ ਪਟੜੀ ਤੋਂ ਉਤਰ ਗਏ। ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ। ਡਰਾਈਵਰ ਨੇ ਦੱਸਿਆ ਕਿ ਵੱਡਾ ਪੱਥਰ ਰੇਲ ਗੱਡੀ ਦੇ ਇੰਜਣ ਨਾਲ ਟਕਰਾਅ ਗਿਆ, ਜਿਸ ਕਾਰਨ ਇਸ ਦੇ ਅਗਲੇ ਹਿੱਸੇ ਵਿਚ ਪਸ਼ੂਆਂ ਤੋਂ ਬਚਾਅ ਲਈ ਲਗਾਇਆ ਗਿਆ ‘ਕੈਟਲ ਗਾਰਡ’ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਅਤੇ ਮੁੜ ਗਿਆ। ਇੰਟੈਲੀਜੈਂਸ ਬਿਊਰੋ ਅਤੇ ਯੂ ਪੀ ਪੁਲਸ ਸ਼ਰਾਰਤੀ ਜਾਂ ਸਮਾਜ ਵਿਰੋਧੀ ਅਨਸਰਾਂ ਦੀ ਸ਼ਮੂਲੀਅਤ ਦੀ ਜਾਂਚ ਕਰ ਰਹੀ ਹੈ, ਕਿਉਂਕਿ ਪਹਿਲੀ ਨਜ਼ਰ ’ਚ ਇੰਝ ਜਾਪਦਾ ਹੈ ਕਿ ਇੰਜਣ ਟਰੈਕ ’ਤੇ ਰੱਖੀ ਕਿਸੇ ਵਸਤੂ ਨਾਲ ਟਕਰਾਅ ਗਿਆ ਸੀ।
ਰਾਣਾ ਨੂੰ ਅਮਰੀਕੀ ਕੋਰਟ ਦਾ ਝਟਕਾ
ਵਾਸ਼ਿੰਗਟਨ : ਮੁੰਬਈ ਵਿਚ ਹੋਏ ਅੱਤਵਾਦੀ ਹਮਲਿਆਂ ਵਿਚ ਸ਼ਾਮਲ ਹੋਣ ਦੇ ਮੁਲਜ਼ਮ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਤਹੱਵੁਰ ਰਾਣਾ ਨੂੰ ਵੱਡਾ ਝਟਕਾ ਦਿੰਦੇ ਹੋਏ ਅਮਰੀਕੀ ਅਦਾਲਤ ਨੇ ਫੈਸਲਾ ਸੁਣਾਇਆ ਹੈ ਕਿ ਹਵਾਲਗੀ ਸੰਧੀ ਤਹਿਤ ਉਸ ਨੂੰ ਭਾਰਤ ਹਵਾਲੇ ਕੀਤਾ ਜਾ ਸਕਦਾ ਹੈ। ਯੂ ਐੱਸ ਕੋਰਟ ਆਫ ਅਪੀਲਜ਼ ਨੇ ਕਿਹਾਭਾਰਤ ਤੇ ਅਮਰੀਕਾ ਵਿਚਾਲੇ ਹਵਾਲਗੀ ਸੰਧੀ ਰਾਣਾ ਦੀ ਹਵਾਲਗੀ ਦੀ ਇਜਾਜ਼ਤ ਦਿੰਦੀ ਹੈ। ਰਾਣਾ ਨੇ ਕੈਲੀਫੋਰਨੀਆ ਸਥਿਤ ਅਮਰੀਕੀ ਜ਼ਿਲ੍ਹਾ ਅਦਾਲਤ ਦੇ ਹੁਕਮਾਂ ਵਿਰੁੱਧ ਯੂ ਐੱਸ ਕੋਰਟ ਆਫ ਅਪੀਲਜ਼ ’ਚ ਪਟੀਸ਼ਨ ਦਾਇਰ ਕੀਤੀ ਸੀ। ਅਮਰੀਕੀ ਜੇਲ੍ਹ ’ਚ ਬੰਦ ਰਾਣਾ ਨੂੰ ਪਾਕਿਸਤਾਨੀ-ਅਮਰੀਕੀ ਅੱਤਵਾਦੀ ਡੇਵਿਡ ਕੋਲਮੈਨ ਹੈਡਲੀ ਦਾ ਸਹਿਯੋਗੀ ਮੰਨਿਆ ਜਾਂਦਾ ਹੈ, ਜੋ 26 ਨਵੰਬਰ 2008 ਦੇ ਮੁੰਬਈ ਹਮਲਿਆਂ ਦੇ ਮੁੱਖ ਸਾਜ਼ਿਸ਼ਘਾੜਿਆਂ ਵਿੱਚੋਂ ਇੱਕ ਸੀ।

Related Articles

LEAVE A REPLY

Please enter your comment!
Please enter your name here

Latest Articles