ਬਜਟ ਨੇ ਸਿਹਤ ਸੰਭਾਲ ਨਾਲ ਮਜ਼ਾਕ ਕੀਤਾ : ਅਰੁਣ ਮਿੱਤਰਾ

0
3

ਲੁਧਿਆਣਾ (ਐੱਮ ਐੱਸ ਭਾਟੀਆ)
ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈਲਪਮੈਂਟ (ਆਈ ਡੀ ਪੀ ਡੀ) ਦੇ ਕੌਮੀ ਪ੍ਰਧਾਨ ਡਾਕਟਰ ਅਰੁਣ ਮਿੱਤਰਾ ਨੇ ਕਿਹਾ ਹੈ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਵੱਲੋਂ ਪੇਸ਼ ਕੀਤੇ ਗਏ ਬਜਟ ਵਿੱਚ ਸਿਹਤ ਸੰਭਾਲ ਨਾਲ ਮਜ਼ਾਕ ਕੀਤਾ ਗਿਆ ਹੈ। ਸਿਹਤ ਸੰਭਾਲ ਲਈ 53.5 ਲੱਖ ਕਰੋੜ ਰੁਪਏ ਦੇ ਬੱਜਟ ਵਿੱਚੋਂ ਕੇਵਲ 1.96 ਪ੍ਰਤੀਸ਼ਤ ਅਲਾਟ ਕੀਤਾ ਗਿਆ ਹੈ।
ਪਿਛਲੇ ਸਾਲ 1.89 ਫੀਸਦੀ ਅਲਾਟ ਕੀਤਾ ਗਿਆ ਸੀ। ਏਨਾ ਵਾਧਾ ਤਾਂ ਵਧੀ ਹੋਈ ਮਹਿੰਗਾਈ ਨੂੰ ਵੀ ਪੂਰਾ ਨਹੀਂ ਕਰਦਾ ਤੇ ਇਹ ਸਿਹਤ ਸੰਭਾਲ ਦੀਆਂ ਲੋੜਾਂ ਲਈ ਹਰ ਪਾਸਿਓਂ ਨਾਕਾਫੀ ਹੈ। ਸਰਕਾਰੀ ਖਰਚਾ ਸਿਹਤ ਸੰਭਾਲ ਤੇ ਨਾ-ਮਾਤਰ ਹੋਣ ਕਾਰਨ ਲੋਕਾਂ ਨੂੰ ਜੇਬ ਵਿੱਚੋਂ ਖਰਚ ਕਰਨਾ ਪੈਂਦਾ ਹੈ, ਜਿਸ ਕਾਰਨ ਹਰ ਸਾਲ 6 ਫੀਸਦੀ ਆਬਾਦੀ ਗਰੀਬੀ ਵੱਲ ਧੱਕੀ ਜਾਂਦੀ ਹੈ। ਸਿਹਤ ਸੇਵਾਵਾਂ ’ਤੇ ਸਭ ਤੋਂ ਘੱਟ ਸਰਕਾਰੀ ਖਰਚ ਕਰਨ ਵਾਲੇ ਸਾਡੇ ਤੋਂ ਥੱਲੇ ਦੁਨੀਆ ਵਿੱਚ ਕੇਵਲ 10 ਦੇਸ਼ ਹਨ। ਇਹ ਉਸ ਵੇਲੇ ਹੈ, ਜਦੋਂ ਕਿ ਭਾਰਤ ਸਰਕਾਰ ਆਪਣੇ-ਆਪ ਨੂੰ ਵਿਸ਼ਵ ਦੀ ਚੌਥੀ ਆਰਥਿਕਤਾ ਦਾ ਢੰਡੋਰਾ ਪਿੱਟ ਰਹੀ ਹੈ। ਇਸ ਕਾਰਨ ਸਾਡੇ ਦੇਸ਼ ਦੇ ਸਿਹਤ ਸੰਬੰਧੀ ਸੂਚਕ ਅੰਕ ਬਹੁਤ ਕਮਜ਼ੋਰ ਹਨ ਤੇ ਬਿ੍ਰਕਸ ਦੇ ਦੇਸ਼ਾਂ ਵਿੱਚੋਂ ਅਸੀਂ ਸਭ ਤੋਂ ਬਹੁਤ ਪਿੱਛੇ ਹਾਂ। 2010 ਵਿੱਚ ਸਿਹਤ ਸੰਬੰਧੀ ਜਾਣਕਾਰੀ ਇਕੱਤਰ ਕਰਨ ਲਈ ਇੱਕ ਉੱਚ ਪੱਧਰੀ ਕਮੇਟੀ ਨੇ ਸਿਹਤ ਸੰਭਾਲ ਤੇ ਬੱਜਟ ਦਾ ਘੱਟੋ-ਘੱਟ 5 ਫੀਸਦੀ ਖਰਚਾ ਕਰਨ ਦੀ ਸਿਫਾਰਸ਼ ਕੀਤੀ ਸੀ, ਪਰ ਇਸ ਸਾਰੇ ਨੂੰ ਅਣਗੌਲਿਆ ਕਰ ਦਿੱਤਾ ਗਿਆ ਹੈ।