20.9 C
Jalandhar
Friday, October 18, 2024
spot_img

ਨਾਭਾ ਜੇਲ੍ਹ ਬਰੇਕ ਕਾਂਡ ਦੇ ਮਾਸਟਰਮਾਈਂਡ ਰੋਮੀ ਨੂੰ ਹਾਂਗਕਾਂਗ ਤੋਂ ਭਾਰਤ ਲਿਆਂਦਾ

ਚੰਡੀਗੜ੍ਹ : 2016 ਦੀ ਨਾਭਾ ਜੇਲ੍ਹ ਬਰੇਕ ਦੇ ਮਾਸਟਰਮਾਈਂਡ ਰਮਨਜੀਤ ਸਿੰਘ ਰੋਮੀ ਨੂੰ ਵੀਰਵਾਰ ਹਾਂਗਕਾਂਗ ਤੋਂ ਭਾਰਤ ਲੈ ਆਂਦਾ ਗਿਆ। ਪੰਜਾਬ ਦੇ ਏ ਆਈ ਜੀ ਹਰਵਿੰਦਰ ਸਿੰਘ ਵਿਰਕ ਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਡੀ ਐੱਸ ਪੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਟੀਮ ਉਸ ਨੂੰ ਹਾਂਗਕਾਂਗ ਤੋਂ ਲੈ ਕੇ ਆਈ। 35 ਸਾਲਾ ਰੋਮੀ ਹਾਂਗਕਾਂਗ ਦਾ ਪਰਮਾਨੈਂਟ ਰੈਜ਼ੀਡੈਂਟ ਬਣ ਗਿਆ ਸੀ। ਏ ਆਈ ਜੀ ਗੁਰਮੀਤ ਸਿੰਘ ਚੌਹਾਨ ਦੀ ਅਗਵਾਈ ਵਾਲੀ ਟੀਮ ਉਸ ਨੂੰ ਪੰਜਾਬ ਲਿਆਉਣ ਲਈ ਦਿੱਲੀ ਪੁੱਜ ਗਈ ਸੀ।
ਡੀ ਜੀ ਪੀ ਪੰਜਾਬ ਗੌਰਵ ਯਾਦਵ ਨੇ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਮੀ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਹਰਮਿੰਦਰ ਸਿੰਘ ਮਿੰਟੂ ਅਤੇ ਕਸ਼ਮੀਰ ਸਿੰਘ ਗਲਵੱਢੀ ਸਮੇਤ ਹੋਰ ਫਰਾਰ ਅਪਰਾਧੀਆਂ ਦੇ ਸੰਪਰਕ ’ਚ ਰਿਹਾ। ਰੋਮੀ ਖਿਲਾਫ ਲੁੱਕ ਆਊਟ ਸਰਕੂਲਰ ਅਤੇ ਰੈੱਡ ਕਾਰਨਰ ਨੋਟਿਸ ਜਾਰੀ ਕੀਤੇ ਗਏ ਸਨ ਅਤੇ ਉਹਨੂੰ ਗਿ੍ਰਫਤਾਰ ਕਰਨ ਵਾਸਤੇ ਹਾਂਗਕਾਂਗ ਸਰਕਾਰ ਦੇ ਨਾਲ 2018 ’ਚ ਹਵਾਲਗੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। ਡੀ ਜੀ ਪੀ ਨੇ ਕਿਹਾਅਸੀਂ ਅੰਤਰਰਾਸ਼ਟਰੀ ਸਹਿਯੋਗ ਦੇ ਹਿੱਸੇ ਵਜੋਂ ਹਾਂਗਕਾਂਗ ਦੇ ਅਧਿਕਾਰੀਆਂ, ਸੀ ਬੀ ਆਈ, ਗ੍ਰਹਿ ਮੰਤਰਾਲੇ, ਵਿਦੇਸ਼ ਮੰਤਰਾਲੇ ਅਤੇ ਹੋਰ ਸਾਰੀਆਂ ਕੇਂਦਰੀ ਏਜੰਸੀਆਂ ਦਾ ਧੰਨਵਾਦ ਕਰਦੇ ਹਾਂ।
ਰੋਮੀ 2018 ਤੋਂ ਹਾਂਗਕਾਂਗ ਵਿਚ ਨਜ਼ਰਬੰਦ ਸੀ। ਉਸ ਨੂੰ ਉੱਥੇ ਕੋਲੂਨ ਵਿਖੇ ਚੋਈ ਹੰਗ ਅਸਟੇਟ ਵਿਚ ਡਾਕੇ ਦੇ ਸੰਬੰਧ ਵਿਚ ਗਿ੍ਰਫਤਾਰ ਕੀਤਾ ਗਿਆ ਸੀ। ਉੱਥੋਂ ਦੀਆਂ ਅਦਾਲਤਾਂ ਨੇ ਦੋ ਵਾਰ ਉਸ ਨੂੰ ਭਾਰਤ ਹਵਾਲੇ ਕਰਨ ਤੋਂ ਨਾਂਹ ਕਰ ਦਿੱਤੀ ਸੀ। ਆਖਰ 6 ਅਗਸਤ ਨੂੰ ਉਸ ਨੂੰ ਭਾਰਤ ਹਵਾਲੇ ਕਰਨ ਦੀ ਮੰਗ ਮੰਨੀ ਗਈ। ਇਸੇ ਦੌਰਾਨ ਬੁੱਧਵਾਰ ਰੋਮੀ ਦੇ ਫੇਸਬੁਕ ਖਾਤੇ ਵਿਚ ਇਕ ਪੋਸਟ ਵੀ ਨਸ਼ਰ ਹੋਈ, ਜਿਸ ਵਿਚ ਦਾਅਵਾ ਕੀਤਾ ਗਿਆ ਕਿ ਉਸ ਨੇ ਆਤਮ-ਸਮਰਪਣ ਕੀਤਾ ਹੈ ਅਤੇ ਭਾਰਤ ਸਰਕਾਰ ਨੇ ਉਸ ਨੂੰ ‘ਭਰੋਸੇ’ ਦਿੱਤੇੇ ਹਨ। ਇਨ੍ਹਾਂ ਵਿਚ ਇੱਕ ਇਹ ਹੈ ਕਿ ਪੰਜਾਬ ਪੁਲਸ ਉਸ ਦਾ ਪੁਲਸ ਰਿਮਾਂਡ ਨਹੀਂ ਲਵੇਗੀ ਤੇ ਉਹ ਜੁਡੀਸ਼ੀਅਲ ਹਿਰਾਸਤ ਵਿਚ ਰਹੇਗਾ। ਉਹ 22 ਅਗਸਤ ਨੂੰ ਭਾਰਤ ਪੁੱਜੇਗਾ।
ਹਥਿਆਰ ਤੇ ਫੇਕ ਕ੍ਰੈਡਿਟ ਕਾਰਡ ਬਰਾਮਦ ਹੋਣ ਤੋਂ ਬਾਅਦ ਨਾਭਾ ਕੋਤਵਾਲੀ ਵਿਚ ਦਰਜ ਕੇਸ ਦੇ ਸੰਬੰਧ ਵਿਚ ਰੋਮੀ ਨੂੰ ਜੂਨ 2016 ਵਿਚ ਗਿ੍ਰਫਤਾਰ ਕੀਤਾ ਗਿਆ ਸੀ। ਅਗਸਤ 2016 ਵਿਚ ਜ਼ਮਾਨਤ ਮਿਲਣ ’ਤੇ ਉਹ ਹਾਂਗਕਾਂਗ ਭੱਜ ਗਿਆ ਸੀ। 27 ਨਵੰਬਰ 2016 ਵਿਚ ਇੱਕ ਗਰੁੱਪ ਨੇ ਨਾਭਾ ਜੇਲ੍ਹ ਵਿਚ ਅੰਨ੍ਹੇਵਾਹ ਫਾਇਰਿੰਗ ਕਰਕੇ ਛੇ ਅੱਤ ਲੋੜੀਂਦੇ ਅਪਰਾਧੀਗੈਂਗਸਟਰ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ, ਨੀਟਾ ਦਿਓਲ, ਗੁਰਪ੍ਰੀਤ ਸੇਖੋਂ ਤੇ ਅਮਨ ਢੋਟੀਆਂ ਅਤੇ ਅੱਤਵਾਦੀ ਹਰਮਿੰਦਰ ਮਿੰਟੂ ਤੇ ਕਸ਼ਮੀਰ ਸਿੰਘ ਜੇਲ੍ਹ ਵਿੱਚੋਂ ਭਜਾ ਲਏ ਸਨ। ਸੇਖੋਂ, ਦਿਓਲ ਤੇ ਢੋਟੀਆਂ ਬਾਅਦ ਵਿਚ ਫੜੇ ਗਏ ਸਨ, ਗੌਂਡਰ ਪੁਲਸ ਮੁਕਾਬਲੇ ਵਿਚ ਮਾਰਿਆ ਗਿਆ ਸੀ। ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਹਰਮਿੰਦਰ ਸਿੰਘ ਮਿੰਟੂ ਦਿੱਲੀ ਤੋਂ ਫੜਿਆ ਗਿਆ ਸੀ ਤੇ ਬਾਅਦ ਵਿਚ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਜੇਲ੍ਹ ਵਿਚ ਮੌਤ ਹੋ ਗਈ ਸੀ। ਕਸ਼ਮੀਰ ਸਿੰਘ ਅਜੇ ਵੀ ਫਰਾਰ ਹੈ। ਪਟਿਆਲਾ ਕੋਰਟ ਦੇ ਸਪੈਸ਼ਲ ਜੱਜ ਐੱਚ ਐੱਸ ਗਰੇਵਾਲ ਨੇ ਪਿਛਲੇ ਸਾਲ ਮਾਰਚ ਵਿਚ ਜੇਲ੍ਹ ਬਰੇਕ ਕਾਂਡ ਵਿਚ 22 ਜਣਿਆਂ ਨੂੰ ਦੋਸ਼ੀ ਠਹਿਰਾਇਆ ਸੀ ਤੇ 6 ਨੂੰ ਬਰੀ ਕਰ ਦਿੱਤਾ ਸੀ। ਪੁਲਸ ਮੁਤਾਬਕ ਜੇਲ੍ਹ ਬਰੇਕ ਪਿੱਛੇ ਦਿਮਾਗ ਰੋਮੀ ਦਾ ਸੀ ਅਤੇ ਉਸ ਨੇ ਪੈਸੇ ਤੇ ਹਥਿਆਰਾਂ ਦਾ ਪ੍ਰਬੰਧ ਕੀਤਾ ਸੀ। ਰੋਮੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੰਗੀ ਰੁਲਦੂ ਦਾ ਹੈ। ਪੁਲਸ ਮੁਤਾਬਕ ਜੂਨ 2016 ਵਿਚ ਫੜੇ ਜਾਣ ਤੋਂ ਬਾਅਦ ਨਾਭਾ ਜੇਲ੍ਹ ਵਿਚ ਉਸ ਨੇ ਕਈ ਅਪਰਾਧੀਆਂ ਤੇ ਅੱਤਵਾਦੀਆਂ ਨਾਲ ਲਿੰਕ ਬਣਾ ਲਏ ਸਨ। ਪੁਲਸ ਮੁਤਾਬਕ ਉਹ ਪੰਜਾਬ ਦੇ ਗੈਂਗਸਟਰਾਂ ਤੇ ਆਈ ਐੱਸ ਆਈ ਦੀ ਹਮਾਇਤ ਹਾਸਲ ਦਹਿਸ਼ਤਗਰਦਾਂ ਵਿਚਾਲੇ ਲਿੰਕ ਵਜੋਂ ਕੰਮ ਕਰਦਾ ਰਿਹਾ ਹੈ।

Related Articles

LEAVE A REPLY

Please enter your comment!
Please enter your name here

Latest Articles