ਲੁਧਿਆਣਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੁਧਿਆਣਾ ਦੇ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਟਰਮੀਨਲ ਇਮਾਰਤ ਦੇ ਉਦਘਾਟਨ ਮੌਕੇ ਭਾਰਤ ਸਰਕਾਰ ਨੂੰ ਹਵਾਈ ਅੱਡੇ ਦਾ ਨਾਂਅ ਮਹਾਨ ਸ਼ਹੀਦ, ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂਅ ਤੇ ਰੱਖਣ ਦੀ ਮੰਗ ਨੂੰ ਦੁਹਰਾਉਦਿਆਂ ਕਿਹਾ ਕਿ ਇਹ ਕਦਮ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਸਭ ਤੋਂ ਛੋਟੀ ਉਮਰ ਦੇ ਨਾਇਕਾਂ ਵਿੱਚੋਂ ਇੱਕ ਨਾਇਕ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ।
ਮੁੱਖ ਮੰਤਰੀ ਨੇ ਕੇਂਦਰ ਨੂੰ ਮੁਹਾਲੀ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਉਡਾਣਾਂ ਵਿੱਚ ਵਾਧਾ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾ ਕਿਹਾ ਕਿ ਪੰਜਾਬ ਇੱਕ ਅਜਿਹੇ ਪਲ ਵੱਲ ਲਗਾਤਾਰ ਵਧ ਰਿਹਾ ਹੈ ਜਿੱਥੇ ਇਸ ਦੇ ਚਾਰੇ ਹਵਾਈ ਅੱਡਿਆਂ ਦੇ ਨਾਂਅ ਸੂਬੇ ਦੇ ਮਹਾਨ ਗੁਰੂਆਂ ਅਤੇ ਸ਼ਹੀਦਾਂ ਦੇ ਨਾਂਅ ਉੱਤੇ ਰੱਖੇ ਜਾਣਗੇ, ਜੋ ਆਧੁਨਿਕ ਬੁਨਿਆਦੀ ਢਾਂਚੇ ਨੂੰ ਸੂਬੇ ਦੀ ਅਧਿਆਤਮਕ ਅਤੇ ਇਨਕਲਾਬੀ ਵਿਰਾਸਤ ਨਾਲ ਜੋੜਨਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਵਾਈ ਅੱਡੇ ਦੇ ਵਰਚੁਅਲ ਉਦਘਾਟਨ ਦੌਰਾਨ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕਿੰਜਰਾਪੂ ਰਾਮ ਮੋਹਨ ਨਾਇਡੂ ਦੀ ਮੌਜੂਦਗੀ ਵਿੱਚ ਇਹ ਮੁੱਦਾ ਉਠਾਉਦਿਆਂ ਮਾਨ ਨੇ ਕਿਹਾ, ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਸਿਰਫ 19 ਸਾਲ ਦੀ ਉਮਰ ਵਿੱਚ ਮਾਤਭੂਮੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਉਨ੍ਹਾ ਦੀ ਮਹਾਨ ਕੁਰਬਾਨੀ ਨੇ ਲੱਖਾਂ ਲੋਕਾਂ ਨੂੰ ਬਿ੍ਰਟਿਸ਼ ਸਾਮਰਾਜਵਾਦ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਪ੍ਰੇਰਤ ਕੀਤਾ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਵੀ ਉਨ੍ਹਾ ਨੂੰ ਆਪਣਾ ਰੋਲ ਮਾਡਲ ਮੰਨਦੇ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਹਲਵਾਰਾ ਹਵਾਈ ਅੱਡੇ ਦਾ ਨਾਂਅ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂਅ ਤੇ ਰੱਖਣਾ ਇਸ ਮਹਾਨ ਸ਼ਹੀਦ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ ਜੋ ਇਸ ਖੇਤਰ ਨਾਲ ਸੰਬੰਧਤ ਸੀ ਅਤੇ ਹਵਾਬਾਜ਼ੀ ਵਿੱਚ ਕਰੀਅਰ ਬਣਾਉਣ ਲਈ ਬਰਕਲੇ ਯੂਨੀਵਰਸਿਟੀ ਗਿਆ ਸੀ, ਪਰ ਉਸ ਨੇ ਵਾਪਸ ਆਉਣ ਦੀ ਬਜਾਇ ਆਜ਼ਾਦੀ ਅੰਦੋਲਨ ਲਈ ਆਪਣਾ ਜੀਵਨ ਸਮਰਪਤ ਕਰਨ ਦਾ ਰਾਹ ਚੁਣਿਆ। ਮਾਨ ਨੇ ਕਿਹਾ ਕਿ ਜੇਕਰ ਹਲਵਾਰਾ ਹਵਾਈ ਅੱਡੇ ਦਾ ਨਾਂਅ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂਅ ’ਤੇ ਰੱਖਿਆ ਜਾਂਦਾ ਹੈ ਤਾਂ ਪੰਜਾਬ ਦੇ ਚਾਰ ਹਵਾਈ ਅੱਡਿਆਂ ਵਿੱਚੋਂ ਦੋ ਦਾ ਨਾਂਅ ਸਤਿਕਾਰਯੋਗ ਗੁਰੂਆਂ ਦੇ ਨਾਂਅ ਤੇ ਅਤੇ ਦੋ ਦਾ ਨਾਂਅ ਸ਼ਹੀਦਾਂ ਦੇ ਨਾਂਅ ’ਤੇ ਹੋ ਜਾਵੇਗਾ। ਉਨ੍ਹਾ ਕਿਹਾ, ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ, ਅੰਮਿ੍ਰਤਸਰ ਅਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਹਵਾਈ ਅੱਡਾ, ਆਦਮਪੁਰ ਦਾ ਨਾਂਅ ਗੁਰੂਆਂ ਦੇ ਨਾਂਅ ’ਤੇ ਰੱਖਿਆ ਗਿਆ ਹੈ, ਜਦੋਂ ਕਿ ਸ਼ਹੀਦ ਭਗਤ ਸਿੰਘ ਹਵਾਈ ਅੱਡਾ, ਮੁਹਾਲੀ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਹਵਾਈ ਅੱਡਾ, ਹਲਵਾਰਾ ਸਾਡੇ ਸ਼ਹੀਦਾਂ ਦੀ ਯਾਦ ਨੂੰ ਸਮਰਪਤ ਹੋਵੇਗਾ।
ਮਾਨ ਨੇ ਕਿਹਾ ਕਿ ਇਹ ਬਹੁਤ ਮਾਣ ਅਤੇ ਸੰਤੁਸ਼ਟੀ ਵਾਲੀ ਗੱਲ ਹੈ ਕਿ ਆਦਮਪੁਰ ਹਵਾਈ ਅੱਡੇ ਦਾ ਨਾਂਅ ਭਗਤੀ ਲਹਿਰ ਦੇ ਮਹਾਨ ਗੁਰੂ ਦੇ ਨਾਂਅ ਤੇ ਰੱਖਿਆ ਗਿਆ ਹੈ। ਉਨ੍ਹਾ ਕਿਹਾ, ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੁਆਰਾ ਸਮਾਨਤਾਵਾਦੀ ਸਮਾਜ ਦੀ ਸਿਰਜਣਾ ਲਈ ਦਿਖਾਇਆ ਗਿਆ ਰਾਹ ਸਾਡੀ ਸਰਕਾਰ ਦੀ ਜਨਤਾ ਦੀ ਸੇਵਾ ਕਰਨ ਦੀ ਵਚਨਬੱਧਤਾ ਦਾ ਮੁੱਖ ਥੰਮ੍ਹ ਹੈ। ਹਲਵਾਰਾ ਹਵਾਈ ਅੱਡੇ ਦੀ ਰਣਨੀਤਕ ਮਹੱਤਤਾ ਨੂੰ ਉਜਾਗਰ ਕਰਦਿਆਂ, ਮੁੱਖ ਮੰਤਰੀ ਨੇ ਕਿਹਾ ਕਿ ਇਸ ਹਵਾਈ ਅੱਡੇ ਨੇ ਸਾਲਾਂ ਦੌਰਾਨ ਅਹਿਮ ਭੂਮਿਕਾ ਨਿਭਾਈ ਹੈ ਅਤੇ ਮਹੱਤਵਪੂਰਨ ਕਾਰਜਾਂ ਦੌਰਾਨ ਹਥਿਆਰਬੰਦ ਸੈਨਾਵਾਂ ਵੱਲੋਂ ਇਸ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਉਨ੍ਹਾ ਨੇ ਹਲਵਾਰਾ ਵਿਖੇ ਟਰਮੀਨਲ, ਜਿਸ ਨੂੰ ਹੁਣ ਜਨਤਾ ਨੂੰ ਸਮਰਪਿਤ ਕਰ ਦਿੱਤਾ ਗਿਆ ਹੈ, ਨੂੰ ਵਿਕਸਤ ਕਰਨ ਵਿੱਚ ਯੋਗਦਾਨ ਪਾਉਣ ਲਈ ਭਾਰਤੀ ਹਥਿਆਰਬੰਦ ਸੈਨਾਵਾਂ ਦਾ ਧੰਨਵਾਦ ਕੀਤਾ। ਉਨ੍ਹਾ ਕਿਹਾ, ਸੂਬਾ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਇਸ ਹਵਾਈ ਅੱਡੇ ਤੋਂ ਸੰਪਰਕ ਵਧਾਉਣ ਲਈ ਭਾਰਤ ਸਰਕਾਰ ਨਾਲ ਵਿਚਾਰ-ਵਟਾਂਦਰਾ ਕਰੇਗੀ।ਪਹਿਲਾਂ ਕੀਤੇ ਗਏ ਉਪਰਾਲਿਆਂ ਨੂੰ ਯਾਦ ਕਰਦਿਆਂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ 22 ਮਾਰਚ, 2023 ਨੂੰ ਪੰਜਾਬ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਇੱਕ ਮਤਾ ਪਾਸ ਕੀਤਾ ਸੀ ਜਿਸ ਵਿੱਚ ਭਾਰਤ ਸਰਕਾਰ ਨੂੰ ਇੰਡੀਅਨ ਏਅਰ ਫੋਰਸ ਸਟੇਸ਼ਨ, ਹਲਵਾਰਾ, ਲੁਧਿਆਣਾ ਵਿਖੇ ਸਥਿਤ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਂਅ ਸ਼ਹੀਦ ਕਰਤਾਰ ਸਿੰਘ ਸਰਾਭਾ ਅੰਤਰਰਾਸ਼ਟਰੀ ਹਵਾਈ ਅੱਡਾ ਰੱਖਣ ਦੀ ਬੇਨਤੀ ਕੀਤੀ ਗਈ ਸੀ। ਹਵਾਈ ਅੱਡੇ ਦਾ ਨਾਂਅ ਉਨ੍ਹਾ ਦੇ ਨਾਂਅ ’ਤੇ ਰੱਖਣਾ ਉਨ੍ਹਾ ਦੇ ਬੇਮਿਸਾਲ ਯੋਗਦਾਨ ਨੂੰ ਇੱਕ ਨਿਮਰ ਸ਼ਰਧਾਂਜਲੀ ਹੋਵੇਗੀ।





